ਯੂਕਰੇਨ ਦੇ ਲੁਹਾਨਸਕ ਖੇਤਰ ਨੂੰ ਕੰਟਰੋਲ ਅਧੀਨ ਕੀਤਾ: ਰੂਸ
ਮਾਸਕੋ, 1 ਜੁਲਾਈ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫਰਵਰੀ 2022 ਵਿੱਚ ਹਜ਼ਾਰਾਂ ਫੌਜੀਆਂ ਨੂੰ ਯੂਕਰੇਨ ਭੇਜਣ ਤੋਂ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਰੂਸ ਨੇ ਯੂਕਰੇਨ ਦੇ ਪੂਰਬੀ ਲੁਹਾਨਸਕ ਖੇਤਰ ’ਤੇ ਪੂਰਾ ਕੰਟਰੋਲ ਕਰ ਲਿਆ ਹੈ। ਇਹ ਦਾਅਵਾ ਰੂਸੀ-ਸਮਰਥਿਤ ਖੇਤਰੀ ਮੁਖੀ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ’ਤੇ ਕੀਤਾ ਹੈ। ਲੁਹਾਨਸਕ ਰੂਸ ਵੱਲੋਂ 2014 ਵਿੱਚ ਕ੍ਰੀਮੀਆ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਰੂਸੀ ਫੌਜਾਂ ਦੇ ਨਿਯੰਤਰਣ ਵਿੱਚ ਆਉਣ ਵਾਲਾ ਪਹਿਲਾ ਯੂਕਰੇਨੀ ਖੇਤਰ ਹੈ।
ਸਤੰਬਰ 2022 ਵਿੱਚ ਪੁਤਿਨ ਨੇ ਘੋਸ਼ਣਾ ਕੀਤੀ ਸੀ ਕਿ ਲੁਹਾਨਸਕ ਰੂਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੱਛਮੀ ਯੂਰਪੀ ਰਾਜਾਂ ਨੇ ਇਸ ਕਦਮ ਨੂੰ ਗੈਰ-ਕਾਨੂੰਨੀ ਦੱਸਿਆ ਸੀ ਅਤੇ ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ। ਲਿਓਨੀਡ ਪਾਸੇਚਨਿਕ, ਜੋ ਕਿ ਸੋਵੀਅਤ ਯੂਕਰੇਨ ਵਿੱਚ ਪੈਦਾ ਹੋਇਆ ਸੀ ਅਤੇ ਹੁਣ ਮਾਸਕੋ ਦੁਆਰਾ "ਲੁਹਾਨਸਕ ਪੀਪਲਜ਼ ਰੀਪਬਲਿਕ" ਦੇ ਮੁਖੀ ਵਜੋਂ ਸਥਾਪਤ ਇੱਕ ਰੂਸੀ-ਨਿਯੁਕਤ ਅਧਿਕਾਰੀ ਹੈ, ਨੇ ਰੂਸੀ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ, "ਲੁਹਾਨਸਕ ਪੀਪਲਜ਼ ਰੀਪਬਲਿਕ ਦਾ ਖੇਤਰ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ - 100 ਫੀਸਦੀ।’’
ਇਸ ਬਾਰੇ ਰੂਸੀ ਰੱਖਿਆ ਮੰਤਰਾਲੇ ਵੱਲੋਂ ਤੁਰੰਤ ਕੋਈ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਯੂਕਰੇਨ ਵੱਲੋਂ ਕੋਈ ਟਿੱਪਣੀ ਆਈ ਹੈ। ਇਸ ਤੋਂ ਪਹਿਲਾ ਯੂਕਰੇਨ ਨੇ ਕਿਹਾ ਸੀ ਕਿ ਲੁਹਾਨਸਕ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਯੂਕਰੇਨ ਵਜੋਂ ਮਾਨਤਾ ਪ੍ਰਾਪਤ ਹੋਰ ਖੇਤਰਾਂ ’ਤੇ ਰੂਸ ਦੇ ਦਾਅਵੇ ਬੇਬੁਨਿਆਦ ਅਤੇ ਗੈਰ-ਕਾਨੂੰਨੀ ਹਨ। ਕੀਵ ਨੇ ਇਨ੍ਹਾਂ ਖੇਤਰਾਂ ’ਤੇ ਰੂਸੀ ਪ੍ਰਭੂਸੱਤਾ ਨੂੰ ਕਦੇ ਵੀ ਮਾਨਤਾ ਨਾ ਦੇਣ ਦਾ ਵਾਅਦਾ ਕੀਤਾ ਹੈ।
ਰੂਸ ਦਾ ਕਹਿਣਾ ਹੈ ਕਿ ਇਹ ਇਲਾਕੇ ਹੁਣ ਰੂਸ ਦਾ ਹਿੱਸਾ ਹਨ, ਉਸਦੀ ਪਰਮਾਣੂ ਛਤਰੀ ਹੇਠ ਆਉਂਦੇ ਹਨ ਅਤੇ ਕਦੇ ਵੀ ਵਾਪਸ ਨਹੀਂ ਕੀਤੇ ਜਾਣਗੇ। ਲੁਹਾਨਸਕ ਕਦੇ ਰੂਸੀ ਸਾਮਰਾਜ ਦਾ ਹਿੱਸਾ ਸੀ ਪਰ ਰੂਸੀ ਕ੍ਰਾਂਤੀ ਤੋਂ ਬਾਅਦ ਇਸਦੇ ਹੱਥ ਬਦਲ ਗਏ। ਇਸਨੂੰ 1920 ਵਿੱਚ ਲਾਲ ਫੌਜ ਨੇ ਲਿਆ ਸੀ ਅਤੇ ਫਿਰ 1922 ਵਿੱਚ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ ਦੇ ਹਿੱਸੇ ਵਜੋਂ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਗਿਆ ਸੀ।
ਗੁਆਂਢੀ ਡੋਨੇਟਸਕ ਦੇ ਨਾਲ ਲੁਹਾਨਸਕ ਉਸ ਸੰਘਰਸ਼ ਦਾ ਮੁੱਖ ਕੇਂਦਰ ਸੀ ਜੋ 2014 ਵਿੱਚ ਯੂਕਰੇਨ ਦੇ ਮੈਦਾਨੀ ਇਨਕਲਾਬ ਵਿੱਚ ਇੱਕ ਰੂਸ ਪੱਖੀ ਰਾਸ਼ਟਰਪਤੀ ਨੂੰ ਗੱਦੀਓਂ ਲਾਹ ਦੇਣ ਅਤੇ ਰੂਸ ਦੁਆਰਾ ਕਰੀਮੀਆ ਨੂੰ ਆਪਣੇ ਨਾਲ ਮਿਲਾ ਲੈਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਸੰਘਰਸ਼ ਵਿੱਚ ਰੂਸ-ਸਮਰਥਿਤ ਵੱਖਵਾਦੀ ਤਾਕਤਾਂ ਲੁਹਾਨਸਕ ਅਤੇ ਡੋਨੇਟਸਕ ਦੋਵਾਂ ਵਿੱਚ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਨਾਲ ਲੜ ਰਹੀਆਂ ਸਨ। -ਰਾਈਟਰਜ਼