ਗ੍ਰਾਮ ਪੰਚਾਇਤ ਕੋਠੇ ਸੰਪੂਰਨ ਸਿੰਘ ਦੀ ਸਰਬਸੰਮਤੀ ਨਾਲ ਚੋਣ
ਸ਼ਗਨ ਕਟਾਰੀਆ
ਜੈਤੋ, 27 ਸਤੰਬਰ
ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਪਲੇਠੇ ਦਿਨ ਹੀ ਬਲਾਕ ਜੈਤੋ ’ਚ ਚੰਗੇਰੀ ਸ਼ੁਰੂਆਤ ਹੋਈ। ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਦੀ ਪ੍ਰੇਰਣਾ ਅਤੇ ਸੁਹਿਰਦ ਯਤਨਾਂ ਸਦਕਾ ਕੋਠੇ ਸੰਪਰੂਨ ਸਿੰਘ ਦੇ ਲੋਕਾਂ ਨੇ ਗ੍ਰਾਮ ਪੰਚਾਇਤ ਦੇ ਸਮੁੱਚੇ ਨੁਮਾਇੰਦੇ ਸਰਬਸੰਮਤੀ ਨਾਲ ਚੁਣਨ ਦੀ ਪਹਿਲਕਦਮੀ ਕੀਤੀ।
ਇਸ ਸਬੰਧ ’ਚ ਅੱਜ ਪਿੰਡ ਵਿੱਚ ਲੋਕਾਂ ਦਾ ਇਕੱਠ ਹੋਇਆ। ਇਥੇ ਵਿਧਾਇਕ ਅਮੋਲਕ ਸਿੰਘ ਵੀ ਪੁੱਜੇ ਹੋਏ ਸਨ। ਉਨ੍ਹਾਂ ਪਿੰਡ ਵਾਸੀਆਂ ਨੂੰ ਭਾਈਚਾਰਕ ਮਿਲਵਰਤਣ ਦੀ ਮਿਸਾਲ ਕਾਇਮ ਕਰਨ ਲਈ ਪ੍ਰੇਰਿਆ ਤਾਂ ਪਿੰਡ ਵਾਸੀ ਝੱਟ ਤਿਆਰ ਹੋ ਗਏ। ਪਿੰਡ ਦੇ ਲੋਕਾਂ ਨੇ ਆਪਣੇ ਏਕੇ ਅਤੇ ਪਿਆਰ ਦਾ ਸਬੂਤ ਦਿੰਦਿਆਂ ਗੁਰਮੇਲ ਸਿੰਘ ਬਰਾੜ ਨੂੰ ਸਰਵ ਪ੍ਰਵਾਨਗੀ ਨਾਲ ਸਰਪੰਚ ਚੁਣ ਲਿਆ। ਇਸੇ ਤਰ੍ਹਾਂ ਜਸਕਰਨ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ ਅਤੇ ਮਨਜੀਤ ਕੌਰ ਦੀ ਪੰਚ ਵਜੋਂ ਚੋਣ ਕੀਤੀ ਗਈ। ਮੁਬਾਰਕਾਂ ਦੇ ਆਦਾਨ-ਪ੍ਰਦਾਨ ਦੌਰਾਨ ਹੀ ਵਿਧਾਇਕ ਅਮੋਲਕ ਸਿੰਘ ਨੇ ਨਵੇਂ ਚੁਣੇ ਪੰਚਾਇਤੀ ਨੁਮਾਇੰਦਿਆਂ ਦੇ ਹਾਰ ਪਹਿਨਾ ਕੇ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਵਾਲੀਆਂ ਗ੍ਰਾਮ ਪੰਚਾਇਤਾਂ ਲਈ ਐਲਾਨੀ ਗਈ 5 ਲੱਖ ਰੁਪਏ ਦੀ ਨਗਦ ਰਾਸ਼ੀ, ਉਹ ਜਲਦੀ ਹੀ ਪੰਚਾਇਤ ਨੂੰ ਦੁਆਉਣਗੇ। ਇਸ ਮੌਕੇ ਟਰੱਕ ਅਪ੍ਰੇਟਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਲਾਡੀ ਬਿਸ਼ਨੰਦੀ, ਦਵਿੰਦਰ ਸਿੰਘ ਖਾਲਸਾ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ।
ਪਿੰਡ ਮਾਨਵਾਲਾ ’ਚ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ
ਰਾਮਾਂ ਮੰਡੀ (ਪੱਤਰ ਪ੍ਰੇਰਕ): ਪਿੰਡ ਮਾਨਵਾਲਾ ਵਿੱਚ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਅੱਜ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ। ਇਸ ਚੋਣ ਵਿਚ ਗੁਰਜੰਟ ਸਿੰਘ ਸੰਧੂ ਨੂੰ ਸਰਪੰਚ, ਹਰਬੰਸ ਸਿੰਘ ਮਾਨ, ਸੁਖਰਾਜ ਸਿੰਘ ਮਾਨ, ਜਗਸੀਰ ਸਿੰਘ ਸੰਧੂ, ਨਾਥਾ ਸਿੰਘ, ਸੁਖਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਰਸ਼ਪ੍ਰੀਤ ਕੌਰ ਦੀ ਪੰਚ ਵਜੋਂ ਚੋਣ ਕੀਤੀ ਗਈ। ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਸਰਪੰਚ ਗੁਰਜੰਟ ਸਿੰਘ ਸੰਧੂ ਨੇ ਪਿੰਡ ਦੇ ਸਰਕਾਰੀ ਸਕੂਲ ਨੂੰ ਏਅਰਕੰਡੀਸ਼ਨਰ ਕਰਨ ਲਈ 5 ਲੱਖ ਰੁਪਏ, ਪੰਚ ਹਰਬੰਸ ਸਿੰਘ ਮਾਨ, ਸੁਖਰਾਜ ਸਿੰਘ ਮਾਨ, ਜਗਸੀਰ ਸਿੰਘ, ਸੁਖਪ੍ਰੀਤ ਕੌਰ ਅਤੇ ਰਸ਼ਪ੍ਰੀਤ ਕੌਰ ਨੇ ਸਕੂਲ ਨੂੰ 25000-25000 ਰੁਪਏ ਦੇਣ ਐਲਾਨ ਕੀਤਾ ਹੈ। ਨਵੀਂ ਚੁਣੀ ਪੰਚਾਇਤ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪਿੰਡ ਨੂੰ ਨਸ਼ਾਮੁਕਤ ਕਰਨਾ ਅਤੇ ਇਮਾਨਦਾਰੀ ਨਾਲ ਪਿੰਡ ਦਾ ਵਿਕਾਸ ਕਰਨਾ ਹੈ।