ਹਿਮਾਚਲ ਪ੍ਰਦੇਸ਼ ਦੇ ਕੱਚੇ ਮਾਲ ਦੀ ਆੜ ਹੇਠ ਖਣਨ ਮਾਫੀਆ ਨੇ ਜੰਗਲਾਤ ਦੀ ਰਾਖਵੀਂ ਥਾਂ ਵੀ ਪੁੱਟੀ
ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 14 ਸਤੰਬਰ
ਰੂਪਨਗਰ ਜ਼ਿਲ੍ਹੇ ਦੇ ਪਿੰਡ ਮੰਗੂਵਾਲੀ ਦੀਵਾੜੀ ਨੇੜੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਬਾੜਾ , ਬਸੋਟ ਅਤੇ ਰਾਮਪੁਰ ਵਿਖੇ ਨਜਾਇਜ਼ ਮਾਇਨਿੰਗ ਕਰ ਰਹੇ ਮਾਫੀਏ ਨੇ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਦੇ ਭੁਲੇਖੇ ਪੰਜਾਬ ਦੇ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ਵੀ ਪੁੱਟ ਦਿੱਤੀ ਹੈ। ਪੁੱਟੀ ਗਈ ਜ਼ਮੀਨ ਅਜਿਹੀ ਜਗ੍ਹਾ ਤੇ ਸਥਿਤ ਹੈ, ਜਿੱਥੇ ਰਾਤ ਵੇਲੇ ਤਾਂ ਕੀ ਦਿਨ ਵਿੱਚ ਪੁੱਜਣ ਲਈ ਕੋਈ ਸਹੀ ਰਸਤਾ ਨਹੀਂ ਹੈ। ਜਦੋਂ ਤੱਕ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਜ਼ਮੀਨ ਪੁੱਟੇ ਜਾਣ ਦੀ ਸੂਹ ਮਿਲੀ ਉਦੋਂ ਤੱਕ ਲਗਪਗ 2 ਕਨਾਲ ਜ਼ਮੀਨ ਮਾਈਨਿੰਗ ਮਾਫੀਏ ਵੱਲੋਂ ਪੁੱਟੀ ਜਾ ਚੁੱਕੀ ਸੀ। ਜੰਗਲਾਤ ਵਿਭਾਗ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਭਰਤਗੜ੍ਹ ਪੁਲੀਸ ਨੇ ਮਨਪ੍ਰੀਤ ਸਿੰਘ ਵਾਸੀ ਪਿੰਡ ਮੰਗੂਵਾਲ ਦੇ ਖਿਲਾਫ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉੱਧਰ ਖਣਨ ਵਿਭਾਗ ਨੇ ਵੀ ਜਾਂਚ ਆਰੰਭ ਕਰ ਦਿੱਤੀ ਹੈ ਕਿ ਚੋਰੀ ਹੋਇਆ ਮਾਲ ਕਿਹੜੇ ਸਟੋਨ ਕਰੱਸ਼ਰਾਂ ਤੇ ਸੁੱਟਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਸਲੇ ਸਬੰਧੀ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਵੀ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਕਰਕੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।