ਅਣਐਲਾਨੇ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਮੋਰਿੰਡਾ-ਰੋਪੜ ਸੜਕ ’ਤੇ ਆਵਾਜਾਈ ਠੱਪ
ਸੰਜੀਵ ਤੇਜਪਾਲ
ਮੋਰਿੰਡਾ, 25 ਜੁਲਾਈ
ਇਥੇ ਪਿੰਡ ਬੂਰਮਾਜਰਾ ਦੇ ਗਰਿੱਡ ਤੋਂ ਪਿਛਲੇ ਚਾਰ ਦਨਿਾਂ ਤੋਂ ਬਿਜਲੀ ਦੀ ਨਾਕਸ ਸਪਲਾਈ ਤੋਂ ਤੰਗ ਆਏ ਪਿੰਡਾਂ ਦੇ ਵਸਨੀਕਾਂ ਨੇ ਮੋਰਿੰਡਾ-ਰੋਪੜ ਸੜਕ ’ਤੇ ਜਾਮ ਲਗਾ ਕੇ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਹ ਧਰਨਾ ਲਗਪੱਗ ਦੋ ਘੰਟਿਆਂ ਤੱਕ ਚੱਲਿਆ ਅਤੇ ਪ੍ਰਸ਼ਾਸਨਿਕ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਗਰਿੱਡ ਤੋਂ ਬਿਜਲੀ ਸਪਲਾਈ ਚਾਲੂ ਕਰਨ ਦਾ ਭਰੋਸਾ ਮਿਲਣ ਮਗਰੋਂ ਖਤਮ ਕੀਤਾ ਗਿਆ। ਇਸ ਦੌਰਾਨ ਪਿੰਡ ਸੰਘੋਲ ਵਿੱਚ ਵੀ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਦੁਖੀ ਪਿੰਡ ਵਾਸੀਆਂ ਨੇ ਵੀ ਸੜਕ ਜਾਮ ਕਰਨ ਦੀ ਧਮਕੀ ਦਿੱਤੀ ਹੈ
ਕਿਸਾਨ ਆਗੂ ਜਸਵਿੰਦਰ ਸਿੰਘ ਕਾਈਨੌਰ ਤੇ ਨੰਬਰਦਾਰ ਮੇਜਰ ਸਿੰਘ ਓਇੰਦ ਨੇ ਦੱਸਿਆ ਕਿ ਪਿੰਡ ਬੂਰਮਾਜਰਾ ਦੇ ਬਿਜਲੀ ਗਰਿੱਡ ਨਾਲ ਆਸ-ਪਾਸ ਦੇ 25 ਪਿੰਡ ਜੁੜੇ ਹੋਏ ਹਨ। ਇਨ੍ਹਾਂ ਪਿੰਡਾਂ ਪਿਛਲੇ ਚਾਰ ਦਨਿਾਂ ਤੋਂ ਬਿਜਲੀ ਦੀ ਸਪਲਾਈ ਬਹੁਤ ਘੱਟ ਮਿਲਣ ਕਾਰਨ ਕਿਸਾਨ ਤੇ ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਬਿਜਲੀ ਆਉਣ ਸਬੰਧੀ ਸਹੀ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਕਿਸਾਨ ਦਨਿ ਰਾਤ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖਰੜ ਸ਼ਹਿਰ ਵਿੱਚ ਕਿਸੇ ਟਰਾਂਸਫਾਰਮਰ ਦੇ ਖ਼ਰਾਬ ਹੋਣ ਕਾਰਨ ਪਿੰਡ ਬੂਰਮਾਜਰਾ ਦੇ ਗਰਿੱਡ ਤੋਂ 25 ਪਿੰਡਾਂ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਕੱਟ ਕੇ ਖਰੜ ਸ਼ਹਿਰ ਵਿੱਚ ਪੂਰੀ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪਿੰਡ ਬੂਰਮਾਜਰਾ ਦੇ ਗਰਿੱਡ ਨਾਲ ਜੁੜੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਅਤੇ ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ 8 ਘੰਟੇ ਦਨਿ ’ਚ ਬਿਜਲੀ ਦੀ ਰੈਗੂਲਰ ਸਪਲਾਈ ਬਹਾਲ ਕੀਤੀ ਜਾਵੇ। ਇਸ ਮੌਕੇ ਐੱਸਡੀਐੱਮ ਦੀਪਾਂਕਰ ਗਰਗ, ਡੀਐੱਸਪੀ ਜਰਨੈਲ ਸਿੰਘ, ਤਨਵੀਰ ਸਿੰਘ ਐਸਡੀਓ ਕੁਰਾਲੀ ਅਤੇ ਇੰਸਪੈਕਟਰ ਸਿਮਰਨਜੀਤ ਸਿੰਘ ਐੱਸਐੱਚਓ ਮੋਰਿੰਡਾ ਸਦਰ ਧਾਰਨਾਕਾਰੀਆਂ ਕੋਲ ਗੱਲਬਾਤ ਲਈ ਪਹੁੰਚੇ। ਇਸ ਮੌਕੇ ਬਿਜਲੀ ਬੋਰਡ ਦੇ ਐੱਸਡੀਓ ਤਨਵੀਰ ਸਿੰਘ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਬੂਰ ਮਾਜਰਾ ਗਰਿੱਡ ਤੋਂ ਬਿਜਲੀ ਦੀ ਸਪਲਾਈ ਜਲਦੀ ਚਾਲੂ ਕਰ ਦਿੱਤੀ ਜਾਵੇਗੀ ਅਤੇ ਜਿੰਨਾ ਸਮਾਂ ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਨਹੀਂ ਮਿਲੀ ਉਸ ਕਮੀ ਨੂੰ ਵੀ ਬੋਰਡ ਵੱਲੋਂ ਵਾਧੂ ਸਮਾਂ ਬਿਜਲੀ ਦੇ ਕੇ ਪੂਰਾ ਕੀਤਾ ਜਾਵੇਗਾ। ਜਿਸ ਉਪਰੰਤ ਧਾਰਨਾਕਾਰੀਆਂ ਵੱਲੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।
ਕਿਸਾਨਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ
ਖਰੜ (ਪੱਤਰ ਪ੍ਰੇਰਕ): ਚਾਰ ਦਨਿਾਂ ਤੋਂ ਇਲਾਕੇ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਨੇ ਅੱਜ ਭਾਗੋਮਾਜਰਾ ਸਥਿਤ ਪਾਵਰਕੌਮ ਦੇ ਡਿਵੀਜ਼ਨਲ ਦਫਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਜਸਵੰਤ ਸਿੰਘ ਭੁਖੜੀ ਨੇ ਕਿਹਾ ਕਿ ਪਿਛਲੇ 4 ਦਨਿਾਂ ਤੋਂ ਇਲਾਕੇ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ। ਜਿਥੇ ਇੱਕ ਪਾਸੇ ਉਨਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ, ਉਥੇ ਦੂਜੇ ਪਾਸੇ ਉਨ੍ਹਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਉਹ ਅੱਜ ਇੱਥੇ ਚਿਤਾਵਨੀ ਦੇਣ ਆਏ ਹਨ ਕਿ ਜੇ ਤੁਰੰਤ ਬਿਜਲੀ ਸਪਲਾਈ ਨਾ ਹੋਈ ਤਾਂ ਵੱਡਾ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਫਿਰ ਅਧਿਕਾਰੀਆਂ ਨੇ ਇਹ ਭਰੋਸਾ ਦਿੱਤਾ ਹੈ ਕਿ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ। ਇਸੇ ਦੌਰਾਨ ਉੱਥੇ ਮੌਜੂਦ ਡਿਵੀਜ਼ਨਲ ਸੁਪਰਡੈਂਟ ਗੁਲਜ਼ਾਰ ਸਿੰਘ ਨੇ ਕਿਹਾ ਕਿ ਖਰਾਬ ਹੋਏ ਟਰਾਂਸਫਾਰਮਰ ਨੂੰ ਠੀਕ ਕਰਨ ਲੱਗੇ ਹੋਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਾਮ ਤੱਕ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ