ਪਿੰਡ ਬਾਘਾ ਵਿੱਚ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ
ਪੱਤਰ ਪ੍ਰੇਰਕ
ਰਾਮਾਂ ਮੰਡੀ, 30 ਸਤੰਬਰ
ਪਿੰਡਾਂ ਵਿਚੋਂ ਪਾਰਟੀਬਾਜ਼ੀ ਖਤਮ ਕਰਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਇਸ ਵਾਰ ਸਰਪੰਚੀ ਦੀਆਂ ਚੋਣਾਂ ਕਰਵਾਉਣ ਦੀ ਬਜਾਏ ਪਿੰਡਾਂ ਦੇ ਲੋਕਾਂ ਵੱਲੋਂ ਸਰਬਸੰਮਤੀਆਂ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਲੜੀ ਤਹਿਤ ਰੋਜ਼ਾਨਾ ਪੰਜਾਬ ਦੇ ਪਿੰਡਾਂ ਵਿਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ। ਅੱਜ ਨੇੜਲੇ ਪਿੰਡ ਬਾਘਾ ਦੇ ਲੋਕਾਂ ਵੱਲੋਂ ਪਿੰਡ ਦੇ ਗੁਰੂਘਰ ਵਿਖੇ ਇੱਕ ਵੱਡਾ ਇਕੱਠ ਕਰਕੇ ਸਰਬਸੰਮਤੀ ਨਾਲ ਪਿੰਡ ਬਾਘਾ ਦੀ ਗ੍ਰਾਮ ਪੰਚਾਇਤ ਦੀ ਚੋਣ ਕੀਤੀ ਗਈ ਜਿਸ ਵਿਚ ਸੁਖਮਿੰਦਰ ਕੌਰ ਪਤਨੀ ਜੀਤ ਸਿੰਘ ਨੂੰ ਪਿੰਡ ਬਾਘਾ ਦੀ ਸਰਪੰਚ, ਹਰਮੇਲ ਸਿੰਘ, ਹਰਮੰਦਰ ਸਿੰਘ, ਠਾਣਾ ਸਿੰਘ, ਗੁਰਦਾਸ ਸਿੰਘ ਅਤੇ ਚਰਨਾ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਹੈ। ਇਸ ਪਿੰਡ ਵਾਸੀਆਂ ਨੇ ਪੰਚਾਇਤੀ ਚੋਣ ਲਈ ਸਰਬਸੰਮਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਜਿੱਥੇ ਪਿੰਡ ਅੰਦਰ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਉੱਥੇ ਬਿਨਾਂ ਭੇਦਭਾਵ ਪਿੰਡ ਦਾ ਵਿਕਾਸ ਵੀ ਹੋਵੇਗਾ। ਇਸ ਮੌਕੇ ਪੰਚਾਇਤ ਵੱਲੋਂ ਖੁਸ਼ੀ ਵਿੱਚ ਲੋਕਾਂ ਨਾਲ ਰੰਗਾਂ ਦੀ ਹੋਲੀ ਵੀ ਖੇਡੀ ਗਈ।