ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਲਕਿਆਰਾ ਬਚਾਅ ਅਪਰੇਸ਼ਨ ਦੇ ਓਹਲੇ

06:14 AM Dec 12, 2023 IST

ਦਿਪਾਂਕਰ ਗੁਪਤਾ

ਸਭ ਨੇਮ ਤੇ ਕਾਨੂੰਨ ਛਿੱਕੇ ਟੰਗ ਕੇ ਚਲਾਏ ਜਾ ਰਹੇ ਸਿਲਕਿਆਰਾ ਸੁਰੰਗ ਪ੍ਰਾਜੈਕਟ ਵਿਚ ਫਸੇ ਮਜ਼ਦੂਰਾਂ ਨੂੰ ਰੈਟਹੋਲ ਮਾਈਨਿੰਗ (ਚੂਹਾ ਖੁੱਡ ਖੁਦਾਈ) ਦੇ ਮਾਹਿਰਾਂ ਨੇ ਸਹੀ ਸਲਾਮਤ ਬਾਹਰ ਕੱਢ ਲਿਆ। ਸਚਾਈ ਇਹ ਹੈ ਕਿ ਚੂਹਾ ਖੁੱਡ ਖੁਦਾਈ ਉਪਰ ਪਾਬੰਦੀ ਹੈ। ਇੰਨੇ ਸਿਤਮ ਦੀ ਗੱਲ ਜਾਣ ਕੇ ਤੁਹਾਡਾ ਜੀਅ ਕਰਦਾ ਹੈ ਕਿ ਲੋਹ-ਬੁਰਾਦੇ ਦੀ ਫੱਕੀ ਲਈ ਜਾਵੇ। ਸੁਰੰਗ ਵਿਚ 17 ਦਿਨ ਤੋਂ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਦਾ ਸੁਖਦ ਅੰਤ ਦੇਖ ਕੇ ਭਾਵੇਂ ਅਸੀਂ ਜਸ਼ਨ ਮਨਾਇਆ ਪਰ ਸਾਨੂੰ ਇਹ ਤੱਥ ਨਹੀਂ ਭੁੱਲਣਾ ਚਾਹੀਦਾ ਕਿ ਇਹ ਤ੍ਰਾਸਦੀ ਤਾਂ ਵਾਪਰਨੀ ਹੀ ਨਹੀਂ ਸੀ ਚਾਹੀਦੀ। ਫਿਰ ਇਹ ਵੀ ਕਿ ਸਾਨੂੰ ਉਨ੍ਹਾਂ ਲੋਕਾਂ ਦੀ ਟੇਕ ਲੈਣੀ ਪੈਂਦੀ ਹੈ ਜਿਨ੍ਹਾਂ ਦਾ ਕੰਮ ਕਾਨੂੰਨ ਉਲੰਘ ਕੇ ਰੋਜ਼ੀ ਰੋਟੀ ਕਮਾਉਣਾ ਹੁੰਦਾ ਹੈ; ਇਸ ਨਾਲ ਹੋਰ ਕੁਝ ਨਹੀਂ, ਸਾਡੀਆਂ ਨੀਤੀਆਂ ਦੀ ਹੀ ਅਜ਼ਮਾਇਸ਼ ਹੁੰਦੀ ਹੈ। ਇਹ ਚੇਤਾ ਕਰਾਉਂਦੀਆਂ ਹਨ ਕਿ ਗ਼ਰੀਬ ਲੋਕ ਹੀ ਹਨ ਜੋ ਸਾਡੀ ਜਿ਼ੰਦਗੀ ਨੂੰ ਆਰਾਮਦੇਹ ਬਣਾਉਂਦੇ ਹਨ।
2018 ਵਿਚ ਥਾਈਲੈਂਡ ਵਿਚ ਗੁਫ਼ਾ ਵਿਚ ਫਸੇ ਲੜਕਿਆਂ ਦੀ ਬਚਾਅ ਮੁਹਿੰਮ ਦੀ ਉੱਤਰਾਖੰਡ ਦੇ ਇਸ ਅਪਰੇਸ਼ਨ ਨਾਲ ਤੁਲਨਾ ਕਰ ਕੇ ਦੇਖੋ। ਪਹਿਲੀ ਗੱਲ, ਥਾਈਲੈਂਡ ਵਿਚ ਉਹ ਬੱਚੇ ਅਚਨਚੇਤ ਹੜ੍ਹ ਆਉਣ ਕਰ ਕੇ ਗੁਫ਼ਾ ਵਿਚ ਫਸ ਗਏ ਸਨ। ਉੱਤਰਾਖੰਡ ਵਿਚ ਨਿਰਮਾਣ ਕਾਮੇ ਇਸ ਕਰ ਕੇ
ਸੁਰੰਗ ਵਿਚ ਫਸੇ ਕਿਉਂਕਿ ਸੁਰੰਗ ਕਾਨੂੰਨ ਦੀ ਉਲੰਘਣਾ ਕਰ ਕੇ ਬਣਾਈ ਜਾ ਰਹੀ ਸੀ ਤੇ ਸੁਰੱਖਿਆ ਕਦਮ ਨਜ਼ਰਅੰਦਾਜ਼ ਕੀਤੇ ਗਏ ਸਨ।
ਥਾਈਲੈਂਡ ਦੀ ਗੁਫ਼ਾ ਵਿਚ ਉਤਰਨ ਵਾਲੇ ਪੇਸ਼ੇਵਰ ਕਾਮੇ ਨਾਇਕ ਬਣੇ ਸਨ ਜਿਨ੍ਹਾਂ ਨੇ ਆਪਣੇ ਕੰਮ ਨੂੰ ਬਾਖ਼ੂਬੀ ਅੰਜਾਮ ਦਿੱਤਾ ਪਰ ਇਸ ਲਈ ਆਲ੍ਹਾ ਮਿਆਰੀ ਹੁਨਰ ਦੀ ਲੋੜ ਪੈਂਦੀ ਹੈ, ਨਾ ਕਿ ਇਹ ਘੰਟਿਆਂਬੱਧੀ ਮਿੱਟੀ ਨਾਲ ਮਿੱਟੀ ਹੋਣ ਜਿਹਾ ਕੰਮ ਹੁੰਦਾ ਹੈ। ਨਿਰਮਾਣ ਕਾਮਿਆਂ ਨੂੰ ਬਚਾਉਣ ਵਾਲੀ ਟੀਮ ਵਿਚ ਗ਼ਰੀਬ ਚੂਹਾ ਖੁੱਡ ਪੁੱਟਣ ਵਾਲੇ ਸਨ। ਇਨ੍ਹਾਂ ਦੀ ਮੁਹਾਰਤ ਮੁੱਖ ਤੌਰ ’ਤੇ ਮੇਘਾਲਿਆ ਵਿਚ ਕੋਲੇ ਦੀਆਂ ਖਾਣਾਂ ਵਿਚਕਾਰ ਬਹੁਤ ਹੀ ਤੰਗ ਹਾਲਤ ਵਿਚ ਖੁਦਾਈ ਕਰਨ ਦਾ ਸੰਤਾਪ ਝੱਲਣ ਵਿਚ ਛੁਪੀ ਹੋਈ ਹੈ।
2014 ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੈਟਹੋਲ ਮਾਈਨਿੰਗ ਉਪਰ ਪਾਬੰਦੀ ਲਗਾ ਦਿੱਤੀ ਸੀ ਪਰ ਮੇਘਾਲਿਆ ਦੇ ਜੈਂਤੀਆ ਅਤੇ ਖਾਸੀ ਪਹਾੜੀ ਖੇਤਰ ਵਿਚ ਲੁਕਵੇਂ-ਛਿਪਵੇਂ ਢੰਗ ਨਾਲ ਇਹ ਖਣਨ ਜਾਰੀ ਰਿਹਾ ਜਿੱਥੇ ਕੋਲਾ ਪੱਟੀਆਂ ਬਹੁਤ ਪਤਲੀਆਂ ਹਨ। ਅਜਿਹੇ ਹਾਲਾਤ ਵਿਚ ਕੋਲੇ ਦੀ ਖੁਦਾਈ ਦੀਆਂ ਰਵਾਇਤੀ ਤਕਨੀਕਾਂ ਵਿਅਰਥ ਸਾਬਿਤ ਹੁੰਦੀਆਂ ਹਨ। ਇਸੇ ਕਰ ਕੇ ਖਾਣ ਮਾਲਕ ਅਜਿਹੀ ਖੁਦਾਈ ਲਈ ਬੇਘਰ ਅਤੇ ਬੇਹੁਨਰੇ ਗ਼ਰੀਬਾਂ ਨੂੰ ਲਾਉਂਦੇ ਹਨ। ਮੇਘਾਲਿਆ ਵਿਚ ਰੈਟਹੋਲ ਮਾਈਨਿੰਗ ਆਮ ਗੱਲ ਹੈ। ਸੰਵਿਧਾਨ ਦੀ ਛੇਵੀਂ ਅਨੁਸੂਚੀ ਤਹਿਤ ਸੂਬੇ ਅੰਦਰ ਜ਼ਮੀਨ ਉਪਰ ਭਾਈਚਾਰੇ ਦੇ ਹੱਕ ਸੁਨਿਸ਼ਚਿਤ ਕੀਤੇ ਗਏ ਹਨ। ਪ੍ਰਾਈਵੇਟ ਧਿਰਾਂ ਨੇ ਇਸ ਦਾ ਮਤਲਬ ਇਹ ਬਣਾ ਲਿਆ ਹੈ ਕਿ ਉਹ ਬਿਨਾਂ ਕਿਸੇ ਰੋਕ ਟੋਕ ਇਸ ਖੇਤਰ ਦਾ ਫਾਇਦਾ ਉਠਾ ਸਕਦੀਆਂ ਹਨ। ਇਸੇ ਕਰ ਕੇ ਮੇਘਾਲਿਆ ਵਿਚ ਰੈਟਹੋਲ ਮਾਈਨਿੰਗ ਚਲ ਰਹੀ ਹੈ।
ਰੈਟਹੋਲ ਮਾਈਨਿੰਗ ਨਾ ਸਿਰਫ਼ ਸਿਹਤ ਲਈ ਮਾੜੀ ਹੈ, ਖ਼ਤਰਨਾਕ ਵੀ ਹੈ। ਬਹੁਤ ਸਾਰੇ ਕਾਮੇ ਖੁੱਡਾਂ ਵਿਚ ਪਾਣੀ ਆਉਣ ਕਾਰਨ ਮਾਰੇ ਗਏ ਹਨ। ਸਰੀਰ ਲਈ ਨੁਕਸਾਨਦਾਇਕ ਹੋਣ ਤੋਂ ਇਲਾਵਾ ਅਜਿਹੀ ਖੁਦਾਈ ਵਾਤਾਵਰਨ ਲਈ ਵੀ ਨੁਕਸਾਨਦੇਹ ਹੈ। ਸਭ ਤੋਂ ਅਹਿਮ ਗੱਲ, ਖੁਦਾਈ ਕਾਰਨ ਮੇਘਾਲਿਆ ਦੀ ਕੋਪਿਲੀ ਨਦੀ ਵਿਚ ਤੇਜ਼ਾਬੀ ਮਾਦਾ ਬਹੁਤ ਵਧ ਗਿਆ ਹੈ। ਇਸ ਸਭ ਕੁਝ ਦੇ ਬਾਵਜੂਦ ਸੰਵਿਧਾਨ ਦੀ ਛੇਵੀਂ ਅਨੁਸੂਚੀ ਹੀ ਅਜਿਹੇ ਖਣਨਕਾਰਾਂ ਦੀ ਰਾਖੀ ਕਰਦੀ ਹੈ। ਲੰਮੇ ਅਰਸੇ ਤੱਕ ਦੁਹਰਾਈ ਵਾਲੀਆਂ ਸਥਿਤੀਆਂ ਵਿਚ ਇਹ ਕਾਮੇ ਛਿੱਦੀਆਂ ਪੱਟੀਆਂ ਵਿਚ ਡੂੰਘੇ ਦੱਬੇ ਕੋਲੇ ਤੱਕ ਪਹੁੰਚਣ ਲਈ ਡੂੰਘੀ ਖੁਦਾਈ ਕਰਦੇ ਅਤੇ ਮਿੱਟੀ ਹਟਾਉਂਦੇ ਹਨ। ਇਸ ਨੂੰ ਹੁਨਰਮੰਦ ਕਿਰਤ ਕਹਿਣਾ ਸ਼ਾਇਦ ਸਹੀ ਨਹੀਂ ਹੋਵੇਗਾ ਕਿਉਂਕਿ ਇਹ ਪ੍ਰਕਿਰਿਆ ਬਹੁਤ ਹੀ ਤਕਲੀਫ਼ਦੇਹ ਅਤੇ ਜ਼ੋਰ ਜਬਰ ਵਾਲੀ ਹੁੰਦੀ ਹੈ। ਜਦੋਂ ਅਸੀਂ ਉਨ੍ਹਾਂ ਦੇ ਹੌਸਲੇ ਵਾਲੇ ਬਚਾਓ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਤਾਂ ਕੀ ਅਸੀਂ ਇਸ ਬਾਰੇ ਸੋਚਿਆ ਸੀ ਕਿ ਇਹ ‘ਨਾਇਕ’ ਕਿਸ ਤਰ੍ਹਾਂ ਦੀ ਜਿ਼ੰਦਗੀ ਵਿਚ ਵਾਪਸ ਜਾ ਰਹੇ ਹੋਣਗੇ?
ਦੁਨੀਆ ਸਾਹਮਣੇ ਆਉਣ ਲਈ ਉਨ੍ਹਾਂ ਨੂੰ ਕੁਝ ਪਲ ਹੀ ਮਿਲ ਸਕੇ। ਉਹ ਦਿਨ ਢਲੇ ਆਏ, ਲਗਾਤਾਰ 26 ਘੰਟੇ ਹਨੇਰੇ ਵਿਚ ਕੰਮ ਕਰਦੇ ਰਹੇ ਅਤੇ ਮੂੰਹ ਹਨੇਰੇ ਕੰਮ ਕਰ ਕੇ ਵਾਪਸ ਚਲੇ ਗਏ। ਅਸੀਂ ਤਾਂ ਸ਼ਾਇਦ ਉਨ੍ਹਾਂ ਦੇ ਨਾਂ ਵੀ ਨਹੀਂ ਜਾਣਦੇ ਅਤੇ ਨਾ ਹੀ ਇਹ ਜਾਣਦੇ ਹਾਂ ਕਿ ਉਹ ਕਿੱਥੋਂ ਆਏ ਸਨ। ਕੁਝ ਅਪੁਸ਼ਟ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਉਹ ਘੱਟਗਿਣਤੀ ਭਾਈਚਾਰਿਆਂ ਅਤੇ ਕਬਾਇਲੀ ਸਮੂਹਾਂ ਦੇ ਮੈਂਬਰ ਸਨ ਪਰ ਕੀ ਅਸੀਂ ਯਕੀਨ ਨਾਲ ਕੁਝ ਕਹਿ ਸਕਦੇ ਹਾਂ?
ਇਨ੍ਹਾਂ ਰੈਟਹੋਲ ਖਣਨਕਾਰਾਂ ਦੀਆਂ ਸੇਵਾਵਾਂ ਲੈਣ ਦਾ ਮੂਲ ਕਾਰਨ ਇਹ ਸੀ ਕਿ ਅਮਰੀਕਾ ਦੀ ਬਣੀ ਲੇਟਵੇਂ ਰੁਖ਼ (ਹੌਰੀਜ਼ੌਂਟਲ) ਡਰਿਲਿੰਗ ਵਾਲੀ ਔਗਰ ਮਸ਼ੀਨ ਇਸ ਹੱਦ ਤੱਕ ਟੁੱਟ ਗਈ ਸੀ ਕਿ ਉਸ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ ਸੀ। ਸਮਾਂ ਬਹੁਤ ਘੱਟ ਸੀ ਅਤੇ ਅਜੇ ਕਈ ਮੀਟਰ ਹੋਰ ਖੁਦਾਈ ਕਰਨੀ ਪੈਣੀ ਸੀ। ਭਾਰੇ ਸਿਤਮ ਦਾ ਦੂਜਾ ਬੋਝ ਇਹ ਸੀ: ਜਦੋਂ ਬਾਹਰੋਂ ਮੰਗਵਾਈਆਂ ਮਹਿੰਗੀਆਂ ਮਸ਼ੀਨਾਂ ਨਾਕਾਮ ਹੋ ਜਾਂਦੀਆਂ ਹਨ ਤਾਂ ਫਿਰ ਸਸਤੇ ਹੱਥ ਅਤੇ ਪੰਜੇ ਹੀ ਬਚਾਓ ਲਈ ਅੱਗੇ ਆਉਂਦੇ ਹਨ। ਖੁਸ਼ਨਸੀਬੀ ਸੀ ਕਿ ਰੈਟਹੋਲ ਮਾਈਨਰਾਂ ਨੇ ਲੇਟਵੇਂ ਢੰਗ ਨਾਲ ਸਟੀਕ ਖੁਦਾਈ ਕੀਤੀ ਜਿਵੇਂ ਉਹ ਮੇਘਾਲਿਆ ਵਿਚ ਦੋ ਮੀਟਰ ਪਤਲੀਆਂ ਪਰਤਾਂ ’ਚੋਂ ਕੋਲੇ ਦੀ ਖੁਦਾਈ ਕਰਦੇ ਹਨ। ਜਦੋਂ ਔਗਰ ਮਸ਼ੀਨਾਂ ਫੇਲ੍ਹ ਹੋ ਗਈਆਂ ਤਾਂ ਲੇਟਵੀਂ ਖੁਦਾਈ ਰੈਟਹੋਲ ਮਾਈਨਰਾਂ ਨੇ ਕੀਤੀ। ਜ਼ਰਾ ਸੋਚੋ, ਅਕਸਰ ਇਹੋ ਜਿਹੇ ਜੋਖ਼ਮ ਭਰੇ ਕੰਮਾਂ ’ਤੇ ਬੱਚਿਆਂ ਨੂੰ ਲਾਇਆ ਜਾਂਦਾ ਹੈ, ਫਿਰ ਵੀ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਦੀ ਜ਼ਮੀਰ ਨਹੀਂ ਜਾਗਦੀ।
ਅਫ਼ਸੋਸਨਾਕ ਸਚਾਈ ਇਹ ਹੈ ਕਿ ਜਦੋਂ ਆਮ ਨਿਰਮਾਣ ਕਾਰਜ ਕੀਤੇ ਜਾਂਦੇ ਹਨ ਤਾਂ ਜੋਖ਼ਮ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾਂਦਾ। ਉੱਚੀਆਂ ਇਮਾਰਤਾਂ ਵਿਚ ਇੱਟਾਂ ਦੀ ਚਿਣਾਈ ਜਾਂ ਪਲੱਸਤਰ ਕਰਨ ਵਾਲੇ ਕਾਮਿਆਂ ਨੂੰ ਸੁਰੱਖਿਆ ਉਪਕਰਨ ਘੱਟ ਹੀ ਦਿੱਤੇ ਜਾਂਦੇ ਹਨ। ਪੁਲ ਡਿੱਗਣ ਜਾਂ ਨਿਰਮਾਣ ਥਾਵਾਂ ’ਤੇ ਵਰਕਰਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ; ਇਹ ਨਹੀਂ ਕਿ ਇਹ ਘਟਨਾਵਾਂ ਦੂਰ-ਦੁਰਾਡੇ ਪਹਾੜੀ ਖੇਤਰਾਂ ਵਿਚ ਹੀ ਵਾਪਰਦੀਆਂ ਹੋਣ, ਇਹ ਸ਼ਹਿਰੀ ਕੇਂਦਰਾਂ ਵਿਚ ਵੀ ਵਾਪਰਦੀਆਂ ਹਨ।
ਕੌਮਾਂਤਰੀ ਕਿਰਤ ਸੰਸਥਾ (ਆਈਐੱਲਓ) ਦੀ ਰਿਪੋਰਟ ਅਨੁਸਾਰ, ਨਿਰਮਾਣ ਥਾਵਾਂ ’ਤੇ ਹੋਣ ਵਾਲੇ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਪੱਖੋਂ ਭਾਰਤ ਸਭ ਤੋਂ ਮੋਹਰੀ ਹੈ ਜਿੱਥੇ ਰੋਜ਼ ਔਸਤਨ 38 ਘਾਤਕ ਹਾਦਸੇ ਵਾਪਰਦੇ ਹਨ। ਜਦੋਂ ਗ਼ਰੀਬੀ ਦੀ ਮਜਬੂਰੀ ਕਰ ਕੇ ਕਾਮਿਆਂ ਨੂੰ ਕੰਮ ਖ਼ਾਤਰ ਸੁਰੱਖਿਆ ਨੂੰ ਤਾਕ ’ਤੇ ਰੱਖਣਾ ਪੈਂਦਾ ਹੈ ਤਾਂ ਡਾਢਿਆਂ ਨੂੰ ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਣ ਦਾ ਮੌਕਾ ਮਿਲ ਜਾਂਦਾ ਹੈ। ਰੈਟਹੋਲ ਮਾਈਨਰਾਂ ਦੇ ਜਾਂਬਾਜ਼ ਅਪਰੇਸ਼ਨ ਤੋਂ ਬਾਅਦ ਇਕ ਵਾਰ ਫਿਰ ਅਸੀਂ ਇਹੀ ਕੁਝ ਹੁੰਦਾ ਦੇਖਿਆ ਹੈ।
ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਤੋਂ ਬਾਅਦ ਖੁਦਾਈ ਕਰਨ ਵਾਲਿਆਂ ਦੇ ਗਲ ਵਿਚ ਹਾਰ ਪਾਏ ਗਏ ਅਤੇ ਉਨ੍ਹਾਂ ਨੂੰ ਉਵੇਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਕਿਸਮ ਦੇ ਖ਼ੌਫ਼ਨਾਕ ਹਾਦਸੇ ਤੋਂ ਬਾਅਦ ਰੈਟਹੋਲ ਮਾਈਨਿੰਗ ਅਤੇ ਵਾਤਾਵਰਨ ਕਾਨੂੰਨ ਨਜ਼ਰਅੰਦਾਜ਼ ਕਰ ਕੇ ਪਹਾੜ ਕੱਟ ਕੇ ਸੁਰੰਗਾਂ ਬਣਾਉਣ ਬਾਰੇ ਮੁੜ ਵਿਚਾਰ ਕੀਤੀ ਜਾ ਸਕਦੀ ਸੀ। ਇਹੋ ਜਿਹਾ ਤਾਂ ਕੀ ਹੋਣਾ ਸੀ ਸਗੋਂ ਅਸੀਂ ਇਸ ਤੱਥ ’ਤੇ ਮਾਣ ਮਹਿਸੂਸ ਕੀਤਾ ਕਿ ਸਾਡੇ ਆਸ ਪਾਸ ਰੈਟਹੋਲ ਮਾਈਨਰ ਮੌਜੂਦ ਹਨ ਅਤੇ ਅਸੀਂ ਇਕ ਵਾਰ ਫਿਰ ਜੁਗਾੜ ਦੇ ਭਾਰਤੀ ਤੋਹਫ਼ੇ ਦਾ ਮਹਿਮਾਗਾਨ ਹੁੰਦਾ ਤੱਕਿਆ ਹੈ।
*ਲੇਖਕ ਸਮਾਜ ਸ਼ਾਸਤਰੀ ਹੈ।

Advertisement

Advertisement