ਗੋਇੰਦਵਾਲ ਸਾਹਿਬ ’ਚ ਸਰਪੰਚੀ ਲਈ ਸਰਬਸੰਮਤੀ ਦਾ ਵਿਰੋਧ
ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 30 ਸਤੰਬਰ
ਇੱਥੇ ਸਿਆਸੀ ਪਾਰਟੀਆਂ ਦੇ ਕੁਝ ਨੁਮਾਇੰਦਿਆਂ ਵੱਲੋਂ ਕਥਿਤ ਤੌਰ ’ਤੇ ਆਪਣੇ ਪੱਧਰ ’ਤੇ ਸਰਪੰਚੀ ਦੀ ਚੋਣ ਨੂੰ ਲੈ ਕੇ ਕੀਤੀ ਗਈ ਸਰਬਸੰਮਤੀ ਨੂੰ ਪਿੰਡ ਵਾਸੀਆਂ ਨੇ ਨਕਾਰ ਦਿੱਤਾ ਹੈ। ਅੱਜ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਬੀਬੀ ਭਾਨੀ ਵਿਖੇ ਭਾਰੀ ਇਕੱਠ ਕੀਤਾ ਗਿਆ। ਇਸ ਦੌਰਾਨ ਕੁਝ ਸਿਆਸੀ ਆਗੂਆਂ ਵੱਲੋਂ ਸੱਤਾਧਾਰੀ ਧਿਰ ਨਾਲ ਸਬੰਧਤ ਆਗੂ ਨੂੰ ਪਿੰਡ ਦਾ ਸਰਪੰਚ ਚੁਣਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਸਿਆਸੀ ਲੋਕ ਆਪਣੇ ਫੈਸਲੇ ਪਿੰਡ ਵਾਸੀਆਂ ’ਤੇ ਜਬਰਦਸਤੀ ਥੋਪ ਨਹੀਂ ਸਕਦੇ।
ਜਿਕਰਯੋਗ ਹੈ ਕਿ ਬੀਤੇ ਕੱਲ੍ਹ ਪਿੰਡ ਦੇ ਕੁਝ ਸਿਆਸੀ ਆਗੂਆਂ ਵੱਲੋਂ ਹਮ ਸਲਾਹ ਹੋਕੇ ਆਮ ਆਦਮੀ ਪਾਰਟੀ ਨਾਲ ਸਬੰਧਤ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਅਤਿ ਕਰੀਬੀ ਸਾਥੀ ਨਿਰਮਲ ਸਿੰਘ ਢੋਟੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਸੀ। ਇਕੱਠ ਵਿੱਚ ਮੌਜੂਦ ਕੁਲਦੀਪ ਸਿੰਘ ਔਲਖ, ਮੈਂਬਰ ਵਰਿੰਦਰ ਜੋਤੀ, ਮੱਸਾ ਸਿੰਘ ਤੇ ਮੋਹਨ ਸਿੰਘ ਆਦਿ ਨੇ ਆਖਿਆ ਕਿ ਪਿੰਡ ਦੀ ਪੰਚਾਇਤੀ ਚੋਣ ਸੰਵਿਧਾਨਕ ਤਰੀਕੇ ਨਾਲ ਹੋਣੀ ਚਾਹੀਦੀ ਹੈ। ਇਸ ਮੌਕੇ ਕੁਲਦੀਪ ਸਿੰਘ ਲਾਹੌਰੀਆ ਨੇ ਸਮੂਹ ਨਗਰ ਨਿਵਾਸੀਆਂ ਦੀ ਅਪੀਲ ’ਤੇ ਸਰਪੰਚ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਜੈਕਾਰਿਆ ਦੀ ਗੂੰਜ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਨੂੰ ਸਮਰਥਨ ਦੇਣ ਦਾ ਵਿਸ਼ਵਾਸ ਦੁਆਇਆ।