ਪੰਜਾਬ ’ਚ ਦੂਜੇ ਪੜਾਅ ਤਹਿਤ ਝੋਨੇ ਦੀ ਲੁਆਈ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੂਨ
ਪੰਜਾਬ ਵਿੱਚ ਦੂਜੇ ਪੜਾਅ ਤਹਿਤ ਝੋਨੇ ਦੀ ਲੁਹਾਈ ਅੱਜ 15 ਜੂਨ ਤੋਂ ਆਰੰਭ ਹੋ ਗਈ। ਇਸ ਤੋਂ ਪਹਿਲਾਂ 11 ਜੂਨ ਤੋਂ ਰਾਜ ਦੇ 6 ਜ਼ਿਲ੍ਹਿਆਂ ਮਾਨਸਾ, ਬਠਿੰਡਾ,ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਫਾਜ਼ਲਿਕਾ ਵਿੱਚ ਆਰੰਭ ਹੋ ਚੁੱਕੀ ਹੈ। ਅੱਜ ਮੋਗਾ, ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਐੱਸਏਐੱਸ ਨਗਰ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਅੰਮ੍ਰਿਤਸਰ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਝੋਨੇ ਦੀ ਇਹ ਲੁਵਾਈ ਸ਼ੁਰੂ ਹੋਈ ਹੈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ ਮੁੱਖ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕੇਏਪੀ ਸਿਨਹਾ ਦੇ ਜਾਰੀ ਕੀਤੇ ਹੁਕਮਾਂ ਅਨੁਸਾਰ ਝੋਨਾ ਲਾਉਣ ਲਈ ਕਿਸਾਨਾਂ ਨੂੰ ਫ਼ਸਲ ਪੱਕਣ ਤੱਕ ਘੱਟੋ-ਘੱਟ 8 ਘੰਟੇ ਰੋਜ਼ਾਨਾ ਟਿਊਬਵੈਲਾਂ ਲਈ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਦੀ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਵਿੱਚ ਅੱਜ ਦੂਜੇ ਪੜਾਅ ਵਜੋਂ ਝੋਨੇ ਦੀ ਲੁਵਾਈ ਆਰੰਭ ਹੋਈ ਹੈ, ਉਨ੍ਹਾਂ ਨੂੰ ਅੱਜ ਅੱਧੀ ਰਾਤ ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ 8 ਘੰਟੇ ਬਿਜਲੀ ਸਪਲਾਈ ਮਿਲੀ ਆਰੰਭ ਹੋ ਗਈ ਹੈ। ਪਿੰਡਾਂ ’ਚੋਂ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਵੀ ਬਹੁਤ ਰੁਝਾਨ ਵੱਧਿਆ ਹੈ।