ਯੂਕਰੇਨ: ਭਾਰਤੀ ਵਿਦਿਆਰਥੀਆਂ ਵੱਲੋਂ ਪੜ੍ਹਾਈ ਸ਼ੁਰੂ
ਸਮਰਕੰਦ (ਉਜ਼ਬੇਕਿਸਤਾਨ): ਯੁੱਧ ਦੇ ਝੰਬੇ ਯੂਕਰੇਨ ਤੋਂ 2021 ਵਿੱਚ ਸੁਰੱਖਿਅਤ ਕੱਢੇ ਗਏ ਸੈਂਕੜੇ ਭਾਰਤੀ ਐੱਮਬਬੀਬੀਐੱਸ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਉਜ਼ਬੇਕਿਸਤਾਨ ਦੀ ਮੋਹਰੀ ਮੈਡੀਕਲ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਹੈ। ਉਜ਼ਬੇਕਿਸਤਾਨ ਵਿੱਚ ਸਮਰਕੰਦ ਸਟੇਟ ਮੈਡੀਕਲ ਯੂਨੀਵਰਸਿਟੀ ਨੇ ਇੱਕ ਹਜ਼ਾਰ ਤੋਂ ਵੱਧ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਭਾਰਤੀ ਸਫਾਰਤਖਾਨੇ ਵੱਲੋਂ ਇਹ ਪੁੱਛੇ ਜਾਣ ਮਗਰੋਂ ਇਹ ਸਹੂਲਤ ਦਿੱਤੀ ਹੈ ਕਿ ਕੀ ਪ੍ਰਭਾਵਿਤ ਵਿਦਿਆਰਥੀਆਂ ਨੂੰ ਇੱਥੇ ਤਬਦੀਲ ਕੀਤਾ ਜਾ ਸਕਦਾ ਹੈ। ਬਿਹਾਰ ਦੇ ਬੇਗੂਸਰਾਏ ਵਾਸੀ ਅਮਿਤ ਨੇ ਰੂਸ ਦੇ ਹਮਲੇ ਸਮੇਂ ਯੂਕਰੇਨ ਵਿੱਚ ਇੱਕ ਰਾਤ ਇੱਕ ਬੇਸਮੈਂਟ ਵਿੱਚ ਗੁਜ਼ਾਰੀ ਸੀ। ਉਹ ‘ਆਪਰੇਸ਼ਨ ਗੰਗਾ’ ਤਹਿਤ ਭਾਰਤ ਸਰਕਾਰ ਵੱਲੋਂ ਸੁਰੱਖਿਅਤ ਕੱਢੇ ਗਏ ਵਿਦਿਆਰਥੀਆਂ ਵਿੱਚੋਂ ਇੱਕ ਸੀ। ‘ਆਪਰੇਸ਼ਨ ਗੰਗਾ’ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਸੀ। ਪੰਜਾਬ ਦੇ ਫਿਰੋਜ਼ਪੁਰ ਦੀ ਤਨਵੀ ਵਧਵਾ ਯੂਕਰੇਨ ਵਿੱਚ ਬੁਕੋਵਿਨੀਅਨ ਸਟੇਟ ਮੈਡੀਕਲ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਅਤੇ ਇੱਕ ਸਮੈਸਟਰ ਦੇ ਨੁਕਸਾਨ ਕਾਰਨ ਯੂਨੀਵਰਸਿਟੀ ਨਾਲ ਜੁੜਨ ਲਈ ਫ਼ਿਰਕੰਮਦ ਸੀ। ਉਸ ਨੇ ਕਿਹਾ, ‘‘ਮੈਂ ਅੱਠ ਮਹੀਨਿਆਂ ਤੱਕ ਆਨਲਾਈਨ ਕਲਾਸਾਂ ਲਾਈਆਂ। ਸਾਨੂੰ ਉਮੀਦ ਸੀ ਕਿ ਜੰਗ ਖ਼ਤਮ ਹੋਵੇਗੀ ਅਤੇ ਅਸੀਂ ਵਾਪਸ ਜਾਵਾਂਗੇ।’’ -ਪੀਟੀਆਈ