ਬਰਿਆਰ ਤੇ ਅਕਬਰਪੁਰ ਦੀਆਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ
ਦਲੇਰ ਸਿੰਘ ਚੀਮਾ
ਭੁਲੱਥ, 27 ਸਤੰਬਰ
ਸਬ-ਡਿਵੀਜ਼ਨ ਭੁਲੱਥ ਵਿੱਚ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਬਰਿਆਰ ਤੇ ਅਕਬਰਪੁਰ ਦੀਆਂ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਇਸ ਤਹਿਤ ਪਿੰਡ ਬਰਿਆਰ ਵਿੱਚ ਲੰਬੜਦਾਰ ਸਤਪਾਲ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪੰਚਾਇਤ ਵਿੱਚ ਸਰਪੰਚ ਤੋਂ ਇਲਾਵਾ ਦੋ ਮਹਿਲਾ ਮੈਂਬਰਾਂ ਸਣੇ ਕੁੱਲ ਛੇ ਮੈਬਰਾਂ ਦੀ ਚੋਣ ਕੀਤੀ ਗਈ ਹੈ। ਮੈਬਰ ਪੰਚਾਇਤ ਵਿਚ ਪੰਚ ਜਸਵਿੰਦਰ ਸਿੰਘ, ਦਲੀਪ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ, ਪਵਨਪ੍ਰੀਤ ਕੌਰ, ਸਰਬਜੀਤ ਸਿੰਘ ਕੌਰ ਬਣਾਏ ਗਏ ਹਨ। ਇਸੇ ਤਰ੍ਹਾਂ ਪਿੰਡ ਅਕਬਰਪੁਰ ਵਿੱਚ ਕੁਲਦੀਪ ਸਿੰਘ ਮੁਨੀਮ ਸਰਬਸੰਮਤੀ ਨਾਲ ਸਰਪੰਚ ਬਣੇ।
ਇਸ ਮੌਕੇ ਪਿੰਡ ਬਰਿਆਰ ਦੇ ਸਰਪੰਚ ਸਤਪਾਲ ਸਿੰਘ ਨੇ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਬਸੰਮਤੀ ਨਾਲ ਚੋਣ ਪਿੰਡ ਦੇ ਲੋਕਾਂ ਦੀ ਇਕਜੁੱਟਤਾ ਦਾ ਪ੍ਰਗਟਾਵਾ ਹੈ। ਇਸ ਸਰਬਸੰਮਤੀ ਨਾਲ ਹੋਈ ਚੋਣ ਬਾਰੇ ਭੁਲੱਥ ਦੇ ਐੱਸਡੀਐੱਮ ਡੇਵੀ ਗੋਇਲ ਨੇ ਕਿਹਾ ਕਿ ਇਹ ਚੋਣ ਲੋਕਾਂ ਵਿੱਚ ਪਿਆਰ ਵਧਾਉਣ, ਲੜਾਈ-ਝਗੜੇ ਘਟਾਉਣ ਤੇ ਪਿੰਡਾਂ ਦੇ ਵਿਕਾਸ ਲਈ ਸਾਰਥਕ ਕਦਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭੁਲੱਥ ਸਬ ਡਵੀਜ਼ਨ ਵਿੱਚ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾਵੇ ਅਤੇ ਜੇ ਸਰਬਸੰਮਤੀ ਨਾ ਵੀ ਹੁੰਦੀ ਹੋਵੇ ਤਾਂ ਵੀ ਵੋਟਿੰਗ ਅਮਨ-ਅਮਾਨ ਨਾਲ ਕੀਤੀ ਜਾਵੇ।
ਡੱਬਰੀ ਨੂੰ ਵੀ ਬਿਨਾ ਵਿਰੋਧ ਸਰਪੰਚ ਮਿਲਿਆ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾਂ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਵਿਅਕਤੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਕਾਗਜ਼ ਤਿਆਰ ਕਰਨ ਵਿੱਚ ਰੁਝ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਈ ਪਿੰਡਾਂ ਨੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅੱਜ ਪਿੰਡ ਮਲਸੀਆਂ ਦੀ ਪੱਤੀ ਡੱਬਰੀ ਵਾਸੀਆਂ ਨੇ ਸਰਬਸੰਮਤੀ ਨਾਲ 6 ਮੈਂਬਰੀ ਪੰਚਾਇਤ ਦੀ ਚੋਣ ਕੀਤੀ। ਬਲਾਕ ਸ਼ਾਹਕੋਟ ਦੇ ਵੀਡੀਓ (ਪੇਂਡੂ ਵਿਕਾਸ ਅਫਸਰ) ਦਵਿੰਦਰ ਸਿੰਘ ਨੇ ਦੱਸਿਆ ਕਿ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਵਿਚ ਸੁਖਜੀਤ ਕੌਰ ਹੁੰਦਲ ਸਰਪੰਚ, ਡਾ. ਅੰਮ੍ਰਿਤਪਾਲ ਸਿੰਘ ਹੁੰਦਲ, ਦਵਿੰਦਰ ਸਿੰਘ ਹੁੰਦਲ, ਹਰਜੀਤ ਕੌਰ ਹੁੰਦਲ, ਅੰਮ੍ਰਿਤਪਾਲ ਸਿੰਘ ਹੁੰਦਲ ਅਤੇ ਪਰਮਜੀਤ ਕੌਰ ਹੁੰਦਲ ਪੰਚ ਚੁਣੇ ਗਏ ਹਨ। ਉਨ੍ਹਾਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦੀ ਅਪੀਲ ਕੀਤੀ ਹੈ।