ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂ ਬਣੇ ਜਾਨ ਦਾ ਖੌਅ
ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਨਵੰਬਰ
ਲਹਿਰਾਗਾਗਾ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਸੜਕਾਂ ’ਤੇ ਘੁੰਮਦੇ ਇਹ ਲਾਵਾਰਿਸ ਪਸ਼ੂ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ। ਸ਼ਹਿਰ ਦੇ ਹਰੇਕ ਗਲੀ-ਮੁਹੱਲੇ ਅਤੇ ਲਗਭਗ ਹਰੇਕ ਚੌਕ ਵਿੱਚ ਇਹ ਪਸ਼ੂ ਝੁੰਡ ਬਣਾ ਕੇ ਬੈਠੇ ਰਹਿੰਦੇ ਹਨ।
ਕਈ ਵਾਰੀ ਇਨ੍ਹਾਂ ਦੇ ਆਪਸੀ ਭਿੜਣ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋ ਚੁੱਕੇ ਹਨ ਪ੍ਰੰਤੂ ਪ੍ਰਸ਼ਾਸਨ ਅਤੇ ਗਊਸ਼ਾਲਾ ਪ੍ਰਬੰਧਕ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਹ ਲਾਵਾਰਿਸ ਪਸ਼ੂ ਦਿਨ ਅਤੇ ਰਾਤ ਸਮੇਂ ਸੜਕਾਂ ਦੇ ਵਿਚਾਲੇ ਬੈਠੇ ਹੁੰਦੇ ਹਨ। ਇਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਥੋਂ ਤੱਕ ਕਿ ਕਈ ਵਾਰੀ ਹਨੇਰੇ ਦੌਰਾਨ ਇਹ ਆਵਾਰਾ ਕਾਲੇ ਰੰਗ ਦੇ ਢੱਠੇ ਤਾਂ ਸੜਕ ’ਤੇ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਹਨ। ਇਸ ਲਈ ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਸਥਾਨਕ ਗਊਸ਼ਾਲਾ ਜਾਂ ਕਿਸੇ ਹੋਰ ਗਊਸ਼ਾਲਾ ਵਿੱਚ ਭੇਜਿਆ ਜਾਵੇ। ਗਊਸ਼ਾਲਾ ਕਮੇਟੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਲਾਵਾਰਿਸ ਪਸ਼ੂਆਂ ਨੂੰ ਫੜਕੇ ਗਊਸ਼ਾਲਾ ਵਿੱਚ ਲਿਆਂਦਾ ਗਿਆ ਹੈ। ਗਊਸ਼ਾਲਾ ਦੇ ਵਿੱਚ ਡੇਢ ਹਜ਼ਾਰ ਪਸ਼ੂ ਧਨ ਤੋਂ ਵੱਧ ਗਏ ਹਨ ਅਤੇਗਊਸ਼ਾਲਾ ਦਾ ਕੋਈ ਪਸ਼ੂ ਬਾਹਰ ਨਹੀਂ ਨਿਕਲਦੇ ਪਰ ਨੇੜਲੇ ਪਿੰਡਾਂ ਦੇ ਲੋਕ ਆਪਣੇ ਆਵਾਰਾ ਪਸ਼ੂ ਹਨੇਰੇ ਸਵੇਰੇ ਸ਼ਹਿਰ ਨੇੜੇ ਛੱਡ ਜਾਂਦੇ ਹਨ, ਜੋ ਲੋਕਾਂ ਲਈ ਸਮੱਸਿਆ ਖੜ੍ਹੀ ਕਰਦੇ ਹਨ। ਕੁਝ ਵਰ੍ਹੇ ਪਹਿਲਾਂ ਪ੍ਰਸ਼ਾਸਨ ਨੇ ਲਾਵਾਰਿਸ ਪਸ਼ੂਆਂ ਲਈ ਜ਼ਿਲ੍ਹਾ ਪੱਧਰ ਦੇ ਪਸ਼ੂਆਂ ਲਈ ਵੱਡੀ ਗਊਸ਼ਾਲਾ ਖੌਲ੍ਹੀ ਸੀ ਪਰ ਉਹ ਵੀ ਫਾਇਦੇਮੰਦ ਸਾਬਤ ਨਹੀਂ ਹੋਈ।