For the best experience, open
https://m.punjabitribuneonline.com
on your mobile browser.
Advertisement

ਦਰਬਾਰ ਲਗਾ ਕੇ ਗਿਆਨ ਵੰਡ ਰਹੇ ਨੇ ‘ਅੰਕਲ’, ਬੇਤੁਕੀਆਂ ਕਰਦੇ ਹਨ ਗੱਲਾਂ: ਪ੍ਰਿਯੰਕਾ ਗਾਂਧੀ

07:10 AM Apr 28, 2024 IST
ਦਰਬਾਰ ਲਗਾ ਕੇ ਗਿਆਨ ਵੰਡ ਰਹੇ ਨੇ ‘ਅੰਕਲ’  ਬੇਤੁਕੀਆਂ ਕਰਦੇ ਹਨ ਗੱਲਾਂ  ਪ੍ਰਿਯੰਕਾ ਗਾਂਧੀ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਲਾਤੂਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੀ ਹੋਈ। -ਫੋਟੋ: ਏਐਨਆਈ
Advertisement

ਲਾਤੂਰ/ਧਰਮਪੁਰ, 27 ਅਪਰੈਲ
ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਉਦਗੀਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਐੱਨਡੀਏ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਹਰ ਵਿਆਹ ਜਾਂ ਚਾਹ ਦੀ ਦੁਕਾਨ ’ਤੇ ਇਕ ਅਜਿਹਾ ਅੰਕਲ ਜਾਂ ਵਿਅਕਤੀ ਹੁੰਦਾ ਹੈ ਜੋ ਇਕ ਕੋਨੇ ’ਚ ਬੈਠ ਕੇ ਦਰਬਾਰ ਲਗਾ ਕੇ ਗਿਆਨ ਵੰਡਦਾ ਰਹਿੰਦਾ ਹੈ। ‘ਹੁਣ ਜੇਕਰ ਇਹ ਅੰਕਲ ਆਖੇ ਕਿ ਇਕ ਸਿਆਸੀ ਪਾਰਟੀ ਕਾਂਗਰਸ ਤੁਹਾਡੇ ਘਰਾਂ ’ਚ ਐਕਸਰੇਅ ਮਸ਼ੀਨ ਲਿਆ ਕੇ ਤੁਹਾਡੀ ਸਾਰੀ ਕਮਾਈ, ਮੰਗਲਸੂਤਰ ਅਤੇ ਸੋਨੇ ਦਾ ਸਕੈਨ ਕਰਵਾ ਕੇ ਲੈ ਜਾਵੇਗੀ ਅਤੇ ਉਸ ਸੰਪਤੀ ਨੂੰ ਅੱਗੇ ਵੰਡ ਦੇਵੇਗੀ ਤਾਂ ਤੁਸੀਂ ਆਖੋਗੇ ਕਿ ਉਹ ਬਿਲਕੁਲ ਬਕਵਾਸ ਗੱਲ ਕਰ ਰਿਹਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਇਹੋ ਸਾਰੀਆਂ ਗੱਲਾਂ ਕਰਕੇ ਮੋਦੀ ਉੱਚ ਅਹੁਦੇ ਦੀ ਤੌਹੀਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਵੀ ਪ੍ਰਧਾਨ ਮੰਤਰੀ ਹੋਏ ਹਨ ਪਰ ਮੋਦੀ ਨੇ ਅਹੁਦੇ ਨੂੰ ਬਹੁਤ ਵੱਡੀ ਢਾਹ ਲਾਈ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ’ਚ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਬਜਾਏ ਮੋਦੀ ਤਰਕਹੀਣ ਗੱਲਾਂ ਕਰ ਰਹੇ ਹਨ। ਚੋਣ ਬਾਂਡ ਯੋਜਨਾ ਲਈ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਨੇ ਹੁਕਮਰਾਨ ਧਿਰ ਨੂੰ ਪੈਸਾ ਦਾਨ ਕੀਤਾ ਹੈ, ਉਨ੍ਹਾਂ ’ਤੇ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਨੇ ਛਾਪੇ ਮਾਰੇ ਸਨ ਪਰ ਜਿਵੇਂ ਹੀ ਇਨ੍ਹਾਂ ਕੰਪਨੀਆਂ ਤੋਂ ਚੋਣ ਬਾਂਡਾਂ ਰਾਹੀਂ ਪੈਸਾ ਆਇਆ ਤਾਂ ਇਹ ਛਾਪੇ ਰੁਕ ਗਏ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਜਪਾ ਮੁੜ ਸੱਤਾ ’ਚ ਆਈ ਤਾਂ ਉਹ ਸੰਵਿਧਾਨ ਬਦਲ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਹੁਕਮਰਾਨ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਇਸ ਦਾਅਵੇ ਨੂੰ ਭਾਵੇਂ ਜਿੰਨਾ ਮਰਜ਼ੀ ਨਕਾਰਦੀ ਰਹੇ ਪਰ ਉਹ ਸੰਵਿਧਾਨ ਬਦਲਣ ਦਾ ਇਰਾਦਾ ਰੱਖਦੇ ਹਨ।

Advertisement

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਲਸਾੜ ਵਿੱਚ ਚੋਣ ਰੈਲੀ ਦੌਰਾਨ ਹੱਥ ਜੋੜ ਕੇ ਲੋਕਾਂ ਦਾ ਪਿਆਰ ਕਬੂਲਦੀ ਹੋਈ। -ਫੋਟੋ: ਏਐਨਆਈ

ਮਹਿੰਗਾਈ ਲਈ ਘੇਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਹਿੰਗਾਈ ਮੈਨ’ ਕਰਾਰ ਦਿੱਤਾ। ਵਲਸਾਡ ਲੋਕ ਸਭਾ ਸੀਟ ’ਤੇ ਅਨੰਤ ਪਟੇਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ,‘‘ਭਾਜਪਾ ਆਗੂ ਅਤੇ ਉਮੀਦਵਾਰ ਆਖ ਰਹੇ ਹਨ ਕਿ ਉਹ ਸੰਵਿਧਾਨ ਬਦਲ ਦੇਣਗੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰ ਰਹੇ ਹਨ। ਇਹ ਉਨ੍ਹਾਂ ਦੀ ਰਣਨੀਤੀ ਹੈ। ਉਹ ਜੋ ਕੁਝ ਕਰਨਾ ਚਾਹੁੰਦੇ ਹਨ, ਉਸ ਤੋਂ ਪਹਿਲਾਂ ਉਹ ਹਮੇਸ਼ਾ ਇਨਕਾਰ ਕਰਨਗੇ ਪਰ ਸੱਤਾ ’ਚ ਆਉਣ ਮਗਰੋਂ ਉਹ ਇਸ ਨੂੰ ਲਾਗੂ ਕਰ ਦਿੰਦੇ ਹਨ। ਆਮ ਲੋਕਾਂ ਨੂੰ ਕਮਜ਼ੋਰ ਬਣਾਉਣ ਅਤੇ ਸੰਵਿਧਾਨ ’ਚ ਦਿੱਤੇ ਹੱਕਾਂ ਤੋਂ ਮਹਿਰੂਮ ਕਰਨ ਲਈ ਉਹ ਸੰਵਿਧਾਨ ਬਦਲਣਾ ਚਾਹੁੰਦੇ ਹਨ।’’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਚੋਣਾਂ ਦੌਰਾਨ ਸਟੇਜ ’ਤੇ ‘ਸੁਪਰਮੈਨ’ ਵਾਂਗ ਆਉਂਦੇ ਹਨ ਪਰ ਲੋਕ ਉਨ੍ਹਾਂ ਨੂੰ ‘ਮਹਿੰਗਾਈ ਮੈਨ’ ਵਜੋਂ ਚੇਤੇ ਰੱਖਣ। ਮੋਦੀ ਵੱਲੋਂ ਕਾਂਗਰਸ ’ਤੇ ਲੋਕਾਂ ਦੀ ਸੰਪਤੀ ਖੋਹਣ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਪ੍ਰਿਯੰਕਾ ਨੇ ਕਿਹਾ ਕਿ ਉਹ ਘਬਰਾਏ ਹੋਏ ਹਨ ਜਿਸ ਦੇ ਨਤੀਜੇ ਵਜੋਂ ਉਹ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਔਰਤਾਂ ਦੇ ਮੰਗਲਸੂਤਰ ਲੈ ਕੇ ਹੋਰਾਂ ਨਹੀਂ ਦੇ ਸਕਦੀ ਹੈ, ਬਸ ਇਹ ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਹਨ। ‘ਉਹ ਵੱਡੇ ਪ੍ਰੋਗਰਾਮ ਕਰਵਾ ਕੇ ਦੁਨੀਆ ’ਚ ਘੁੰਮਦੇ ਰਹਿੰਦੇ ਹਨ। ਹੁਣ ਲੋਕ ਉਨ੍ਹਾਂ ਤੋਂ ਰਿਪੋਰਟ ਕਾਰਡ ਮੰਗ ਰਹੇ ਹਨ ਤਾਂ ਉਹ ਘਬਰਾ ਗਏ ਹਨ। ਇਸੇ ਕਰਕੇ ਹਿੰਦੂ-ਮੁਸਲਿਮ ਅਤੇ ਵਿਸ਼ਵ ਗੁਰੂ ਹੋਣ ਦੇ ਮੁੱਦੇ ਚੁੱਕ ਰਹੇ ਹਨ।’ ਪ੍ਰਿਯੰਕਾ ਨੇ ਕਿਹਾ ਕਿ ਮੋਦੀ ਨੇ ਮੇਰੇ ਸਾਰੇ ਪਰਿਵਾਰ, ਮੇਰੀ ਮਾਂ, ਦਾਦੀ, ਦਾਦੇ, ਭਰਾ ਅਤੇ ਪਤੀ ਨੂੰ ਭੰਡਿਆ ਹੈ ਪਰ ਅਸੀਂ ਇਸ ਦੀ ਪਰਵਾਹ ਨਹੀਂ ਕਰਦੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੱਭਿਆ ਇਨਸਾਨ ਸਨ। -ਪੀਟੀਆਈ

‘ਚੁਟਕੀ ਵਜਾ ਕੇ ਲੜਾਈ ਰੁਕਵਾਉਣ ਵਾਲੇ ਗਰੀਬੀ ਕਿਉਂ ਨਹੀਂ ਖਤਮ ਕਰਦੇ’

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਆਗੂ ਪ੍ਰਧਾਨ ਮੰਤਰੀ ਨੂੰ ਇਕ ਤਾਕਤਵਰ ਆਗੂ ਵਜੋਂ ਪੇਸ਼ ਕਰਦੇ ਹਨ ਅਤੇ ਆਖਦੇ ਹਨ ਕਿ ‘ਚੁਟਕੀ ਵਜਾ ਕੇ ਲੜਾਈ ਰੁਕਵਾ ਦਿੰਦੇ ਹਨ’ ਤਾਂ ਫਿਰ ਉਹ ਚੁਟਕੀ ਵਜਾ ਕੇ ਹੀ ਗਰੀਬੀ ਕਿਉਂ ਨਹੀਂ ਖ਼ਤਮ ਕਰਵਾ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ ਜੱਦੀ ਸੂਬੇ ਗੁਜਰਾਤ ਅਤੇ ਦੇਸ਼ ’ਚ ਕਬਾਇਲੀ ਆਬਾਦੀ ਮਹਿੰਗਾਈ, ਬੇਰੁਜ਼ਗਾਰੀ, ਘੱਟ ਮਿਹਨਤਾਨਾ, ਔਰਤਾਂ ਖ਼ਿਲਾਫ਼ ਹਿੰਸਾ ਅਤੇ ਹੋਰ ਵਧੀਕੀਆਂ ਦਾ ਸਾਹਮਣਾ ਕਰ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×