For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵੱਲੋਂ ਫੜੇ ਕਿਸਾਨਾਂ ਨੂੰ 7 ਤੱਕ ਛੱਡਣ ਦਾ ਅਲਟੀਮੇਟਮ

08:44 AM Apr 04, 2024 IST
ਹਰਿਆਣਾ ਵੱਲੋਂ ਫੜੇ ਕਿਸਾਨਾਂ ਨੂੰ 7 ਤੱਕ ਛੱਡਣ ਦਾ ਅਲਟੀਮੇਟਮ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਮੌਹੜੀ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 3 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਨੇ ਅੱਜ ਅੰਬਾਲਾ ਦੇ ਗੁਰਦੁਆਰਾ ਮਰਦੋਂ ਸਾਹਿਬ ਵਿਖੇ ਮੀਟਿੰਗ ਕਰ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਸੁੱਟੇ ਯੂਨੀਅਨ ਵਰਕਰਾਂ ਨੂੰ 7 ਅਪਰੈਲ ਤੱਕ ਰਿਹਾਅ ਕਰੇ ਨਹੀਂ ਤਾਂ 9 ਅਪਰੈਲ ਨੂੰ ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਹਰੇਕ ਪਿੰਡ ਵਿਚ ਸ਼ੁਭਕਰਨ ਸਿੰਘ ਦਾ ਪੋਸਟਰ ਲਾਇਆ ਜਾਵੇਗਾ ਅਤੇ ਭਾਜਪਾ ਆਗੂਆਂ ਦਾ ਸ਼ਾਂਤੀਪੂਰਨ ਵਿਰੋਧ ਕੀਤਾ ਜਾਵੇਗਾ। ਭਾਜਪਾ ਆਗੂਆਂ ਨੂੰ ਪੁੱਛਿਆ ਜਾਵੇਗਾ ਕਿ ਸ਼ੁਭਕਰਨ ਦਾ ਕੀ ਕਸੂਰ ਸੀ। ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਨੇ ਕਿਹਾ ਕਿ ਹਰਿਆਣਾ ਪੁਲੀਸ ਨੇ ਪਹਿਲਾਂ 13 ਫਰਵਰੀ ਨੂੰ ਅਮਰਜੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ, ਫਿਰ 19 ਮਾਰਚ ਨੂੰ ਅਨੀਸ਼ ਖਟਕੜ ਨੂੰ ਅਤੇ 28 ਮਾਰਚ ਨੂੰ ਨਵਦੀਪ ਸਿੰਘ ਜਲਬੇੜਾ ਤੇ ਗੁਰਕੀਰਤ ਸਿੰਘ ਸ਼ਾਹਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵਦੀਪ ਅਤੇ ਗੁਰਕੀਰਤ ਨੂੰ ਕੇਂਦਰੀ ਜੇਲ੍ਹ ਵਿਚ ਡੱਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 7 ਅਪਰੈਲ ਨੂੰ ਪੂਰੇ ਦੇਸ਼ ਵਿਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਜੇ ਫਿਰ ਵੀ ਗੱਲ ਨਾ ਮੰਨੀ ਗਈ ਤਾਂ 9 ਅਪਰੈਲ ਨੂੰ ਸ਼ੰਭੂ ਬਾਰਡਰ ਦੇ ਕੋਲ ਰੇਲ ਮਾਰਗ ਠੱਪ ਕੀਤਾ ਜਾਵੇਗਾ ਜੋ ਅਣਮਿਥੇ ਸਮੇਂ ਲਈ ਵੀ ਠੱਪ ਕੀਤਾ ਜਾ ਸਕਦਾ ਹੈ। ਜੇ ਫਿਰ ਵੀ ਸਰਕਾਰ ਨਾ ਮੰਨੀ ਤਾਂ ਹੋਰ ਰੇਲ ਮਾਰਗ ਜਾਮ ਕੀਤੇ ਜਾਣਗੇ। ਮੌਹੜੀ ਨੇ ਕਿਹਾ ਕਿ ਜੇ ਸਰਕਾਰ ਨੇ ਫੜਨਾ ਹੈ ਤਾਂ ਆਗੂਆਂ ਨੂੰ ਫੜੇ, ਵਰਕਰਾਂ ਨੂੰ ਕਿਉਂ ਫੜ ਰਹੀ ਹੈ।
ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ ਨਹੀਂ ਤਾਂ ਕਿਹੜਾ ਕਾਨੂੰਨ ਹੈ ਜੋ ਸ਼ਾਂਤਮਈ ਅੰਦੋਲਨ ਕਰਨ ਤੋਂ ਰੋਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਭਾਜਪਾ ਦੇ 2014 ਅਤੇ ਫਿਰ 2019
ਵਾਲੇ ਐਲਾਨਨਾਮੇ ਅਨੁਸਾਰ ਹਨ, ਕੋਈ ਨਵੀਂ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement
Advertisement
×