For the best experience, open
https://m.punjabitribuneonline.com
on your mobile browser.
Advertisement

ਚਾਚਾ ਅਬੂ ਉਸਮਾਨ

07:28 AM May 05, 2024 IST
ਚਾਚਾ ਅਬੂ ਉਸਮਾਨ
Advertisement

ਗੁਸ੍ਵਾਨ ਫਯਾਜ਼ ਅਲਫਾਨੀ ਦਾ ਜਨਮ 08 ਅਪਰੈਲ 1936 ਨੂੰ ਅਣਵੰਡੇ ਫ਼ਲਸਤੀਨ ਦੇ ਇੱਕ ਸੁੰਨੀ ਪਰਿਵਾਰ ਵਿੱਚ ਹੋਇਆ। ਉਸ ਦਾ ਪਿਤਾ ਉੱਘਾ ਵਕੀਲ ਸੀ। ਗੁਸ੍ਵਾਨ ਨੇ ਮੁੱਢਲੀ ਸਿੱਖਿਆ ਇੱਕ ਮਿਸ਼ਨਰੀ ਸਕੂਲ ’ਚੋਂ ਲਈ। ਬਾਅਦ ਵਿੱਚ 1948 ’ਚ ਹੋਈ ਫ਼ਲਸਤੀਨੀ ਜੰਗ ਸਮੇਂ ਉਸ ਦੇ ਪਰਿਵਾਰ ਨੂੰ ਸ਼ਹਿਰ ਵਿੱਚੋਂ ਖਦੇੜ ਕੇ ਸ਼ਰਨਾਰਥੀ ਬਣਨ ਲਈ ਮਜਬੂਰ ਕਰ ਦਿੱਤਾ ਗਿਆ। ਜਦੋਂ ਉਸ ਦੇ ਪਰਿਵਾਰ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਗਿਆ, ਉਹ ਬਾਰ੍ਹਾਂ ਵਰ੍ਹਿਆਂ ਦਾ ਸੀ। ਜੰਗ ਸਮੇਂ ਹੋਈ ਫ਼ਲਸਤੀਨ ਦੀ ਵੰਡ ਅਤੇ ਯਹੂਦੀ ਇਜ਼ਰਾਈਲ ਬਣਨ ਕਰ ਕੇ ਉਸ ਨੂੰ ਆਪਣੀ ਜ਼ਿੰਦਗੀ ਬੈਰੂਤ, ਲਿਬਨਾਨ ਤੇ ਕਤਰ ਵਰਗੇ ਮੁਲਕਾਂ ਵਿੱਚ ਸ਼ਰਨਾਰਥੀ ਵਜੋਂ ਗੁਜ਼ਾਰਨੀ ਪਈ। 1952 ਵਿੱਚ ਉਸ ਨੇ ਦਮੱਸ਼ਕ ਯੂਨੀਵਰਸਿਟੀ ਤੋਂ ਡਿਗਰੀ ਲਈ, ਪਰ ਉਸ ਦੇ ਸਿਆਸੀ ਵਿਚਾਰਾਂ ਕਰ ਕੇ ਉਸ ਨੂੰ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ। 1961 ਵਿੱਚ ਉਸ ਨੇ ਬੱਚਿਆਂ ਦੇ ਹੱਕਾਂ ਦੀ ਕਾਰਕੁੰਨ ਐਨੀ ਹੋਵਰ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਪੈਦਾ ਹੋਏ। ਉਹ ਲਿਬਰੇਸ਼ਨ ਆਫ ਫ਼ਲਸਤੀਨ ਮੋਰਚੇ ਦਾ ਉੱਘਾ ਆਗੂ ਸੀ ਤੇ ਨਾਲ ਹੀ ਲੇਖਕ ਵਜੋਂ ਉਸ ਦਾ ਨਾਂ ਮੂਹਰਲੀਆਂ ਸਫ਼ਾਂ ਵਿੱਚ ਆਉਂਦਾ ਹੈ। ਉਸ ਨੇ ਮੁੱਢ ਵਿੱਚ ਕਹਾਣੀਆਂ ਲਿਖੀਆਂ। ਕਤਰ ਤੇ ਲਿਬਨਾਨ ਦੀਆਂ ਸਾਹਿਤਕ ਸੰਸਥਾਵਾਂ ਨੇ ਉਸ ਨੂੰ ਮਾਣ-ਸਨਮਾਨ ਵੀ ਦਿੱਤੇ। ਬਾਅਦ ਵਿੱਚ ਉਸ ਨੇ ਜਲਾਵਤਨ ਹੋਏ ਫ਼ਲਸਤੀਨੀ ਨੌਜਵਾਨਾਂ ਦੀ ਸ਼ਰਨਾਰਥੀਆਂ ਦੇ ਰੂਪ ਵਿੱਚ ਕੈਂਪਾਂ ’ਚ ਬਿਤਾਈ ਜ਼ਿੰਦਗੀ ਨੂੰ ਆਧਾਰ ਬਣਾ ਕੇ ‘ਮੈੱਨ ਇਨ ਦਿ ਸਨ’ (1962), ‘ਮਾ ਤਾਬਾਕਕਾਹ ਲਕਮ’, ‘ਉਮੇ ਸਾਦ’, ‘ਰਿਟਰਨ ਟੂ ਹਾਈਫਾ’ ਤੇ ‘ਇਹ ਸੰਸਾਰ ਜੋ ਸਾਡਾ ਨਹੀਂ’ ਵਰਗੇ ਚਰਚਿਤ ਨਾਵਲਾਂ ਤੇ ਕਹਾਣੀਆਂ ਦੀ ਰਚਨਾ ਕੀਤੀ। ਅੱਠ ਜੁਲਾਈ 1972 ਨੂੰ ਜਦੋਂ ਉਹ ਆਪਣੀ ਭਤੀਜੀ ਲੈਮੀਸ ਨਾਲ ਬੈਰੂਤ ਵਿੱਚ ਕਾਰ ਰਾਹੀਂ ਜਾ ਰਿਹਾ ਸੀ ਤਾਂ ਲੋਡ ਹਵਾਈ ਅੱਡੇ ’ਤੇ ਹੋਏ ਕਤਲੇਆਮ ਦੇ ਜੁਆਬ ਵਿੱਚ ਇਜ਼ਰਾਇਲੀ ਖ਼ੁਫ਼ੀਆ ਏਜੰਸੀ ਮੋਸਾਦ ਨੇ ਅਲਫਾਨੀ ਦੀ ਕਾਰ ਵਿੱਚ ਬੰਬ ਰਖਵਾ ਕੇ ਉਸ ਦੀ ਹੱਤਿਆ ਕਰਵਾ ਦਿੱਤੀ। ਪੇਸ਼ ਹੈ ਉਹਦੀ ਇੱਕ ਚਰਚਿਤ ਕਹਾਣੀ ਦਾ ਅਨੁਵਾਦ। ਇਹ ਕਹਾਣੀ ਇੱਕ ਅਜਿਹੇ ਮਰਜੀਵੜੇ ਦੀ ਹੈ ਜੋ ਆਪਣੀ ਮਿੱਟੀ ਲਈ ਇਸ ਜ਼ੁਲਮ ਦਾ ਟਾਕਰਾ ਕਰਦਾ ਕੁਰਬਾਨ ਹੋ ਜਾਂਦਾ ਹੈ। ਅਜੋਕੇ ਫ਼ਲਸਤੀਨ ’ਤੇ ਇਜ਼ਰਾਈਲ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੇ ਮੱਦੇਨਜ਼ਰ ਇਹ ਕਹਾਣੀ ਅਹਿਮ ਹੈ।

Advertisement

Advertisement

ਰਾਮੱਲ੍ਹਾ ਨੂੰ ਬੈਤੁਲ ਮੁਕੱਦਸ ਨਾਲ ਜੋੜਨ ਵਾਲੀ ਸੜਕ ਦੇ ਦੋਵਾਂ ਪਾਸਿਆਂ ’ਤੇ ਹੱਥ ਉੱਪਰ ਵੱਲ ਕਰ ਕੇ, ਉਨ੍ਹਾਂ ਨੇ ਸਾਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ ਦਾ ਹੁਕਮ ਦਿੱਤਾ। ਜੁਲਾਈ ਦੀ ਕੜਕਦੀ ਧੁੱਪ ਵਿੱਚ ਮੇਰੀ ਮਾਂ ਮੈਨੂੰ ਆਪਣੀ ਛਾਂ ਵਿੱਚ ਰੱਖਣਾ ਚਾਹੁੰਦੀ ਸੀ। ਇੱਕ ਯਹੂਦੀ ਫ਼ੌਜੀ ਦੀ ਨਜ਼ਰ ਮੇਰੇ ’ਤੇ ਪੈ ਗਈ। ਉਹ ਅੱਗੇ ਵਧਿਆ ਤੇ ਮੇਰਾ ਹੱਥ ਫੜਦਿਆਂ ਉਸ ਨੇ ਮੈਨੂੰ ਜ਼ੋਰ ਦੀ ਖਿੱਚਿਆ ਤਾਂ ਕਿ ਮੈਂ ਮਾਂ ਨਾਲੋਂ ਵੱਖ ਹੋ ਜਾਵਾਂ। ਉਸ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਹੱਥ ਉੱਪਰ ਕਰ ਕੇ ਮੈਨੂੰ ਇੱਕ ਪੈਰ ’ਤੇ ਖੜੋਣ ਦਾ ਹੁਕਮ ਚਾੜ੍ਹ ਦਿੱਤਾ।


ਉਦੋਂ ਮੈਂ ਨੌਂ ਵਰ੍ਹਿਆਂ ਦਾ ਬਾਲ ਸਾਂ। ਅਜੇ ਚਾਰ ਘੰਟੇ ਪਹਿਲਾਂ ਮੇਰੀਆਂ ਅੱਖਾਂ ਸਾਹਮਣੇ ਯਹੂਦੀ ਰਾਮੱਲ੍ਹਾ ਵਿੱਚ ਵੜੇ ਸਨ। ਮੈਂ ਸੜਕ ਦੇ ਵਿਚਕਾਰ ਖੜ੍ਹਾ ਯਹੂਦੀਆਂ ਨੂੰ ਬੁੱਢੀਆਂ ਔਰਤਾਂ ਤੇ ਬੱਚਿਆਂ ਦੇ ਗਹਿਣੇ ਟੋਂਹਦਿਆਂ ਤੇ ਬੜੀ ਬੇਰਹਿਮੀ ਨਾਲ ਉਨ੍ਹਾਂ ਨੂੰ ਖਿੱਚਦਿਆਂ ਦੇਖ ਰਿਹਾ ਸਾਂ। ਫ਼ੌਜਣਾਂ ਵਿੱਚ ਕੁਝ ਗੋਰੀਆਂ ਵੀ ਸਨ, ਉਹ ਵੀ ਉਸੇ ਜੋਸ਼ ਤੇ ਜ਼ਾਲਮ ਤਰੀਕੇ ਨਾਲ ਕੰਮ ਕਰ ਰਹੀਆਂ ਸਨ। ਮੇਰੇ ਵੱਲ ਦੇਖਦੀ ਮਾਂ ਖ਼ਾਮੋਸ਼ੀ ਨਾਲ ਰੋ ਰਹੀ ਸੀ। ਉਸ ਵਕਤ ਮੈਂ ਮਾਂ ਨੂੰ ਕਹਿਣਾ ਚਾਹੁੰਦਾ ਸਾਂ ਕਿ ਮੈਂ ਬਿਲਕੁਲ ਠੀਕ ਹਾਂ ਤੇ ਕੜਕਦੀ ਧੁੱਪ ਮੈਨੂੰ ਇੰਨੀ ਤਕਲੀਫ਼ ਨਹੀਂ ਦੇ ਰਹੀ ਜਿੰਨੀ ਉਸ ਦੀ ਮਮਤਾ ਮਹਿਸੂਸ ਕਰ ਰਹੀ ਹੈ...।
ਮੇਰੇ ਤੋਂ ਸਿਵਾਏ ਮਾਂ ਦਾ ਇਸ ਦੁਨੀਆ ’ਚ ਹੋਰ ਕੋਈ ਨਹੀਂ ਸੀ। ਇਹ ਸਾਰਾ ਕੁਝ ਸ਼ੁਰੂ ਹੋਣ ਤੋਂ ਇੱਕ ਵਰ੍ਹਾ ਪਹਿਲਾਂ ਮੇਰੇ ਅੱਬਾ ਹਜ਼ੂਰ ਇਸ ਦੁਨੀਆ ਤੋਂ ਜਾ ਚੁੱਕੇ ਸਨ, ਮੇਰੇ ਵੱਡੇ ਭਰਾ ਨੂੰ ਉਨ੍ਹਾਂ ਨੇ ਰਾਮੱਲ੍ਹਾ ਵਿੱਚ ਵੜਦਿਆਂ ਹੀ ਫੜ ਲਿਆ ਸੀ। ਮੈਂ ਪੱਕੇ ਤੌਰ ’ਤੇ ਤਾਂ ਨਹੀਂ ਕਹਿ ਸਕਦਾ ਕਿ ਮਾਂ ਦੀਆਂ ਨਜ਼ਰਾਂ ਵਿੱਚ ਮੇਰੀ ਕੀ ਅਹਿਮੀਅਤ ਸੀ, ਪਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਜੇ ਮੈਂ ਦਮੱਸ਼ਕ ਵਿੱਚ ਉਸ ਦੇ ਨਾਲ ਨਾ ਹੁੰਦਾ ਤਾਂ ਉਸ ’ਤੇ ਕੀ ਬੀਤਦੀ। ਦਮੱਸ਼ਕ ਵਿੱਚ ਮੈਂ ਉਸ ਦਾ ਇੱਕੋ ਇੱਕ ਸਹਾਰਾ ਸਾਂ ਤੇ ਅੱਡੇ ’ਤੇ ਬੱਸਾਂ ਵਿੱਚ ਡਰਿਆ ਹੋਇਆ, ਉੱਚੀ ਉੱਚੀ ਚੀਕ ਕੇ ਅਖ਼ਬਾਰਾਂ ਵੇਚਦਾ ਸਾਂ। ਇਸੇ ਨਾਲ ਸਾਡਾ ਦਾਲ-ਫੁਲਕਾ ਚਲਦਾ ਸੀ।


ਖ਼ੈਰ, ਏਧਰ ਕੜਕਦੀ ਧੁੱਪ ਵਿੱਚ ਔਰਤਾਂ ਤੇ ਬੱਚੇ ਚੀਕ ਰਹੇ ਸਨ। ਏਧਰੋਂ ਓਧਰੋਂ ਵਿਰੋਧ ਦੀਆਂ ਮੁਸੀਬਤ ਮਾਰੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਉੱਥੇ ਖੜ੍ਹੇ ਬਹੁਤੇ ਲੋਕਾਂ ਦੇ ਚਿਹਰੇ ਜਾਣੇ-ਪਛਾਣੇ ਲੱਗ ਰਹੇ ਸਨ। ਰਾਮੱਲ੍ਹਾ ਦੀਆਂ ਗਲੀਆਂ ਵਿੱਚ ਫਿਰਦਿਆਂ ਮੈਂ ਉਨ੍ਹਾਂ ਨੂੰ ਕਈ ਵਾਰ ਦੇਖਿਆ ਸੀ। ਉਨ੍ਹਾਂ ਨੂੰ ਇੱਥੇ ਖੜ੍ਹੇ ਦੇਖ ਕੇ ਮੈਨੂੰ ਬੜਾ ਅਫ਼ਸੋਸ ਹੋ ਰਿਹਾ ਸੀ। ਅਚਾਨਕ ਮੈਂ ਦੇਖਿਆ ਕਿ ਇੱਕ ਯਹੂਦੀ ਫ਼ੌਜਣ ਚਾਚਾ ਉਸਮਾਨ ਕੋਲ ਗਈ ਤੇ ਉਸ ਦੀ ਦਾੜ੍ਹੀ ਨਾਲ ਛੇੜਛਾੜ ਕਰਦੀ ਠਹਾਕਾ ਮਾਰ ਕੇ ਹੱਸ ਰਹੀ ਸੀ। ਮੈਂ ਅਜੀਬ ਜਿਹੀ ਹਾਲਤ ਵਿੱਚ ਜਕੜਿਆ ਮਹਿਸੂਸ ਕਰ ਰਿਹਾ ਸਾਂ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ...।
ਚਾਚਾ ਅੱਬੂ ਉਸਮਾਨ ਭਾਵੇਂ ਮੇਰਾ ਸਕਾ ਚਾਚਾ ਨਹੀਂ ਸੀ, ਪਰ ਸਾਰੇ ਉਸ ਨੂੰ ਚਾਚੇ ਵਾਂਗ ਸਤਿਕਾਰ ਦਿੰਦੇ ਸਨ। ਉਹ ਰਾਮੱਲ੍ਹਾ ਵਿੱਚ ਖਤਨੇ ਕਰਨ ਵਾਲਾ ਨਾਈ ਸੀ। ਉਸ ਦਾ ਸੁਭਾਅ ਬੜਾ ਮਿਲਣਸਾਰ ਤੇ ਖ਼ੁਸ਼ਮਿਜਾਜ਼ ਸੀ। ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਲੋਕਾਂ ਦੇ ਦਿਲਾਂ ਵਿੱਚ ਉਸ ਲਈ ਪਿਆਰ-ਮੁਹੱਬਤ ਹੀ ਦੇਖੀ ਹੈ। ਇਸੇ ਕਰ ਕੇ ਸਤਿਕਾਰ ਵਜੋਂ ਅਸੀਂ ਸਾਰੇ ਉਸ ਨੂੰ ਚਾਚਾ ਹੀ ਕਹਿੰਦੇ ਸਾਂ। ਉਹ ਆਪਣੀ ਧੀ ਫਾਤਿਮਾ ਨੂੰ ਘੁੱਟ ਕੇ ਆਪਣੇ ਨਾਲ ਲਾਈ ਖੜ੍ਹਾ ਸੀ। ਨੰਨ੍ਹੀ ਮੁੰਨ੍ਹੀ ਫਾਤਿਮਾ ਆਪਣੀਆਂ ਮਾਸੂਮ ਨਿਗਾਹਾਂ ਨਾਲ ਉਸ ਯਹੂਦੀ ਫ਼ੌਜਣ ਨੂੰ ਦੇਖ ਰਹੀ ਸੀ।
‘‘ਇਹ ਤੇਰੀ ਬੇਟੀ ਹੈ?’’
ਚਾਚਾ ਅੱਬੂ ਉਸਮਾਨ ਨੇ ਬੜੇ ਗੁੱਸੇ ਨਾਲ ਆਪਣਾ ਸਿਰ ਹਿਲਾਇਆ। ਉਸ ਦੀਆਂ ਅੱਖਾਂ ਵਿੱਚ ਹੋਣੀ ਦੀ ਝਲਕ ਨਜ਼ਰ ਆ ਰਹੀ ਸੀ। ਯਹੂਦੀ ਫ਼ੌਜਣ ਨੇ ਬੜੇ ਆਰਾਮ ਨਾਲ ਆਪਣੀ ਛੋਟੀ ਜਿਹੀ ਬੰਦੂਕ ਸਿੱਧੀ ਕੀਤੀ ਤੇ ਮਾਸੂਮ ਫਾਤਿਮਾ ਦੇ ਸਿਰ ’ਤੇ ਨਿਸ਼ਾਨਾ ਲਾ ਦਿੱਤਾ। ਵਿਚਾਰੀ ਨੰਨ੍ਹੀ ਮੁੰਨ੍ਹੀ ਫਾਤਿਮਾ ਜਿਸ ਦੀਆਂ ਕਾਲੀਆਂ ਅੱਖਾਂ ਵਿੱਚ ਹਮੇਸ਼ਾਂ ਹੈਰਾਨੀ ਲਹਿਰਾਉਂਦੀ ਰਹਿੰਦੀ ਸੀ, ਹੁਣ ਉਹ ਟੱਡੀਆਂ ਗਈਆਂ ਸਨ। ਠੀਕ ਉਸੇ ਸਮੇਂ ਇੱਕ ਹੋਰ ਯਹੂਦੀ ਫ਼ੌਜੀ ਗਸ਼ਤ ਕਰਦਾ ਮੇਰੇ ਸਾਹਮਣੇ ਆ ਕੇ ਖਲੋ ਗਿਆ। ਇਹ ਮੰਜ਼ਰ ਦੇਖ ਕੇ ਉਹ ਵੀ ਤਮਾਸ਼ਾ ਦੇਖਣ ਲੱਗਾ, ਜਿਸ ਕਰਕੇ ਸਾਰਾ ਮਾਮਲਾ ਇੱਕ ਵਾਰ ਮੇਰੀਆਂ ਅੱਖਾਂ ਅੱਗੋਂ ਓਝਲ ਹੋ ਗਿਆ, ਪਰ ਮੈਂ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਕੁਝ ਦੇਰ ਬਾਅਦ ਚਾਚਾ ਅੱਬੂ ਉਸਮਾਨ ਨਜ਼ਰੀਂ ਪਿਆ। ਉਸ ਦੇ ਚਿਹਰੇ ’ਤੇ ਦਰਦ ਤੇ ਹਸਰਤ ਦਾ ਦਰਿਆ ਉਬਲਦਾ ਨਜ਼ਰ ਆ ਰਿਹਾ ਸੀ। ਨੰਨ੍ਹੀ ਮੁੰਨ੍ਹੀ ਫਾਤਿਮਾ ’ਤੇ ਨਜ਼ਰ ਪਈ, ਉਸ ਦਾ ਸਿਰ ਅੱਗੇ ਵੱਲ ਲੁੜਕਿਆ ਹੋਇਆ ਸੀ ਤੇ ਅੱਖਾਂ ਪਥਰਾਈਆਂ ਹੋਈਆਂ ਸਨ। ਉਸ ਦੇ ਸਿਰ ਵਿੱਚੋਂ ਖ਼ੂਨ ਦੇ ਫੁਹਾਰੇ ਉਬਲ ਉਬਲ ਕੇ ਜ਼ਮੀਨ ਦੀ ਪਿਆਸ ਬੁਝਾ ਰਹੇ ਸਨ।
ਕੁਝ ਪਲਾਂ ਬਾਅਦ ਚਾਚਾ ਅੱਬੂ ਉਸਮਾਨ ਮੇਰੇ ਅੱਗੋਂ ਲੰਘਿਆ। ਉਸ ਦੇ ਬੁੱਢੇ ਹੱਥਾਂ ਵਿੱਚ ਫਾਤਿਮਾ ਦੀ ਲਾਸ਼ ਸੀ। ਉਹ ਜੰਮੀਆਂ ਹੋਈਆਂ ਖ਼ਾਮੋਸ਼ ਨਜ਼ਰਾਂ ਨਾਲ ਸਿਰਫ਼ ਸਾਹਮਣੇ ਵੱਲ ਦੇਖ ਰਿਹਾ ਸੀ। ਮੇਰੇ ਕੋਲੋਂ ਲੰਘਦਿਆਂ ਉਸ ਨੇ ਮੇਰੇ ਵੱਲ ਦੇਖਿਆ ਤੱਕ ਨਾ। ਉਹ ਝੁਕੀ ਹੋਈ ਕਮਰ ’ਤੇ ਝੂਲਦਾ ਜਾ ਰਿਹਾ ਸੀ ਤੇ ਪਹਿਲੇ ਮੋੜ ਕੋਲ ਹੀ ਅੱਖਾਂ ਤੋਂ ਓਝਲ ਹੋ ਗਿਆ। ਮੇਰੀ ਨਜ਼ਰ ਦੁਬਾਰਾ ਉਸ ਦੀ ਬੀਵੀ ’ਤੇ ਪਈ। ਉਹ ਜ਼ਮੀਨ ’ਤੇ ਬੈਠੀ ਆਪਣਾ ਸਿਰ ਦੋਵਾਂ ਹੱਥਾਂ ਵਿੱਚ ਫੜੀ ਦਰਦ ਨਾਲ ਕਰਾਹੁੰਦੀ ਉੱਚੀ ਉੱਚੀ ਰੋ ਰਹੀ ਸੀ। ਇੱਕ ਯਹੂਦੀ ਫ਼ੌਜੀ ਉਸ ਦੇ ਕੋਲ ਗਿਆ ਤੇ ਇਸ਼ਾਰੇ ਨਾਲ ਉਹਨੂੰ ਖੜ੍ਹੀ ਹੋਣ ਲਈ ਕਿਹਾ... ਪਰ ਬੁੱਢੀ ਚਾਚੀ ਖੜ੍ਹੀ ਨਾ ਹੋਈ, ਉਹ ਬੇਹੱਦ ਮਾਯੂਸ ਨਜ਼ਰ ਆ ਰਹੀ ਸੀ।
ਇਸ ਵਾਰ ਮੈਨੂੰ ਸਾਫ਼ ਨਜ਼ਰ ਆ ਰਿਹਾ ਸੀ ਤੇ ਮੈਂ ਦੇਖਿਆ, ਫ਼ੌਜੀ ਨੇ ਆਪਣੇ ਵੱਡੇ ਬੂਟ ਨਾਲ ਉਸ ਨੂੰ ਜ਼ਬਰਦਸਤ ਠੁੱਡਾ ਮਾਰਿਆ। ਬੁੱਢੀ ਚਾਚੀ ਪਿੱਠ ਪਰਨੇ ਢਹਿ ਪਈ। ਉਸ ਦੇ ਚਿਹਰੇ ’ਤੇ ਖ਼ੂਨ ਉਬਲ ਰਿਹਾ ਸੀ। ਫ਼ੌਜੀ ਨੇ ਬੰਦੂਕ ਦੀ ਨਾਲੀ ਉਸ ਦੀ ਛਾਤੀ ’ਤੇ ਰੱਖਦਿਆਂ ਘੋੜਾ ਦਬਾ ਦਿੱਤਾ...।
ਅਗਲੇ ਪਲ ਉਹ ਹੀ ਫ਼ੌਜੀ ਮੇਰੇ ਵੱਲ ਆਇਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਆਪਣਾ ਦੂਜਾ ਪੈਰ ਜ਼ਮੀਨ ’ਤੇ ਰੱਖ ਲਿਆ ਸੀ। ਫ਼ੌਜੀ ਨੇ ਕੜਕਦੀ ਆਵਾਜ਼ ਵਿੱਚ ਮੈਨੂੰ ਪੈਰ ਚੁੱਕਣ ਲਈ ਕਿਹਾ। ਮੈਂ ਬੌਂਦਲੇ ਹੋਏ ਨੇ ਪੈਰ ਉੱਪਰ ਕਰ ਲਿਆ। ਜਾਂਦੇ ਜਾਂਦੇ ਫ਼ੌਜੀ ਨੇ ਮੈਨੂੰ ਜ਼ੋਰ ਦੀ ਦੋ ਥੱਪੜ ਜੜ ਦਿੱਤੇ। ਮੇਰੇ ਮੂੰਹ ਵਿੱਚੋਂ ਵਗਦਾ ਖੂਨ ਉਸ ਦੇ ਹੱਥ ਨੂੰ ਲੱਗ ਗਿਆ, ਜਿਸ ਨੂੰ ਉਸ ਨੇ ਮੇਰੀ ਕਮੀਜ਼ ਨਾਲ ਪੂੰਝ ਦਿੱਤਾ।
ਮੈਨੂੰ ਬੜੀ ਤਕਲੀਫ਼ ਹੋ ਰਹੀ ਸੀ। ਪੀੜ ਨਾਲ ਜਬਾੜਾ ਸੁੰਨ ਹੋ ਗਿਆ ਸੀ। ਮੇਰੀ ਮਾਂ ਦਾ ਰੋਣ ਨਿਕਲ ਗਿਆ। ਆਪਣੇ ਹੱਥ ਉੱਪਰ ਕਰੀ, ਔਰਤਾਂ ਵਿੱਚ ਖੜ੍ਹੀ, ਉਹ ਖ਼ਾਮੋਸ਼ੀ ਨਾਲ ਕੁਰਲਾ ਰਹੀ ਸੀ। ਪਰ ਇੱਕ ਪਲ ਉਹ ਰੋਂਦੀ ਰੋਂਦੀ ਹੱਸ ਪਈ। ਜਿਸਮ ਦੇ ਬੋਝ ਹੇਠ ਖੜ੍ਹਾ ਮੇਰਾ ਇੱਕ ਪੈਰ ਲੜਖੜਾ ਰਿਹਾ ਸੀ। ਦਰਦ ਤੇ ਚੀਸਾਂ ਨਾਲ ਮੇਰੀਆਂ ਜੰਘਾਂ ਪਾਟਣ ’ਤੇ ਆ ਗਈਆਂ ਸਨ, ਪਰ ਮੈਂ ਵੀ ਹੱਸ ਪਿਆ। ਕਾਸ਼! ਮੈਂ ਦੌੜ ਕੇ ਮਾਂ ਕੋਲ ਜਾ ਸਕਦਾ ਤੇ ਉਸ ਨੂੰ ਦਿਲਾਸਾ ਦੇ ਸਕਦਾ ਕਿ ਮਾਂ ਰੋ ਨਾ। ਉਨ੍ਹਾਂ ਦੋ ਥੱਪੜਾਂ ਤੋਂ ਜ਼ਿਆਦਾ ਮੈਨੂੰ ਬਿਲਕੁਲ ਪੀੜ ਦਾ ਅਹਿਸਾਸ ਨਹੀਂ ਸੀ ਹੋ ਰਿਹਾ। ਮਾਂ ਮੈਂ ਬਿਲਕੁਲ ਠੀਕ ਠਾਕ ਹਾਂ। ਮਾਂ ਰੋ ਨਾ। ਦੇਖ ਚਾਚੇ ਅੱਬੂ ਉਸਮਾਨ ਨੇ ਹੁਣੇ ਹੁਣੇ ਕਿਹੋ ਜਿਹਾ ਹੌਸਲਾ ਦਿਖਾਇਆ, ਤੂੰ ਵੀ ਉਂਜ ਹੀ ਕਰ ਨਾ।
ਸੋਚਾਂ ਦੀ ਇਹ ਲੜੀ ਜਲਦੀ ਟੁੱਟ ਗਈ, ਚਾਚਾ ਅੱਬੂ ਉਸਮਾਨ ਫਾਤਿਮਾ ਨੂੰ ਦਫ਼ਨਾਉਣ ਤੋਂ ਬਾਅਦ ਮੇਰੇ ਅੱਗੋਂ ਲੰਘਿਆ। ਹੁਣ ਵੀ ਜਦੋਂ ਉਹ ਬਿਲਕੁਲ ਮੇਰੇ ਨੇੜਿਓਂ ਲੰਘ ਰਿਹਾ ਸੀ, ਉਸ ਨੇ ਮੇਰੇ ਵੱਲ ਦੇਖਿਆ ਤੱਕ ਨਹੀਂ। ਮੈਨੂੰ ਯਾਦ ਆਇਆ ਕਿ ਉਨ੍ਹਾਂ ਨੇ ਚਾਚੇ ਦੀ ਬੀਵੀ ਨੂੰ ਵੀ ਮਾਰ ਦਿੱਤਾ ਹੈ। ਹੁਣ ਇੱਕ ਨਵੀਂ ਘਟਨਾ ਉਸ ਨੂੰ ਉਡੀਕ ਰਹੀ ਸੀ। ਮੈਂ ਡਰਦਿਆਂ ਨਮ ਅੱਖਾਂ ਨਾਲ ਉਸ ਵੱਲ ਦੇਖਿਆ। ਉਹ ਆਪਣੀ ਥਾਂ ’ਤੇ ਪਹੁੰਚ ਕੇ ਕੁਝ ਦੇਰ ਚੁੱਪ-ਚਾਪ ਖੜ੍ਹਾ ਰਿਹਾ। ਮੁੜ੍ਹਕੇ ਨਾਲ ਭਿੱਜੀ ਉਸ ਦੀ ਪਿੱਠ ਮੇਰੇ ਵੱਲ ਸੀ। ਲੱਗ ਰਿਹਾ ਸੀ ਜਿਵੇਂ ਮੈਂ ਉਸ ਦਾ ਚਿਹਰਾ ਦੇਖ ਰਿਹਾ ਹਾਂ। ਮੁੜ੍ਹਕੇ ਨਾਲ ਤਰ-ਬ-ਤਰ, ਪੀੜ ਤੇ ਤਕਲੀਫ਼ ਨਾਲ ਚਾਚਾ ਅੱਬੂ ਉਸਮਾਨ ਆਪਣੀ ਬੀਵੀ ਦੀ ਲਾਸ਼ ਚੁੱਕਣ ਲਈ ਝੁਕਿਆ। ਉਸ ਦੀ ਬੀਵੀ ਨੂੰ ਮੈਂ ਕਈ ਵਾਰ ਉਸ ਦੀ ਦੁਕਾਨ ਸਾਹਮਣੇ ਦੇਖਿਆ ਸੀ। ਉਹ ਦੁਪਹਿਰੇ ਆਪਣੇ ਪਤੀ ਲਈ ਖਾਣਾ ਪਕਾ ਕੇ ਲਿਆਉਂਦੀ ਸੀ ਤੇ ਜਦੋਂ ਉਹ ਖਾਣਾ ਖਾ ਲੈਂਦਾ ਤਾਂ ਉਹ ਭਾਂਡੇ ਲੈ ਕੇ ਘਰ ਚਲੀ ਜਾਂਦੀ ਸੀ। ਚਾਚਾ ਅੱਬੂ ਉਸਮਾਨ ਤੀਜੀ ਵਾਰ ਮੇਰੇ ਕੋਲੋਂ ਲੰਘਿਆ। ਉਹ ਜ਼ੋਰ ਜ਼ੋਰ ਦੀ ਹੱਫ ਰਿਹਾ ਸੀ ਤੇ ਉਸ ਦਾ ਚਿਹਰਾ ਪੂਰੀ ਤਰ੍ਹਾਂ ਤਰ ਸੀ। ਇਸ ਵਾਰ ਵੀ ਉਸ ਨੇ ਮੇਰੇ ਵੱਲ ਨਹੀਂ ਦੇਖਿਆ। ਮੁੜ੍ਹਕੇ ਨਾਲ ਤਰ-ਬ-ਤਰ, ਝੁਕੀ ਹੋਈ ਕਮਰ ਨਾਲ ਸੜਕ ਦੇ ਦੋਵਾਂ ਕਿਨਾਰਿਆਂ ਵਿੱਚ ਮੈਂ ਉਸ ਨੂੰ ਹੌਲੀ ਹੌਲੀ ਤੁਰਦਿਆਂ ਦੇਖ ਰਿਹਾ ਸਾਂ।
ਲੋਕਾਂ ਨੇ ਰੋਣਾ ਧੋਣਾ ਬੰਦ ਕਰ ਦਿੱਤਾ।
ਔਰਤਾਂ ਤੇ ਬੁੱਢੇ ਸੰਨਾਟੇ ਵਿੱਚ ਘੂਰ ਰਹੇ ਸਨ...
ਇੰਜ ਲੱਗ ਰਿਹਾ ਸੀ ਜਿਵੇਂ ਚਾਚਾ ਅੱਬੂ ਉਸਮਾਨ ਦੀਆਂ ਯਾਦਾਂ ਉਨ੍ਹਾਂ ਨੂੰ ਡੱਸ ਰਹੀਆਂ ਹੋਣ। ਛੋਟੀਆਂ ਛੋਟੀਆਂ ਯਾਦਾਂ ਜੋ ਚਾਚਾ ਅੱਬੂ ਉਸਮਾਨ ਸਾਹਮਣੇ ਬਹਿ ਕੇ ਵਾਲ ਕਟਵਾਉਣ ਵਾਲੇ ਰਾਮੱਲ੍ਹਾ ਦੇ ਹਰ ਬੰਦੇ ਨਾਲ ਜੁੜੀਆਂ ਹੋਈਆਂ ਸਨ...। ਉਨ੍ਹਾਂ ਛੋਟੀਆਂ ਛੋਟੀਆਂ ਯਾਦਾਂ ਕਰ ਕੇ ਲੋਕਾਂ ਦੇ ਦਿਲਾਂ ਵਿੱਚ ਉਸ ਦੇ ਲਈ ਇੱਕ ਖ਼ਾਸ ਥਾਂ ਬਣ ਚੁੱਕੀ ਸੀ। ਇਹੀ ਯਾਦਾਂ ਹੁਣ ਉਨ੍ਹਾਂ ਨੂੰ ਡੱਸ ਰਹੀਆਂ ਸਨ।
ਚਾਚਾ ਅੱਬੂ ਉਸਮਾਨ ਬੜੀ ਖੁਸ਼ਮਿਜ਼ਾਜ ਤਬੀਅਤ ਦਾ ਮਾਲਕ, ਹਰਦਿਲ ਅਜ਼ੀਜ਼ ਇਨਸਾਨ ਸੀ। ਖੁਦਾਰੀ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜਦੋਂ ਜਬਲਉਨਾਰ ਇਨਕਲਾਬ ਕਰਕੇ ਉਸ ਨੂੰ ਰਾਮੱਲ੍ਹਾ ਆਉਣਾ ਪਿਆ ਤਾਂ ਉਸ ਸਮੇਂ ਉਸ ਦੇ ਕੋਲ ਕੱਖ ਵੀ ਨਹੀਂ ਸੀ ਬਚਿਆ। ਕਿਸੇ ਪਵਿੱਤਰ ਥਾਂ ’ਤੇ ਹਰੇ ਪੌਦੇ ਵਾਂਗ ਉਸ ਨੇ ਰਾਮੱਲ੍ਹਾ ਦੀ ਪਵਿੱਤਰ ਧਰਤੀ ’ਤੇ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕੀਤੀ। ਜਲਦੀ ਹੀ ਆਪਣੇ ਕਿਰਦਾਰ ਕਰਕੇ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਜਦੋਂ ਫ਼ਲਸਤੀਨ ਦੀ ਆਖ਼ਰੀ ਜੰਗ ਸ਼ੁਰੂ ਹੋਈ ਤਾਂ ਉਸ ਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਹਥਿਆਰ ਖਰੀਦ ਲਏ। ਉਹ ਹਥਿਆਰ ਉਸ ਨੇ ਆਪਣੇ ਨੇੜਲੇ ਬੰਦਿਆਂ ਵਿੱਚ ਵੰਡ ਦਿੱਤੇ ਤਾਂ ਕਿ ਉਹ ਵੀ ਇਸ ਲੜਾਈ ਵਿੱਚ ਹਿੱਸਾ ਲੈ ਸਕਣ। ਉਸ ਦੀ ਦੁਕਾਨ ਅਸਲੇਖਾਨੇ ਵਿੱਚ ਬਦਲ ਗਈ। ਉਸ ਸਾਰੀ ਕੁਰਬਾਨੀ ਦਾ ਉਹ ਕੋਈ ਸਿਲਾ ਨਹੀਂ ਸੀ ਚਾਹੁੰਦਾ। ਬਸ ਉਸ ਦੀ ਤਾਂ ਇੱਕੋ ਖ਼ਾਹਿਸ਼ ਸੀ ਕਿ ਉਸ ਨੂੰ ਰਾਮੱਲ੍ਹਾ ਦੇ ਦਰੱਖਤਾਂ ਨਾਲ ਭਰੇ ਖ਼ੂਬਸੂਰਤ ਕਬਰਿਸਤਾਨ ਵਿੱਚ ਦਫ਼ਨਾਇਆ ਜਾਵੇ। ਉਹ ਲੋਕਾਂ ਕੋਲੋਂ ਇਸੇ ਆਖ਼ਰੀ ਇੱਛਾ ਦੀ ਪੂਰਤੀ ਚਾਹੁੰਦਾ ਸੀ...। ਰਾਮੱਲ੍ਹਾ ਦੇ ਸਾਰੇ ਲੋਕ ਜਾਣਦੇ ਸਨ ਕਿ ਚਾਚਾ ਅੱਬੂ ਉਸਮਾਨ ਰਾਮੱਲ੍ਹਾ ਦੇ ਕਬਰਿਸਤਾਨ ਵਿੱਚ ਦਫ਼ਨ ਹੋਣਾ ਚਾਹੁੰਦਾ ਹੈ।
ਇਨ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਲੋਕਾਂ ਦੀਆਂ ਜ਼ਬਾਨਾਂ ਗੂੰਗੀਆਂ ਕਰ ਦਿੱਤੀਆਂ, ਮੁੜ੍ਹਕੇ ਨਾਲ ਭਿੱਜੇ ਉਨ੍ਹਾਂ ਦੇ ਚਿਹਰੇ ਉਨ੍ਹਾਂ ਯਾਦਾਂ ਦੀ ਤਹਿ ਵਿੱਚ ਕਰਾਹ ਰਹੇ ਸਨ...। ਮੈਂ ਆਪਣੀ ਮਾਂ ਵੱਲ ਦੇਖਿਆ। ਉਹ ਹੱਥ ਉੱਪਰ ਕਰੀ ਸਿੱਧੀ ਖੜ੍ਹੀ ਚਾਚਾ ਅੱਬੂ ਉਸਮਾਨ ਵੱਲ ਦੇਖ ਰਹੀ ਸੀ... ਉਹ ਇੰਜ ਖ਼ਾਮੋਸ਼ ਸੀ ਜਿਵੇਂ ਗੋਲੀਆਂ ਦਾ ਢੇਰ ਹੋਵੇ। ਮੈਂ ਆਪਣੀ ਨਜ਼ਰ ਏਧਰ-ਓਧਰ ਦੌੜਾਈ। ਚਾਚਾ ਅੱਬੂ ਉਸਮਾਨ ਇੱਕ ਯਹੂਦੀ ਫ਼ੌਜੀ ਨਾਲ ਗੱਲ ਕਰਦਿਆਂ ਆਪਣੀ ਦੁਕਾਨ ਵੱਲ ਇਸ਼ਾਰਾ ਕਰ ਰਿਹਾ ਸੀ। ਫਿਰ ਉਹ ਇਕੱਲਾ ਆਪਣੀ ਦੁਕਾਨ ਵੱਲ ਗਿਆ ਤੇ ਇੱਕ ਸਫ਼ੈਦ ਕੱਪੜਾ ਲੈ ਕੇ ਵਾਪਸ ਆ ਗਿਆ। ਉਸ ਸਫ਼ੈਦ ਕੱਪੜੇ ਨਾਲ ਉਸ ਨੇ ਆਪਣੀ ਬੀਵੀ ਦੀ ਲਾਸ਼ ਢੱਕ ਦਿੱਤੀ ਤੇ ਲੈ ਕੇ ਕਬਰਿਸਤਾਨ ਵੱਲ ਚੱਲ ਪਿਆ।
ਥੋੜ੍ਹੀ ਦੇਰ ਬਾਅਦ ਉਹ ਦੂਰੋਂ ਆਉਂਦਾ ਨਜ਼ਰੀਂ ਪਿਆ। ਥੱਕੇ ਥੱਕੇ ਕਦਮ, ਝੁਕੀ ਹੋਈ ਕਮਰ, ਢਿਲਕੇ ਹੱਥਾਂ ਸਹਾਰੇ, ਹੌਲੀ ਹੌਲੀ ਤੁਰਦਿਆਂ ਉਹ ਮੇਰੇ ਵੱਲ ਆ ਰਿਹਾ ਸੀ। ਚਾਚਾ ਉਮਰੋਂ ਜ਼ਿਆਦਾ ਬੁੱਢਾ ਲੱਗ ਰਿਹਾ ਸੀ। ਚਿਹਰਾ ਮਿੱਟੀ ਘੱਟੇ ਨਾਲ ਭਰਿਆ ਪਿਆ ਸੀ। ਤੁਰਦਿਆਂ ਉਹ ਕਰਾਹ ਰਿਹਾ ਸੀ। ਉਸ ਦੀ ਫਤੂਹੀ ’ਤੇ ਵੀ ਥਾਂ ਥਾਂ ਖ਼ੂਨ ਤੇ ਗਿੱਲੀ ਮਿੱਟੀ ਲੱਗੀ ਹੋਈ ਸੀ...।
ਇਸ ਵਾਰ ਚਾਚੇ ਨੇ ਮੇਰੇ ਵੱਲ ਇੰਜ ਦੇਖਿਆ
ਜਿਵੇਂ ਪਹਿਲੀ ਵਾਰ ਦੇਖ ਰਿਹਾ ਹੋਵੇ। ਜੁਲਾਈ ਦੀ ਝੁਲਸਾ ਦੇਣ ਵਾਲੀ ਧੁੱਪ ਵਿੱਚ ਸੜਕ ’ਤੇ ਖੜ੍ਹਾ ਇੱਕ ਬੱਚਾ, ਮਿੱਟੀ ਘੱਟੇ ਨਾਲ ਲਿਬੜਿਆ ਚਿਹਰਾ, ਮੁੜ੍ਹਕੋ ਮੁੜ੍ਹਕੀ ਹੋਇਆ ਜਿਸਮ, ਫਟੇ ਹੋਏ ਹੋਠਾਂ ’ਤੇ ਨਿਕਲ ਨਿਕਲ ਕੇ ਜੰਮਿਆ ਖ਼ੂਨ। ਉਸ ਨੇ ਕਰਾਹੁੰਦਿਆਂ ਬੜੇ ਗਹੁ ਨਾਲ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ
ਵਿੱਚ ਬੜੇ ਡੂੰਘੇ ਅਰਥ ਛੁਪੇ ਹੋਏ ਸਨ, ਜਿਨ੍ਹਾਂ ਨੂੰ ਮੈਂ
ਨਹੀਂ ਸਾਂ ਸਮਝ ਸਕਿਆ, ਪਰ ਮਹਿਸੂਸ ਪੂਰੀ ਤਰ੍ਹਾਂ ਕਰ ਰਿਹਾ ਸਾਂ। ਚਾਚਾ ਅੱਬੂ ਉਸਮਾਨ ਹੌਲੀ ਹੌਲੀ ਤੁਰਦਾ, ਮਿੱਟੀ ਘੱਟੇ ਨਾਲ ਲਿਬੜਿਆ, ਕਰਾਹੁੰਦਾ ਹੋਇਆ ਆਪਣੀ ਥਾਂ ’ਤੇ ਵਾਪਸ ਆ ਗਿਆ। ਉਹ ਉੱਥੇ ਰੁਕਿਆ, ਆਪਣਾ ਮੂੰਹ ਸੜਕ ਵੱਲ ਕੀਤਾ ਤੇ ਹੱਥ ਖੜ੍ਹੇ ਕਰ ਕੇ ਖਲੋ ਗਿਆ।
ਚਾਚਾ ਅੱਬੂ ਉਸਮਾਨ ਦੀ ਖ਼ਾਹਿਸ਼ ਮੁਤਾਬਿਕ ਲੋਕ ਉਸ ਨੂੰ ਦਫ਼ਨਾ ਨਹੀਂ ਸਕੇ। ਹੋਇਆ ਇੰਜ ਕਿ ਜਦੋਂ ਉਸ ਕੋਲੋਂ ਰਾਜ਼ ਉਗਲਵਾਉਣ ਲਈ ਯਹੂਦੀ ਫ਼ੌਜੀ ਉਸ ਨੂੰ ਹੈੱਡਕੁਆਰਟਰ ਲੈ ਕੇ ਗਏ, ਉਸ ਵਕਤ ਲੋਕਾਂ ਨੇ ਬੜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਪੂਰਾ ਹੈੱਡਕੁਆਰਟਰ ਤਬਾਹ ਹੋ ਗਿਆ ਤੇ ਇਮਾਰਤ ਦੇ ਮਲਬੇ ਵਿੱਚ ਚਾਚਾ ਅੱਬੂ ਉਸਮਾਨ ਦੇ ਚੀਥੜੇ ਉੱਡ ਗਏ।
ਅਸੀਂ ਪਹਾੜੀ ਰਸਤਿਓਂ ਅਰਦਨ ਜਾ ਰਹੇ ਸਾਂ। ਲੋਕਾਂ ਨੇ ਮੇਰੀ ਮਾਂ ਨੂੰ ਦੱਸਿਆ ਕਿ ਜਦੋਂ ਚਾਚਾ ਅੱਬੂ ਉਸਮਾਨ ਆਪਣੀ ਬੀਵੀ ਨੂੰ ਦਫ਼ਨਾਉਣ ਤੋਂ ਪਹਿਲਾਂ ਆਪਣੀ ਦੁਕਾਨ ਵਿੱਚ ਗਿਆ ਸੀ ਤਾਂ ਉਸ ਵਕਤ ਇਕੱਲਾ ਸਫ਼ੈਦ ਕੱਪੜਾ ਲੈ ਕੇ ਹੀ ਵਾਪਸ ਨਹੀਂ ਸੀ ਆਇਆ।
- ਅਨੁਵਾਦ: ਪਰਮਜੀਤ ਢੀਂਗਰਾ
ਸੰਪਰਕ: 88476-10125

Advertisement
Author Image

Advertisement