ਸਿਹਤ ਵਿਭਾਗ ਵੱਲੋਂ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰ ਸੀਲ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਸਤੰਬਰ
ਸਿਹਤ ਵਿਭਾਗ ਵੱਲੋਂ ਅਣ-ਅਧਿਕਾਰਤ ਨਸ਼ਾ-ਛੁਡਾਊ ਕੇਂਦਰ ਸੀਲ ਕੀਤਾ ਗਿਆ ਜਿੱਥੋਂ 17 ਮਰੀਜ਼ਾਂ ਨੂੰ ਸਰਕਾਰੀ ਨਸ਼ਾ-ਛੁਡਾਊ ਕੇਂਦਰ ਮੈਡੀਕਲ ਕਾਲਜ ਅੰਮ੍ਰਿਤਸਰ ਭੇਜਿਆ ਗਿਆ ਹੈ। ਇਸ ਸਬੰਧੀ ਸਿਹਤ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਜਿਸ ’ਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਜ਼ਿਲ੍ਹਾ ਨੋਡਲ ਅਫ਼ਸਰ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਡਾ. ਭਾਰਤੀ ਧਵਨ, ਡਾ. ਨਕੁਲ ਤੇ ਰਘੂ ਤਲਵਾੜ ਸ਼ਾਮਲ ਸਨ। ਇਸ ਟੀਮ ਦੇ ਨਾਲ ਮੌਕੇ ’ਤੇ ਐੱਸ.ਡੀ.ਐੱਮ. ਮਜੀਠਾ ਅਤੇ ਪੁਲੀਸ ਪਾਰਟੀ ਦੀ ਮਦਦ ਨਾਲ ਜੈਂਤੀਪੁਰ ਅੱਡਾ ਵਿੱਚ ਇੱਕ ਇਮਾਰਤ ਵਿੱਚ ਚੱਲ ਰਹੇ ਅਣ-ਅਧਿਕਾਰਤ ਨਸ਼ਾ-ਛੁਡਾਊ ਕੇਂਦਰ ’ਤੇ ਛਾਪਾ ਮਾਰਿਆ ਗਿਆ। ਇਸ ਸਬੰਧੀ ਡਾ. ਭਾਰਤੀ ਧਵਨ ਨੇ ਦੱਸਿਆ ਕਿ ਇਹ ਸੈਂਟਰ ਬਿਨਾਂ ਕਿਸੇ ਰਜਿਸਟਰੇਸ਼ਨ ਜਾਂ ਲਾਇਸੈਂਸ ਦੇ ਅਣ-ਅਧਿਕਾਰਤ ਤੌਰ ’ਤੇ ਚਲਾਇਆ ਜਾ ਰਿਹਾ ਸੀ। ਇਸ ਮੌਕੇ ਇੱਥੇ ਕੁੱਲ 32 ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਦਾਖਲ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੌਕੇ ’ਤੇ ਕਾਰਵਾਈ ਕਰਦਿਆਂ 17 ਮਰੀਜ਼ਾਂ ਨੂੰ ਸਰਕਾਰੀ ਨਸ਼ਾ-ਛੁਡਾਊ ਕੇਂਦਰ ਮੈਡੀਕਲ ਕਾਲਜ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਅਤੇ 13 ਮਰੀਜ਼ਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ, ਜਦਕਿ 2 ਮਰੀਜ਼ ਉੱਥੋਂ ਦੇ ਹੀ ਕਰਮਚਾਰੀ ਸਨ। ਇਸ ਉਪਰੰਤ ਉਕਤ ਸੈਂਟਰ ਨੂੰ ਸੀਲ ਕਰਕੇ ਪੁਲੀਸ ਨੂੰ ਕਾਰਵਾਈ ਕਰਨ ਹਿੱਤ ਲਿਖਿਆ ਗਿਆ ਹੈ।