For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਰਾਸ਼ਟਰ ਦੇ ਆਗੂਆਂ ਵੱਲੋਂ ਭਾਰਤ ਦੇ ‘ਨਾਰੀ ਸ਼ਕਤੀ’ ਪ੍ਰੋਗਰਾਮ ਦੀ ਸ਼ਲਾਘਾ

07:30 AM Mar 10, 2024 IST
ਸੰਯੁਕਤ ਰਾਸ਼ਟਰ ਦੇ ਆਗੂਆਂ ਵੱਲੋਂ ਭਾਰਤ ਦੇ ‘ਨਾਰੀ ਸ਼ਕਤੀ’ ਪ੍ਰੋਗਰਾਮ ਦੀ ਸ਼ਲਾਘਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸੰਯੁਕਤ ਰਾਸ਼ਟਰ, 9 ਮਾਰਚ
ਸੰਯੁਕਤ ਰਾਸ਼ਟਰ ਦੇ ਚੋਟੀ ਦੇ ਆਗੂਆਂ ਨੇ ਭਾਰਤ ਦੇ ਨਾਰੀ ਸ਼ਕਤੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਔਰਤਾਂ ਦੇਸ਼ ਦੇ ਵਿਕਾਸ ਦੀ ਕਥਾ ਦੀਆਂ ਕਥਾਵਾਚਕ ਹਨ। ਉਨ੍ਹਾਂ ਦੇਸ਼ ਭਰ ਵਿੱਚ ਖੇਤੀ ਤੋਂ ਲੈ ਕੇ ਤਕਨਾਲੋਜੀ ਤੱਕ ਵੱਖ-ਵੱਖ ਖੇਤਰਾਂ ਵਿੱਚ ਮਹਿਲਾਵਾਂ ਦੀ ਅਗਵਾਈ ਹੇਠ ਵਿਕਾਸ ਹੋਣ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਕਮਿਸ਼ਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਸਬੰਧੀ ਬੀਤੇ ਦਿਨ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੀ ਅਰਾਕੂ ਵਾਦੀ ਵਿੱਚ ਕਬਾਇਲੀ ਭਾਈਚਾਰੇ ਵੱਲੋਂ ਕੀਤੀ ਜਾਂਦੀ ਅਰਾਕੂ ਕੌਫੀ ਦੀ ਖੇਤੀ ’ਤੇ ਵੀ ਚਾਨਣਾ ਪਾਇਆ ਗਿਆ। ਸੰਯੁਕਤ ਰਾਸ਼ਟਰ ਦੀ ਆਮ ਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫਰਾਂਸਿਸ ਨੇ ਕਿਹਾ, ‘‘ਵਿੱਤ ਤੇ ਡਿਜੀਟਲ ਤਕਨਾਲੋਜੀ ਤੋਂ ਲੈ ਕੇ ਸਿਹਤ, ਸਿੱਖਿਆ, ਪੁਲਾੜ ਅਤੇ ਹਵਾਬਾਜ਼ੀ ਤੱਕ ਭਾਰਤੀ ਮਹਿਲਾਵਾਂ ਦੇਸ਼ ਦੇ ਵਿਕਾਸ ਦੀ ਕਹਾਣੀ ਦੀਆਂ ਕਥਾਵਾਚਕ ਹਨ...ਕਾਬਿਲ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਸਬੰਧੀ ਭਾਰਤ ਦੀ ਵਚਨਬੱਧਤਾ ਦੁਨੀਆ ਦੇ ਹੋਰ ਦੇਸ਼ਾਂ ਲਈ ਵੀ ਉਦਾਹਰਨ ਬਣਦੀ ਹੈ।’’ ਉਨ੍ਹਾਂ ਕਿਹਾ, ‘‘ਲਿੰਗ ਸਮਾਨਤਾ, ਮਹਿਲਾ ਸ਼ਕਤੀਕਰਨ ਅਤੇ ਇਹ ਯਕੀਨੀ ਬਣਾਉਣ ਕਿ ਨਿਆਂ ਤੇ ਬਰਾਬਰੀ ਵਾਲੀ ਇਸ ਦੁਨੀਆ ਵਿੱਚ ਕੋਈ ਵੀ ਪਿੱਛੇ ਨਾ ਰਹਿ ਜਾਵੇ, ਦੇ ਵਿਚਾਰ ਨੂੰ ਪ੍ਰਫੁੱਲਿਤ ਕਰਨ ਸਬੰਧੀ ਭਾਰਤ ਦੀ ਵਚਨਬੱਧਤਾ ਤੋਂ ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।’’ ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਕਿਹਾ ਕਿ ਭਾਰਤ ਵਿੱਚ ਔਰਤਾਂ ਤੇ ਟਿਕਾਊ ਖੇਤੀ ਵਿਚਾਲੇ ਸਬੰਧ ਕਮਾਲ ਦਾ ਹੈ। ਇਸ ਦੌਰਾਨ ਭਾਰਤ ਵੱਲੋਂ ਯੂਐਨ ਅੰਬੈਸਡਰ ਦੀ ਸਥਾਈ ਨੁਮਾਇੰਦਾ ਰੁਚਿਰਾ ਕੰਬੋਜ ਨੇ ਵੀ ਸੰਬੋਧਨ ਕੀਤਾ। -ਪੀਟੀਆਈ

Advertisement

ਮਹਿਲਾਵਾਂ ਲਈ ਕਾਨੂੰਨੀ ਤੌਰ ’ਤੇ ਸਮਾਨਤਾ ਹਾਸਲ ਕਰਨ ’ਚ 300 ਸਾਲ ਲੱਗ ਸਕਦੇ ਨੇ: ਗੁਟੇਰੇਜ਼

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਿਹਾ ਕਿ ਔਰਤਾਂ ਲਈ ਕਾਨੂੰਨੀ ਸਮਾਨਤਾ ਹਾਸਲ ਕਰਨ ਵਿੱਚ ਸਦੀਆਂ ਲੱਗ ਸਕਦੀਆਂ ਹਨ ਕਿਉਂਕਿ ਵਿਆਪਕ ਵਿਤਕਰੇ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਖ਼ਿਲਾਫ਼ ਲਿੰਗ ਸਮਾਨਤਾ ਵਾਸਤੇ ਲੜਾਈ ਹੁਣ ਇਕ ਸੰਘਰਸ਼ ਬਣਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਖ਼ਿਲਾਫ਼ ਇਕ ਆਲਮੀ ਪ੍ਰਤੀਕਰਮ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਭ ਤੋਂ ਗੰਭੀਰ ਉਦਾਹਰਨ ਅਫ਼ਗਾਨਿਸਤਾਨ ਵਿੱਚ ਮਿਲਦੀ ਹੈ, ਜਿੱਥੇ ਕਾਬਜ਼ ਧਿਰ ਤਾਲਬਿਾਨ ਨੇ ਕੁੜੀਆਂ ’ਤੇ ਛੇਵੀਂ ਜਮਾਤ ਤੋਂ ਵੱਧ ਪੜ੍ਹਨ, ਘਰ ਤੋਂ ਬਾਹਰ ਜਨਤਕ ਥਾਵਾਂ ਜਿਵੇਂ ਕਿ ਪਾਰਕਾਂ ਅਤੇ ਸਲੂਨ ਆਦਿ ’ਚ ਨੌਕਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੀ ਮੌਜੂਦਾ ਦਰ ਮੁਤਾਬਕ ਮਹਿਲਾਵਾਂ ਲਈ ਕਾਨੂੰਨੀ ਤੌਰ ’ਤੇ ਸਮਾਨਤਾ ਹਾਸਲ ਕਰਨ ਵਿੱਚ 300 ਸਾਲ ਲੱਗ ਸਕਦੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×