ਉਮਰ ਅਬਦੁੱਲ੍ਹਾ ਵਿਧਾਇਕ ਦਲ ਦੇ ਨੇਤਾ ਚੁਣੇ
ਸ੍ਰੀਨਗਰ: ਅੱਜ ਇਥੇ ਉਮਰ ਅਬਦੁੱਲ੍ਹਾ ਨੂੰ ਸਰਬ ਸਹਿਮਤੀ ਨਾਲ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ, ਜਿਸ ਲਈ ਉਨ੍ਹਾਂ ਪਾਰਟੀ ਵਿਧਾਇਕਾਂ ਦਾ ਧੰਨਵਾਦ ਕੀਤਾ ਹੈ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਮਗਰੋਂ ਉਮਰ ਅਬਦੁੱਲ੍ਹਾ ਨੇ ਪੱਤਰਕਾਰਾਂ ਨੂੰ ਕਿਹਾ, ‘ਜੋ ਫ਼ੈਸਲਾ ਕੀਤਾ ਗਿਆ ਹੈ, ਉਸ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ। ਨੈਸ਼ਨਲ ਕਾਨਫਰੰਸ ਵਿਧਾਇਕ ਦਲ ਦੀ ਮੀਟਿੰਗ ਹੋਈ। ਵਿਧਾਇਕ ਦਲ ਨੇ ਆਪਣਾ ਨੇਤਾ ਤੈਅ ਕਰ ਲਿਆ ਹੈ ਅਤੇ ਮੈਂ ਪਾਰਟੀ ਵਿਧਾਇਕਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੇ ’ਤੇ ਭਰੋਸਾ ਜ਼ਾਹਿਰ ਕੀਤਾ ਅਤੇ ਮੈਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਮੌਕਾ ਦਿੱਤਾ।’ ਉਨ੍ਹਾਂ ਕਿਹਾ ਕਿ ਸੱਤ ’ਚੋਂ ਚਾਰ ਆਜ਼ਾਦ ਵਿਧਾਇਕਾਂ ਨੇ ਪਾਰਟੀ ਨੂੰ ਹਮਾਇਤ ਦੇ ਦਿੱਤੀ ਹੈ, ਜਿਸ ਨਾਲ ਪਾਰਟੀ ਦਾ ਵਿਧਾਨ ਸਭਾ ’ਚ ਅੰਕੜਾ ਵੱਧ ਕੇ 46 ਹੋ ਗਿਆ ਹੈ। ਅਬਦੁੱਲ੍ਹਾ ਨੇ ਕਿਹਾ, ‘ਕਾਂਗਰਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਇੱਕ ਦਿਨ ਦਾ ਵਕਤ ਦਿੱਤਾ ਗਿਆ ਹੈ, ਜਿਵੇਂ ਹੀ ਉਹ ਸਾਨੂੰ ਹਮਾਇਤ ਪੱਤਰ ਦੇਣਗੇ, ਮੈਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਾਂਗਾ।’ ਐੱਨਸੀ 42 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਉਹ ਆਪਣੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਤੇ ਸੀਪੀਆਈ (ਐੱਮ) ਨਾਲ ਮਿਲ ਕੇ ਵਿਧਾਨ ਸਭਾ ’ਚ ਅਸਾਨੀ ਨਾਲ ਬਹੁਮਤ ਦੇ ਅੰਕੜੇ ਤੱਕ ਪਹੁੰਚ ਗਈ ਹੈ। -ਪੀਟੀਆਈ