ਵੱਡੀ ਮਾਤਰਾ ’ਚ ਅਣ-ਅਧਿਕਾਰਤ ਕੀਟਨਾਸ਼ਕ ਦਵਾਈਆਂ ਜ਼ਬਤ
ਜੋਗਿੰਦਰ ਸਿੰਘ ਮਾਨ/ਬਲਜੀਤ ਸਿੰਘ
ਮਾਨਸਾ/ਸਰਦੂਲਗੜ੍ਹ, 29 ਜੁਲਾਈ
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਦੰਦੀਵਾਲ ਬੀਜ ਭੰਡਾਰ ਝੰਡੂਕੇ ਪਿੰਡ ’ਚ ਛਾਪਾ ਮਾਰਿਆ ਗਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਕਤ ਫਰਮ ’ਤੇ ਅਣ-ਅਧਿਕਾਰਤ ਕੰਪਨੀ ਵੁੱਡਲੈਂਡ ਐਗਰੀਟੈੱਕ ਇੰਡੀਆ, ਮਾਰਸ਼ ਫਰਟੀਕੈਮ ਲਿਮਟਿਡ (ਮਾਰਕੀਟਿੰਗ) ਅਤੇ ਮਾਡਰਨ ਕਰੋਪ ਸਾਇੰਸ, ਕਨੇਸ਼ੀਆ ਕਰੋਪ ਕੈਮੀਕਲ ਪ੍ਰਾਈਵੇਟ ਲਿਮਟਿਡ, ਕਰਾਪ ਵੈਲ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ (ਨਿਰਮਾਤਾ ਕੰਪਨੀ) ਵੱਲੋਂ ਝੋਨੇ ਅਤੇ ਨਰਮੇ ਦੀਆਂ ਕੀਟਨਾਸ਼ਕ ਦਵਾਈਆਂ ਸਪਲਾਈ ਕੀਤੀ ਗਈਆਂ ਸਨ। ਉਤਪਾਦਾਂ ਦੀ ਜਾਂਚ ਕਰ ਕੇ ਖੇਤੀਬਾੜੀ ਵਿਭਾਗ ਵੱਲੋਂ ਸੈਂਪਲਿੰਗ ਕੀਤੀ ਗਈ ਅਤੇ ਨਾਲ ਹੀ ਪੰਜਾਬ ਪੁਲੀਸ ਨੂੰ ਲਿਖਤੀ ਸੂਚਨਾ ਦੇ ਕੇ 8 ਕੁਇੰਟਲ 82 ਕਿਲੋ 29 ਲਿਟਰ ਮਾਲ ਜ਼ਬਤ ਕਰਵਾਇਆ ਗਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਮੈਸਰਜ਼ ਕਿਸਾਨ ਖਾਦ ਭੰਡਾਰ, ਸਰਦੂਲਗੜ੍ਹ ਦੀ ਵੀ ਚੈਕਿੰਗ ਕੀਤੀ ਗਈ ਸੀ ਜਿਸ ਦੌਰਾਨ ਅਣ-ਅਧਿਕਾਰਤ 12 ਕੀਟਨਾਸ਼ਕ ਦਵਾਈਆਂ ਮਿਲੀਆਂ ਅਤੇ ਇਨਸੈਕਟੀਸਾਈਡ ਐਕਟ ਅਧੀਨ ਇਨ੍ਹਾਂ 12 ਦਵਾਈਆਂ ਦੀ ਸੇਲ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਮੈਸਰਜ਼ ਜਿੰਮੀਦਾਰਾ ਪੈਸਟੀਸਾਇਡਜ, ਰਮਦਿੱਤਾ ਚੌਕ, ਮਾਨਸਾ ਦੀ ਸ਼ਿਕਾਇਤ ਉਪਰੰਤ ਪੜਤਾਲ ਸਬੰਧੀ ਛਾਪਾ ਮਾਰਿਆ ਗਿਆ ਅਤੇ ਫਰਮ ਦੇ ਸਥਾਨ ਤੋਂ ਮਨਜ਼ੂਰੀ ਤੋਂ ਬਿਨਾਂ ਰੱਖੀਆਂ ਗਈਆਂ 2 ਖਾਦਾਂ ਅਤੇ 5 ਖਾਦਾਂ ਬਿਨਾਂ ਅਧਿਕਾਰ ਪੱਤਰ ਤੋਂ ਮਿਲੀਆਂ ਸਨ, ਜਿਸ ਕਾਰਨ ਉਕਤ ਫਰਮ ਦੇ ਮਾਲਕ ਅਤੇ ਫਰਮ ਦੇ ਕਾਮੇ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਐੱਫਆਈਆਰ ਦਰਜ ਕਰਵਾ ਦਿੱਤੀ ਗਈ ਸੀ। ਇਸ ਮੌਕੇ ਇਨਸੈਕਟੀਸਾਈਡ ਇੰਸਪੈਕਟਰ ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸੁਲੇਖ ਅਮਨ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਗੁਰਪ੍ਰੀਤ ਸਿੰਘ ਹਾਜ਼ਰ ਸਨ।
ਪੈਸਟੀਸਾਈਡ ਐਸੋਸੀਏਸ਼ਨ ਨੇ ਦੁਕਾਨਾਂ ਬੰਦ ਕਰ ਕੇ ਧਰਨਾ ਦਿੱਤਾ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਖੇਤੀ ਵਿਭਾਗ ਵੱਲੋਂ ਨੌਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਅੱਜ ਪੈਸਟੀਸਾਈਡ ਐਸੋਸੀਏਸ਼ਨ ਮਾਨਸਾ ਵੱਲੋਂ ਖੇਤੀਬਾੜੀ ਮਹਿਕਮੇ ਦੇ ਇੱਥੇ ਸਥਿਤ ਦਫ਼ਤਰ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਆਗੂ ਤਰਸੇਮ ਚੰਦ ਮਿੱਢਾ ਨੇ ਕਿਹਾ ਕਿ ਖੇਤੀ ਵਿਭਾਗ ਵੱਲੋਂ ਡੀਲਰਾਂ ਤੋਂ ਸੈਂਪਲ ਲੈਣ ਦੀ ਥਾਂ ਕੰਪਨੀਆਂ ਦੇ ਸਟੋਰਾਂ ਤੋਂ ਸੈਂਪਲ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਬੀਜ ਦੀ ਉੱਗਣ ਸ਼ਕਤੀ ਘੱਟ ਹੋਣ ਕਰਕੇ ਲਾਇਸੈਂਸ ਰੱਦ ਕੀਤੇ ਗਏ ਹਨ, ਪਰ ਡੀਲਰ ਸਿਰਫ਼ ਬੀਜ ਵੇਚਣ ਵਾਲਾ ਹੁੰਦਾ ਹੈ, ਨਾ ਕਿ ਬੀਜ ਬਣਾਉਣ ਵਾਲਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜ ਹੀ ਡੀਲਰ ਵੇਚਦੇ ਹਨ ਅਤੇ ਹੁਣ ਸੈਂਪਲ ਫੇਲ੍ਹ ਹੋਣ ਵੇਲੇ ਕਿਸੇ ਕਿਸਾਨ ਨੇ ਨਾ ਖੇਤੀ ਵਿਭਾਗ ਨੂੰ ਅਤੇ ਨਾ ਹੀ ਪੈਸਟੀਸਾਈਡ ਐਸੋਸੀਏਸ਼ਨ ਨੂੰ ਕੋਈ ਸ਼ਿਕਾਇਤ ਕੀਤੀ ਹੈ, ਇਸਦੇ ਬਾਵਜੂਦ ਸੈਂਪਲ ਲਏ ਗਏ ਹਨ। ਇਸ ਮੌਕੇ ਵਿਨੈ ਸਿੰਗਲਾ, ਭੀਮ ਸੈਨ, ਐੱਨ ਕੇ ਗੋਇਲ, ਮੁਨੀਸ਼ ਕੁਮਾਰ ਅਤੇ ਪ੍ਰੇਮ ਕੁਮਾਰ ਨੇ ਸੰਬੋਧਨ ਕੀਤਾ।