ਪੁਲੀਸ ਨੇ ਬੇਰਹਿਮੀ ਨਾਲ ਕੁੱਟੇ ਮਾਮਾ-ਭਾਣਜਾ
ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 21 ਅਗਸਤ
ਫਾਜ਼ਿਲਕਾ ਅਧੀਨ ਪੈਂਦੇ ਥਾਣਾ ਅਮੀਰ ਖ਼ਾਸ ਦੀ ਪੁਲੀਸ ਵੱਲੋਂ ਟੌਲ ਪਲਾਜ਼ਾ ਨੇੜੇ ਲਾਏ ਨਾਕੇ ਦੌਰਾਨ ਦੋ ਕਾਰ ਸਵਾਰ ਰਾਹਗੀਰਾਂ ਦੀ ਚੈਕਿੰਗ ਦੌਰਾਨ ਉਨ੍ਹਾਂ ਨਾਲ ਤਕਰਾਰ ਹੋ ਗਈ। ਇਸ ਮਗਰੋਂ ਮਾਮਲਾ ਵਿਗੜ ਗਿਆ ਤੇ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਕਾਰ ਸਵਾਰਾਂ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦਾ ਸ਼ਿਕਾਰ ਹੋਏ ਦੋਵੇਂ ਪੀੜਤ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹਨ।
ਹਸਪਤਾਲ ਵਿਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੱਡੀ ’ਤੇ ਆਪਣੇ ਪਿੰਡ ਤਰਪਾਲ ਕੀ ਤੋਂ ਆਪਣੇ ਮਾਮਾ ਹਰਭਗਵਾਨ ਸਿੰਘ ਨਾਲ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ ਕਿ ਰਾਹ ਵਿਚ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਾਰ ਦੀ ਡਿੱਗੀ ਚੈੱਕ ਕਰਾਉਣ ਲਈ ਕਿਹਾ। ਮਗਰੋਂ ਉਨ੍ਹਾਂ ਨੂੰ ਮਾਸਕ ਲਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਾਸਕ ਲਗਾ ਲਏ। ਇਸੇ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਨਾਲ ਵਾਲੀ ਸੀਟ ’ਤੇ ਬੈਠੇ ਉਸ ਦੇ ਮਾਮਾ ਨੂੰ ਗੱਡੀ ਵਿਚੋਂ ਬਾਹਰ ਨਿਕਲਣ ਲਈ ਕਿਹਾ। ਉਹ ਬਾਹਰ ਨਿਕਲਣ ਹੀ ਲੱਗੇ ਸਨ ਕਿ ਥਾਣਾ ਮੁਖੀ ਨੇ ਉਸ ਦੇ ਚਪੇੜ ਮਾਰ ਦਿੱਤੀ। ਜਦੋਂ ਉਸ ਨੇ ਵਿਰੋਧ ਤਾਂ ਦਸ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਅੱਧਾ ਘੰਟਾ ਪਸ਼ੂਆਂ ਵਾਂਗ ਕੁੱਟਿਆ। ਉਨ੍ਹਾਂ ਨੇ ਆਪਣੇ ਸਰੀਰ ’ਤੇ ਕੁੱਟ ਦੇ ਪਏ ਨਿਸ਼ਾਨ ਵੀ ਦਿਖਾਏ।
ਐੱਸਐੱਚਓ ਲਾਈਨ ਹਾਜ਼ਰ
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਅਮੀਰ ਖ਼ਾਸ ਥਾਣੇ ਦੇ ਐੱਸਐੱਚਓ ਨੂੰ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਦੇ ਇੰਚਾਰਜ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਐੱਸਪੀ (ਡੀ) ਅਤੇ ਡੀਐੱਸਪੀ ਜਲਾਲਾਬਾਦ ਨੂੰ ਜਾਂਚ ਵਾਸਤੇ ਕਿਹਾ ਕਿਆ ਹੈ।