ਸੰਯੁਕਤ ਰਾਸ਼ਟਰ ਮੁਖੀ ਵੱਲੋਂ ਨਫ਼ਰਤ ਤੇ ਭੇਦਭਾਵ ਮਿਟਾਉਣ ਦੀ ਅਪੀਲ
ਸੰਯੁਕਤ ਰਾਸ਼ਟਰ, 23 ਅਗਸਤ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਸੰਸਾਰ ਨੂੰ ਨਫ਼ਰਤ ਅਤੇ ਪੱਖਪਾਤ ਦਾ ਖ਼ਾਤਮਾ ਕਰਨ ਲਈ ਯਤਨ ਕਰਨ ਦੀ ਅਪੀਲ ਕੀਤੀ ਹੈ। ਧਾਰਮਿਕ ਵਿਸ਼ਵਾਸਾਂ ਦੇ ਅਧਾਰ ’ਤੇ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਮਰਪਿਤ ਦਿਨ ਮੌਕੇ ਅੱਜ ਗੁਟੇਰੇਜ਼ ਨੇ ਕਿਹਾ ਕਿ ਕਰੋਨਾਵਾਇਰਸ ਦੇ ਪੂਰੇ ਵਿਸ਼ਵ ਵਿਚ ਫੈਲਣ ਤੋਂ ਬਾਅਦ ਨਸਲਵਾਦ ਵਧ ਗਿਆ ਹੈ, ਬੇਵਜ੍ਹਾ ਦੋਸ਼ ਮੜ੍ਹੇ ਜਾ ਰਹੇ ਹਨ ਅਤੇ ਵਿਸ਼ੇਸ਼ ਭਾਈਚਾਰਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਰੋਕਣ ਦੀ ਲੋੜ ਹੈ। ਗੁਟੇਰੇਜ਼ ਨੇ ਆਪਣੇ ਭਾਸ਼ਣ ਵਿਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਅਪਰਾਧਾਂ, ਧਾਰਮਿਕ ਸਥਾਨਾਂ ਉਤੇ ਹੋਏ ਹਮਲਿਆਂ ਦੀਆਂ ਕੁਝ ਉਦਾਹਰਣਾਂ ਵੀ ਦਿੱਤੀਆਂ। ਉਨ੍ਹਾਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਧਰਮ ਜਾਂ ਉਨ੍ਹਾਂ ਦੇ ਵਿਸ਼ਵਾਸ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਗੁਟੇਰੇਜ਼ ਨੇ ਕਿਹਾ ਕਿ ਇਸ ਪੱਖਪਾਤ ਦਾ ਖ਼ਾਤਮਾ ਕਰਨ ਲਈ ਪਹਿਲਾਂ ਅਸਹਿਣਸ਼ੀਲਤਾ ਦੀਆਂ ਜੜ੍ਹਾਂ ਤਲਾਸ਼ ਕੇ ਹੱਲ ਕੱਢਣੇ ਪੈਣਗੇ। ਵਿਭਿੰਨਤਾ ਨੂੰ ਸਵੀਕਾਰ ਕਰਨਾ ਪਵੇਗਾ ਤੇ ਅਜਿਹੇ ਅਪਰਾਧ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। -ਆਈਏਐਨਐੱਸ