ਉੱਚ ਅਦਾਲਤ ਵੱਲੋਂ ਰਾਹਤ ਮਿਲਣ ਮਗਰੋਂ ਵੀ ਉਮਰਾਨੰਗਲ ਦੀਆਂ ਦਿੱਕਤਾਂ ਬਰਕਰਾਰ
ਦਵਿੰਦਰ ਪਾਲ
ਚੰਡੀਗੜ੍ਹ, 2 ਫਰਵਰੀ
ਪੰਜਾਬ ਪੁਲੀਸ ਦੇ ਵਿਵਾਦਤ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਉੱਚ ਅਦਾਲਤ ਨੇ ਭਾਵੇਂ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਹਨ ਪਰ ਪਿਛਲੇ ਕਈ ਸਾਲਾਂ ਤੋਂ ਮੁਅੱਤਲੀ ਅਧੀਨ ਚੱਲ ਰਹੇ ਇਸ ਪੁਲੀਸ ਅਧਿਕਾਰੀ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਅਜੇ ਵੀ ਮੂੰਹ ਅੱਡੀ ਖੜ੍ਹੀਆਂ ਹਨ। ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਵੇਲੇ ਅਹਿਮ ਅਹੁਦਿਆਂ ’ਤੇ ਰਹੇ ਉਮਰਾਨੰਗਲ ਨੂੰ ਕਾਂਗਰਸ ਸਰਕਾਰ ਵੇਲੇ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਪੁਲੀਸ ਅਧਿਕਾਰੀ ਪਿਛਲੇ ਪੰਜ ਸਾਲਾਂ ਤੋਂ ਮੁਅੱਤਲੀ ਅਧੀਨ ਹੀ ਚੱਲ ਰਿਹਾ ਸੀ ਜੋ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ 21 ਅਕਤੂਬਰ 2023 ਨੂੰ ਉਮਰਾਨੰਗਲ ਤੇ ਦੋ ਹੋਰ ਅਧਿਕਾਰੀਆਂ ਖ਼ਿਲਾਫ਼ ਝੂਠੇ ਪੁਲੀਸ ਮੁਕਾਬਲੇ ਵਿੱਚ ਇੱਕ ਵਿਅਕਤੀ ਨੂੰ ਮਾਰਨ ਦੇ ਦੋੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਮੁਤਾਬਕ ਉਮਰਾਨੰਗਲ ਨੇ 1994 ਵਿੱਚ ਮੋਰਿੰਡਾ ਦਾ ਡੀਐੱਸਪੀ ਹੁੰਦਿਆਂ ਗੁਰਨਾਮ ਸਿੰਘ ਬੁੰਡਾਲਾ ਨਾਮੀ ਅਤਿਵਾਦੀ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਜਦਕਿ ਗੁਰਨਾਮ ਸਿੰਘ ਬਾਅਦ ਵਿੱਚ ਜਿਉਂਦਾ ਨਿਕਲਿਆ। ਉਸ ਵੇਲੇ ਪੁਲੀਸ ਨੇ ਸੁਖਪਾਲ ਸਿੰਘ ਨਾਂ ਦੇ ਵਿਅਕਤੀ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਕੇ ਤਰੱਕੀਆਂ ਅਤੇ ਇਨਾਮ ਹਾਸਲ ਕੀਤੇ ਸਨ। ਇਹ ਪੁਲੀਸ ਅਧਿਕਾਰੀ ਪੰਜਾਬੀ ਗਾਇਕ ਦਲੇਰ ਮਹਿੰਦੀ ਖ਼ਿਲਾਫ਼ ਕਬੂਤਰਬਾਜ਼ੀ ਦਾ ਕੇਸ ਦਰਜ ਕਰਨ ਵੇਲੇ ਵੀ ਸੁਰਖੀਆਂ ਵਿੱਚ ਆਇਆ ਸੀ। ਉਮਰਾਨੰਗਲ ਨੂੰ ਤਰਸ ਦੇ ਆਧਾਰ ’ਤੇ ਅਤਿਵਾਦ ਪੀੜਤ ਪਰਿਵਾਰ ਦੇ ਮੈਂਬਰ ਵਜੋਂ 80ਵਿਆਂ ਦੇ ਅੰਤਲੇ ਸਾਲਾਂ ਵਿੱਚ ਪੰਜਾਬ ਪੁਲੀਸ ਵਿੱਚ ਸਿੱਧੀ ਡੀਐੱਸਪੀ ਦੀ ਨੌਕਰੀ ਦਿੱਤੀ ਗਈ ਸੀ।