ਪਿੰਡ ਮਾਣਕ ਦੇਕੇ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 28 ਸਤੰਬਰ
ਹਲਕਾ ਖਡੂਰ ਸਾਹਿਬ ਅਤੇ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮਾਣਕ ਦੇਕੇ ਦੇ ਪਿੰਡ ਵਾਸੀਆਂ ਨੇ ਪਹਿਲਕਦਮੀ ਕਰਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਹੈ। ਪਿੰਡ ਵਾਸੀ ਅਰਪਿੰਦਰਪਾਲ ਸਿੰਘ ਅਤੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਦੇ ਗੁਰਦੁਆਰੇ ਵਿੱਚ ਸਮੁੱਚੇ ਪਿੰਡ ਵਾਸੀਆਂ ਦੇ ਇਕੱਠ ਦੌਰਾਨ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਦਾ ਗਠਨ ਕਰਦਿਆਂ ਬਲਦੇਵ ਸਿੰਘ, ਗੁਰਦੇਵ ਸਿੰਘ, ਰਾਜਵਿੰਦਰ ਸਿੰਘ ਲਾਡੀ, ਨਿੰਦਰ ਸਿੰਘ, ਮਨਜਿੰਦਰ ਸਿੰਘ ਸਮੇਤ ਪੰਜ ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸਕੱਤਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਪਹਿਲਕਦਮੀ ਕਰਦਿਆਂ ਬੂਟਾ ਸਿੰਘ ਦੇ ਨਾਮ ਤੇ ਮੋਹਰ ਲਾਈ, ਜਿਸ ਨੂੰ ਸਮੁੱਚੇ ਪਿੰਡ ਵਾਸੀਆਂ ਨੇ ਪ੍ਰਵਾਨ ਕਰਦਿਆਂ ਬੂਟਾ ਸਿੰਘ ਨੂੰ ਸਰਪੰਚ ਐਲਾਨ ਦਿੱਤਾ। ਇਸ ਮੌਕੇ ਦਵਿੰਦਰ ਸਿੰਘ, ਸਤਨਾਮ ਸਿੰਘ ਸ਼ਾਹ, ਦਿਲਬਾਗ ਸਿੰਘ ਸ਼ਾਹ, ਲਖਬੀਰ ਸਿੰਘ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਹੋਈ ਸਰਬਸੰਮਤੀ ਨਾਲ ਹੋਈ ਚੋਣ ਸਦਕਾ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਰਸਮੀ ਤੇ ਕਾਨੂੰਨੀ ਪ੍ਰਕ੍ਰਿਆ ਤਹਿਤ ਬੂਟਾ ਸਿੰਘ ਦੇ ਨਾਮ ਅਤੇ ਪਿੰਡ ਦੀ ਸਰਪੰਚੀ ਲਈ ਲੋੜੀਂਦੇ ਦਸਤਾਵੇਜ਼ ਬੀਡੀਪੀਓ ਚੋਹਲਾ ਸਾਹਿਬ ਕੋਲ ਜਮ੍ਹਾ ਕਰਵਾ ਦਿੱਤੇ ਜਾਣਗੇ।
ਵਿਧਾਇਕ ਲਾਲਪੁਰਾ ਨੇ ਪਿੰਡ ਮਾਣਕ ਦੇਕੇ ਦੇ ਵਾਸੀਆਂ ਨੂੰ ਦਿੱਤੀ ਵਧਾਈ
ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪਿੰਡ ਮਾਣਕ ਦੇਕੇ ਵਿੱਚ ਸਰਬਸੰਮਤੀ ਨਾਲ ਹੋਈ ਸਰਪੰਚ ਦੀ ਚੋਣ ਲਈ ਪਿੰਡ ਵਾਸੀਆ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਿੰਡ ਮਾਣਕ ਦੇਕੇ ਦੇ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਬੂਟਾ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ, ਜਿਸ ਲਈ ਸਮੁੱਚਾ ਪਿੰਡ ਵਧਾਈ ਦਾ ਪਾਤਰ ਹੈ। ਉਨ੍ਹਾਂ ਆਖਿਆ ਕਿ ਹਲਕੇ ਦੇ ਦੂਜੇ ਪਿੰਡ ਵੀ ਧੜੇਬੰਦੀਆਂ ਖਤਮ ਕਰ ਸਰਬਸੰਮਤੀ ਦੀ ਮਿਸਾਲ ਪੇਸ਼ ਕਰਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਬਣੀ ਰਹੇ।