ਅੰਡਰ-17: ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ
ਅਮਾਨ (ਜੌਰਡਨ):
ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅੱਜ ਇਥੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ ਕਾਜਲ (69 ਕਿਲੋ) ਅਤੇ ਸ਼ਰੁਤਿਕਾ ਸ਼ਿਵਾਜ਼ੀ ਪਾਟਿਲ (46 ਕਿਲੋ) ਸ਼ੁੁੱਕਰਵਾਰ ਨੂੰ ਸੋਨ ਤਗਮੇ ਲਈ ਮੁਕਾਬਲਾ ਕਰਨਗੀਆਂ। ਭਾਰਤੀ ਮਹਿਲਾ ਪਹਿਲਵਾਨ ਅਦਿਤੀ ਕੁਮਾਰੀ, ਨੇਹਾ, ਪੁਲਕਿਤ ਤੇ ਮਾਨਸੀ ਨੇ ਸੋਨ ਤਗ਼ਮੇ ਜਿੱਤੇ। ਅਦਿਤੀ 43 ਕਿਲੋ ਭਾਰ ਵਰਗ ’ਚ ਯੂਨਾਨ ਦੀ ਮਾਰੀਆ ਲੌਇਜ਼ਾ ਗਿਕਿਕਾ ਨੂੰ 7-0 ਨਾਲ ਹਰਾ ਕੇ ਚੈਂਪੀਅਨ ਬਣੀ। ਨੇਹਾ ਨੇ 57 ਕਿਲੋ ਭਾਰ ਵਰਗ ਦੇ ਫਾਈਨਲ ’ਚ ਜਪਾਨ ਦੀ ਸੋ ਸੁਤਸੂਈ ਨੂੰ ਹਰਾਇਆ ਜਦਕਿ ਪੁਲਕਿਤ ਨੇ 65 ਕਿਲੋ ਦੇ ਫਾਈਨਲ ’ਚ ਆਜ਼ਾਦ ਅਥਲੀਟ ਵਜੋਂ ਖੇਡੀ ਡਾਰੀਆ ਫਰੋਲੋਵਾ ’ਤੇ 6-3 ਨਾਲ ਜਿੱਤ ਹਾਸਲ ਕੀਤੀ। ਮਾਨਸੀ ਲਾਠਰ (73 ਕਿਲੋ) ਨੇ ਹੰਨਾ ਪਿਰਸਕਾਯਾ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਭਾਰਤ ਨੇ ਗ੍ਰੀਕੋ ਰੋਮਨ ਸਟਾਈਲ ’ਚ ਵੀ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਰੌਣਕ ਦਹੀਆ ਤੇ ਸਾਈਨਾਥ ਪਾਰਧੀ (51 ਕਿਲੋ) ਜੇਤੂ ਰਹੇ। -ਪੀਟੀਆਈ