ਬੇਕਾਬੂ ਟਰੱਕ ਚਹੇੜੂ ਪੁਲ ਤੋਂ ਥੱਲੇ ਡਿੱਗਿਆ, ਡਰਾਈਵਰ ਦੀ ਮੌਤ
ਜਸਬੀਰ ਸਿੰਘ ਚਾਨਾ
ਫਗਵਾੜਾ, 15 ਜੁਲਾਈ
ਅਟਾਰੀ ਤੋਂ ਦਿੱਲੀ ਜਾ ਰਹੇ ਇੱਕ ਟਰੱਕ ਦਾ ਬੀਤੀ ਰਾਤ ਅਚਾਨਕ ਟਾਇਰ ਫੱਟਣ ਕਾਰਨ ਟਰੱਕ ਚਹੇੜੂ ਪੁਲ ਦੇ ਉੱਪਰੋਂ ਹੇਠਾਂ ਜਾ ਡਿੱਗਿਆ ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ ਤੇ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀਆ ਨੇ ਦੱਸਿਆ ਕਿ ਡਰਾਈ ਫ਼ਰੂਟ ਤੇ ਜੀਰੇ ਨਾਲ ਭਰਿਆ ਨਾਲ ਇਹ ਟਰੱਕ ਦਿੱਲੀ ਜਾ ਰਿਹਾ ਸੀ ਤੇ ਰਾਤ ਕਰੀਬ 3 ਵਜੇ ਜਦੋਂ ਇਹ ਟਰੱਕ ਚਹੇੜੂ ਵੇਂਈ ’ਤੇ ਪੁੱਜਾ ਤਾਂ ਟਾਇਰ ਫਟ ਗਿਆ ਤੇ ਟਰੱਕ ਬੇਕਾਬੂ ਹੋ ਕੇ ਕਰੀਬ 50-60 ਫੁੱਟ ਹੇਠਾਂ ਪਾਣੀ ’ਚ ਜਾ ਡਿੱਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਰੱਸਿਆਂ ਦੀ ਮੱਦਦ ਨਾਲ ਡਰਾਈਵਰ ਤੇ ਕੰਡਕਟਰ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਡਰਾਈਵਰ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਡਰਾਈਵਰ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਗੰਡੀ ਚੁਹਾਲ ਤੇ ਜ਼ਖਮੀ ਕੰਡਕਟਰ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।