ਕਨੌਜ ਰੇਲਵੇ ਸਟੇਸ਼ਨ ਦੀ ਉਸਾਰੀ ਅਧੀਨ ਇਮਾਰਤ ਡਿੱਗੀ
ਕਨੌਜ, 11 ਜਨਵਰੀ
ਉੱਤਰ ਪ੍ਰਦੇਸ਼ ਦੇ ਕੰਨੌਜ ’ਚ ਅੱਜ ਉਸਾਰੀ ਅਧੀਨ ਰੇਲਵੇ ਸਟੇਸ਼ਨ ਦੀ ਇਮਾਰਤ ਡਿੱਗਣ ਕਾਰਨ ਉਸ ਦੇ ਮਲਬੇ ਹੇਠ ਦੋ ਦਰਜਨ ਦੇ ਕਰੀਬ ਮਜ਼ਦੂਰ ਦਬ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ’ਚ 23 ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ’ਚੋਂ ਛੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉੱਤਰ ਪੂਰਬੀ ਰੇਲਵੇ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਸ਼ੁਭਰੰਤ ਕੁਮਾਰ ਸ਼ੁਕਲ ਨੇ ਕਿਹਾ, ‘‘ਸ਼ੁਰੂਆਤੀ ਜਾਣਕਾਰੀ ਮੁਤਾਬਕ ਉਸਾਰੀ ਅਧੀਨ ਇਮਾਰਤ ਦੀ ਛੱਤ ਦੀ ਸ਼ਟਰਿੰਗ ਡਿੱਗਣ ਕਰਕੇ ਹਾਦਸਾ ਵਾਪਰਿਆ।’’ ਸ਼ੁਕਲ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਮਲਬੇ ਹੇਠ ਫਸੇ ਵਰਕਰਾਂ ਨੂੰ ਬਾਹਰ ਕੱਢਣਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਲਬੇ ਹੇਠ ਫਸੇ ਵਰਕਰਾਂ ਦੀ ਸੁਰੱਖਿਆ ਤੇ ਢੁੱਕਵਾਂ ਇਲਾਜ ਯਕੀਨੀ ਬਣਾਉਣ। ਸੂਬਾਈ ਰਾਹਤ ਕਮਿਸ਼ਨਰ ਭਾਨੂ ਚੰਦਰਾ ਗੋਸਵਾਮੀ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ। ਐੱਨਡੀਆਰਐੱਫ ਤੇ ਐੱਸਡੀਆਰਐਫ ਦੀਆਂ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਹਨ। -ਪੀਟੀਆਈ