For the best experience, open
https://m.punjabitribuneonline.com
on your mobile browser.
Advertisement

ਜੰਗ ਨਾਲ ਨਹੀਂ ਹੋਵੇਗਾ ਯੂਕਰੇਨ ਵਿਵਾਦ ਦਾ ਹੱਲ: ਮੋਦੀ

06:50 AM Jul 10, 2024 IST
ਜੰਗ ਨਾਲ ਨਹੀਂ ਹੋਵੇਗਾ ਯੂਕਰੇਨ ਵਿਵਾਦ ਦਾ ਹੱਲ  ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇੱਕ-ਦੂਜੇ ਨਾਲ ਹੱਥ ਮਿਲਾਉਂਦੇ ਹੋਏ। -ਫੋਟੋ: ਏਪੀ
Advertisement

* ਹਸਪਤਾਲ ’ਤੇ ਰੂਸੀ ਹਮਲੇ ’ਚ ਬੱਚਿਆਂ ਦੀ ਮੌਤ ਨੂੰ ਦਿਲ ਦੁਖਾਉਣ ਵਾਲੀ ਘਟਨਾ ਦੱਸਿਆ
* ਸ਼ਾਂਤੀ ਬਹਾਲੀ ਲਈ ਭਾਰਤ ਨੇ ਹਰ ਕਿਸਮ ਦੇ ਸਹਿਯੋਗ ਦਾ ਦਿੱਤਾ ਭਰੋਸਾ
* ਭਾਰਤ-ਰੂਸ ਵਾਰਤਾ ’ਚ ਲਿਆ ਹਿੱਸਾ

Advertisement

ਮਾਸਕੋ, 9 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ ਕਿ ਯੂਕਰੇਨ ਵਿਵਾਦ ਦਾ ਹੱਲ ਜੰਗ ਦੇ ਮੈਦਾਨ ਵਿੱਚ ਸੰਭਵ ਨਹੀਂ ਹੈ ਅਤੇ ਬੰਬਾਂ, ਬੰਦੂਕਾਂ ਤੇ ਗੋਲੀਆਂ ਦਰਮਿਆਨ ਸ਼ਾਂਤੀ ਵਾਰਤਾ ਨਹੀਂ ਹੋ ਸਕਦੀ। ਰੂਸੀ ਰਾਸ਼ਟਰਪਤੀ ਦੇ ਦਫ਼ਤਰ ‘ਕਰੈਮਲਿਨ’ ਵਿੱਚ ਪੂਤਿਨ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਆਪਣੀ ਮੁੱਢਲੀ ਵਾਰਤਾ ’ਚ ਮੋਦੀ ਨੇ ਯੂਕਰੇਨ ’ਚ ਬੱਚਿਆਂ ਦੇ ਇੱਕ ਹਸਪਤਾਲ ’ਤੇ ਬੰਬ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਗੁਨਾਹ ਬੱਚਿਆਂ ਦੀ ਮੌਤ ਦਿਲ ਦੁਖਾਉਣ ਵਾਲੀ ਤੇ ਬਹੁਤ ਹੀ ਤਕਲੀਫ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਭਾਰਤ ਸ਼ਾਂਤੀ ਦੇ ਪੱਖ ਵਿੱਚ ਹੈ ਅਤੇ ਸੰਘਰਸ਼ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਉੱਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਸੰਕਟ ਦਾ ਸ਼ਾਂਤੀਪੂਰਨ ਹੱਲ ਲੱਭਣ ’ਚ ਮਦਦ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਨਵੀਂ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਅਮਨ-ਸ਼ਾਂਤੀ ਬਹੁਤ ਜ਼ਰੂਰੀ ਹੈ। ਜੰਗ ਦੇ ਮੈਦਾਨ ’ਚ ਹੱਲ ਸੰਭਵ ਨਹੀਂ ਹੈ। ਬੰਬ, ਬੰਦੂਕਾਂ ਤੇ ਗੋਲੀਆਂ ਵਿਚਾਲੇ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ।’ ਮੋਦੀ ਨੇ ਕਿਹਾ, ‘ਸ਼ਾਂਤੀ ਬਹਾਲੀ ਲਈ ਭਾਰਤ ਹਰ ਸੰਭਵ ਢੰਗ ਨਾਲ ਸਹਿਯੋਗ ਲਈ ਤਿਆਰ ਹੈ।’ ਮੋਦੀ ਦੋ ਰੋਜ਼ਾ ਰੂਸ ਯਾਤਰਾ ’ਤੇ ਬੀਤੇ ਦਿਨ ਮਾਸਕੋ ਪੁੱਜੇ ਸਨ ਅਤੇ ਅੱਜ ਉਨ੍ਹਾਂ ਪੂਤਿਨ ਨਾਲ 22ਵੀਂ ਭਾਰਤ-ਰੂਸ ਵਾਰਤਾ ’ਚ ਹਿੱਸਾ ਲਿਆ। ਇਸ ਯਾਤਰਾ ’ਤੇ ਪੱਛਮੀ ਮੁਲਕਾਂ ਦੇ ਆਗੂ ਨੇੜਿਓਂ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਾਰਤਾ ਦੌਰਾਨ ਬੀਤੇ ਦਿਨ ਯੂਕਰੇਨ ’ਚ ਬੱਚਿਆਂ ਦੇ ਇੱਕ ਹਸਪਤਾਲ ’ਤੇ ਹੋਏ ਹਮਲੇ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਕਿਹਾ, ‘ਜੇ ਲੋਕਾਂ ਦੀ ਜਾਨ ਜਾਂਦੀ ਹੈ ਤਾਂ ਮਨੁੱਖਤਾ ’ਚ ਯਕੀਨ ਰੱਖਣ ਵਾਲਾ ਹਰ ਵਿਅਕਤੀ ਦੁਖੀ ਹੁੰਦਾ ਹੈ। ਉਸ ’ਤੇ ਵੀ ਜੇ ਬੇਕਸੂਰ ਬੱਚਿਆਂ ਦੀ ਹੱਤਿਆ ਹੋਵੇ, ਬੇਕਸੂਰ ਬੱਚੇ ਮਰਨ ਤਾਂ ਇਹ ਦਿਲ ਦੁਖਾਉਣ ਵਾਲੀ ਤੇ ਬਹੁਤ ਹੀ ਤਕਲੀਫ ਦੇਣ ਵਾਲੀ ਹੁੰਦੀ ਹੈ।’
ਪ੍ਰਧਾਨ ਮੰਤਰੀ ਮੋਦੀ ਨੇ ਲੰਘੀ ਰਾਤ ਪੂਤਿਨ ਨਾਲ ਹੋਈ ਆਪਣੀ ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਦੀ ਗੱਲ ਸੁਣਨ ਨਾਲ ਉਮੀਦ ਬੱਝੀ ਹੈ। ਉਨ੍ਹਾਂ ਕਿਹਾ, ‘ਬੀਤੇ ਦਿਨ ਸਾਡੀ ਮੀਟਿੰਗ ’ਚ ਅਸੀਂ ਯੂਕਰੇਨ ਦੇ ਮੁੱਦੇ ’ਤੇ ਇੱਕ-ਦੂਜੇ ਦੇ ਵਿਚਾਰ ਸੁਣੇ ਅਤੇ ਮੈਂ ਅਮਨ-ਸ਼ਾਂਤੀ ਦੀ ਸਥਿਰਤਾ ’ਤੇ ਗਲੋਬਲ ਸਾਊਥ ਦਾ ਨਜ਼ਰੀਆ ਪੇਸ਼ ਕੀਤਾ।’ ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ’ਚ ਰੂਸ ਵੱਲੋਂ ਭਾਰਤ ਦੀ ਮਦਦ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਜਦੋਂ ਦੁਨੀਆ ਖੁਰਾਕ ਪਦਾਰਥਾਂ, ਬਾਲਣ ਤੇ ਖਾਦ ਦੀ ਘਾਟ ਦਾ ਸਾਹਮਣਾ ਕਰ ਰਹੀ ਤਾਂ ਉਨ੍ਹਾਂ ਆਪਣੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਤੇ ਰੂਸ ਨਾਲ ਸਾਡੀ ਦੋਸਤੀ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਅਤਿਵਾਦ ਦੀਆਂ ਚੁਣੌਤੀਆਂ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ‘ਭਾਰਤ ਤਕਰੀਬਨ 40 ਸਾਲਾਂ ਤੋਂ ਅਤਿਵਾਦ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹੈ। ਮੈਂ ਹਰ ਤਰ੍ਹਾਂ ਦੇ ਅਤਿਵਾਦ ਦੀ ਨਿੰਦਾ ਕਰਦਾ ਹਾਂ।’ ਸਿਖਰ ਵਾਰਤਾ ਮਗਰੋਂ ਮੋਦੀ ਨੇ ਪੂਤਿਨ ਨਾਲ ਹੋਈ ਵਾਰਤਾ ਨੂੰ ਸਾਰਥਕ ਦੱਸਿਆ। ਇਸ ਮਗਰੋਂ ਪ੍ਰਧਾਨ ਮੰਤਰੀ ਅੱਜ ਦੇਰ ਸ਼ਾਮ ਆਸਟ੍ਰੀਆ ਰਵਾਨਾ ਹੋ ਗਏ ਹਨ। -ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਦਾ ਸਰਵਉੱਚ ਨਾਗਰਿਕ ਸਨਮਾਨ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰਤ ਤੌਰ ’ਤੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਦਿ ਸੇਂਟ ਐਂਡ੍ਰਿਊ ਐਪੋਸਲ’ ਨਾਲ ਸਨਮਾਨਿਤ ਕੀਤਾ ਹੈ। ਮੋਦੀ ਨੂੰ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਦਿੱਤੀਆਂ ਸੇਵਾਵਾਂ ਬਦਲੇ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਇੱਥੇ ਇੱਕ ਸਮਾਗਮ ’ਚ ਪੁਰਸਕਾਰ ਹਾਸਲ ਕਰਨ ਮਗਰੋਂ ਐਕਸ ’ਤੇ ਲਿਖਿਆ, ‘ਆਰਡਰ ਆਫ ਸੇਂਟ ਐਂਡ੍ਰਿਊ ਦਿ ਐਪੋਸਲ ਪੁਰਸਕਾਰ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਨੂੰ ਭਾਰਤ ਦੀ ਜਨਤਾ ਨੂੰ ਸਮਰਪਿਤ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਸਾਲ 1698 ’ਚ ਯਸ਼ੂ ਦੇ ਪਹਿਲੇ ਪ੍ਰਚਾਰਕ ਤੇ ਰੂਸੀ ਸੰਤ ਸੇਂਟ ਐਂਡ੍ਰਿਊ ਦੇ ਸਨਮਾਨ ਵਿੱਚ ਜ਼ਾਰ ਪੀਟਰ ਦਿ ਗਰੇਟ ਵੱਲੋਂ ਸਥਾਪਤ ‘ਆਰਡਰ ਆਫ ਸੇਂਟ ਐਂਡ੍ਰਿਊ ਦਿ ਐਪੋਸਲ’ ਰੂਸ ਦਾ ਸਰਵਉੱਚ ਸਰਕਾਰੀ ਸਨਮਾਨ ਹੈ। -ਪੀਟੀਆਈ

ਸੈਨਾ ’ਚ ਤਾਇਨਾਤ ਭਾਰਤੀਆਂ ਨੂੰ ਸੇਵਾਮੁਕਤ ਕਰਨ ’ਤੇ ਰੂਸ ਸਹਿਮਤ

ਮਾਸਕੋ: ਰੂਸ ਆਪਣੀ ਸੈਨਾ ’ਚ ਸਹਾਇਕ ਕਰਮੀਆਂ ਵਜੋਂ ਭਾਰਤੀਆਂ ਦੀ ਭਰਤੀ ਬੰਦ ਕਰਨ ਅਤੇ ਸੈਨਾ ’ਚ ਕੰਮ ਕਰ ਰਹੇ ਭਾਰਤੀਆਂ ਦੀ ਵਤਨ ਵਾਪਸੀ ਯਕੀਨੀ ਬਣਾਉਣ ਲਈ ਭਾਰਤ ਦੀ ਮੰਗ ’ਤੇ ਸਹਿਮਤ ਹੋ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਰਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗ਼ੈਰ-ਰਸਮੀ ਮੁਲਾਕਾਤ ਦੌਰਾਨ ਇਹ ਮਸਲਾ ਮਜ਼ਬੂਤੀ ਨਾਲ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਰੂਸੀ ਧਿਰ ਨੇ ਵਾਅਦਾ ਕੀਤਾ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਜਲਦੀ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਭਾਰਤੀਆਂ ਦੀ ਘਰ ਵਾਪਸੀ ਲਈ ਮਿਲ ਕੇ ਕੰਮ ਕਰ ਰਹੀਆਂ ਹਨ। -ਪੀਟੀਆਈ

ਜ਼ੇਲੈਂਸਕੀ ਨੇ ਮੋਦੀ ਦੇ ਪੂਤਿਨ ਨੂੰ ਗਲੇ ਲਗਾਉਣ ’ਤੇ ਇਤਰਾਜ਼ ਜਤਾਇਆ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਤਿਨ ਦੇ ਗਲੇ ਮਿਲਣ ’ਤੇ ਇਤਰਾਜ਼ ਜਤਾਇਆ। ਜ਼ੇਲੈਂਸਕੀ ਨੇ ਐਕਸ ’ਤੇ ਲਿਖਿਆ, ‘ਯੂਕਰੇਨ ’ਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਰੂਸੀ ਮਿਜ਼ਾਈਲ ਨਾਲ ਹਮਲਾ ਹੋਇਆ ਜਿਸ ਵਿੱਚ ਕੈਂਸਰ ਪੀੜਤ ਬੱਚਿਆਂ ’ਤੇ ਨਿਸ਼ਾਨਾ ਸੇਧਿਆ ਗਿਆ। ਮਲਬੇ ਹੇਠਾਂ ਕਈ ਲੋਕ ਦਬ ਗਏ।’ ਉਨ੍ਹਾਂ ਕਿਹਾ, ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਨੂੰ ਮਾਸਕੋ ’ਚ ਅਜਿਹੇ ਦਿਨ ਦੁਨੀਆ ਦੇ ਸਭ ਤੋਂ ਵੱਡੇ ਖੂਨੀ ਅਪਰਾਧੀ ਨੂੰ ਗਲੇ ਲਗਾਉਂਦੇ ਦੇਖਣਾ ਬਹੁਤ ਨਿਰਾਸ਼ਾ ਭਰਿਆ ਹੈ ਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਵੱਡਾ ਝਟਕਾ ਹੈ।’

ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਲਿਜਾਣਗੇ ਭਾਰਤ ਤੇ ਰੂਸ

ਨਵੀਂ ਦਿੱਲੀ/ਮਾਸਕੋ: ਭਾਰਤ ਤੇ ਰੂਸ ਅੱਜ ਨਿਵੇਸ਼ ਨੂੰ ਮੁੜ ਸੁਰਜੀਤ ਕਰਨ, ਵਪਾਰ ਲਈ ਆਪਸੀ ਦੇਸ਼ਾਂ ਦੀ ਕਰੰਸੀ ਵਰਤਣ ਅਤੇ ਊਰਜਾ ਤੋਂ ਲੈ ਕੇ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਤੱਕ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋ ਗਏ ਹਨ ਅਤੇ ਦੁਵੱਲਾ ਵਪਾਰ 2030 ਤੱਕ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦਾ ਟੀਚਾ ਮਿਥਿਆ ਹੈ। ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ 22ਵੇਂ ਸਾਲਾਨਾ ਦੁਵੱਲੇ ਸਿਖਰ ਸੰਮੇਲਨ ਮਗਰੋਂ ਜਾਰੀ ਸਾਂਝੇ ਬਿਆਨ ਵਿੱਚ ਦੋਵਾਂ ਧਿਰਾਂ ਨੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੇ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਇਆ ਅਤੇ ਰੂਸ-ਭਾਰਤ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰ ਕੇ ਦੁਵੱਲੀ ਗੱਲਬਾਤ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਦੋਵਾਂ ਧਿਰਾਂ ਨੇ ਸਹਿਯੋਗ ਦੇ ਨੌਂ ਅਹਿਮ ਖੇਤਰਾਂ ’ਤੇ ਸਹਿਮਤੀ ਪ੍ਰਗਟ ਕੀਤੀ। ਇਸ ਵਿੱਚ ਵਪਾਰ, ਦੋਵਾਂ ਦੇਸ਼ਾਂ ਦੀਆਂ ਕਰੰਸੀਆਂ ਵਿੱਚ ਵਪਾਰ ਕਰਨਾ, ਉੱਤਰ-ਦੱਖਣ ਆਵਾਜਾਈ ਲਾਂਘੇ ਵਰਗੇ ਨਵੇਂ ਮਾਰਗਾਂ ਜ਼ਰੀਏ ਕਾਰਗੋ ਕਾਰੋਬਾਰ ਵਧਾਉਣਾ, ਖੇਤੀ ਉਤਪਾਦਾਂ, ਖਾਧ ਤੇ ਖਾਦ ਵਿੱਚ ਵਪਾਰ ਵਧਾਉਣਾ, ਪ੍ਰਮਾਣੂ ਊਰਜਾ ਸਮੇਤ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਵਧਾਉਣਾ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗੱਲਬਾਤ ਨੂੰ ਮਜ਼ਬੂਤ ਕਰਨਾ, ਡਿਜੀਟਲ ਅਰਥਚਾਰੇ ਵਿੱਚ ਨਿਵੇਸ਼ ਤੇ ਸਾਂਝੇ ਪ੍ਰਾਜੈਕਟਾਂ ਨੂੰ ਉਤਸ਼ਾਿਹਤ ਕਰਨਾ, ਦਵਾਈਆਂ ਦੀ ਸਪਲਾਈ ’ਤੇ ਸਹਿਯੋਗ ਕਰਨਾ ਅਤੇ ਮਾਨਵੀ ਸਹਿਯੋਗ ਦਾ ਵਿਕਾਸ ਕਰਨਾ ਸ਼ਾਮਲ ਹਨ। ਆਗੂਆਂ ਨੇ ਭਾਰਤ ਤੇ ਰੂਸ ਦਰਮਿਆਨ ਦੁਵੱਲੇ ਵਪਾਰ ਨਾਲ ਸਬੰਧਤ ਕਰ ਮੁਕਤ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਤੇ ਈਏਈਯੂ-ਭਾਰਤੀ ਮੁਕਤ ਵਪਾਰ ਖੇਤਰ ਦੀ ਸਥਾਪਨਾ ਦੀ ਸੰਭਾਵਨਾ ਸਮੇਤ ਦੁਵੱਲੇ ਵਪਾਰ ਦੇ ਉਦਾਰੀਕਰਨ ਦੇ ਖੇਤਰ ਵਿੱਚ ਗੱਲਬਾਤ ਨੂੰ ਜਾਰੀ ਰੱਖਣ ਸਬੰਧੀ ਵੀ ਸਹਿਮਤੀ ਪ੍ਰਗਟਾਈ। -ਪੀਟੀਆਈ

ਰੂਸ ਦੇ ਦੋ ਸ਼ਹਿਰਾਂ ’ਚ ਕੌਂਸੁਲੇਟ ਖੋਲ੍ਹੇਗਾ ਭਾਰਤ

ਮਾਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਭਾਰਤ ਨੇ ਰੂਸ ਨਾਲ ਵਪਾਰ ਵਧਾਉਣ ਲਈ ਉਸ ਦੇ ਕਜ਼ਾਨ ਤੇ ਯੇਕਾਤੇਰਿਨਬਰਗ ਸ਼ਹਿਰਾਂ ’ਚ ਦੋ ਨਵੇਂ ਕੌਂਸਲਖ਼ਾਨੇ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਰੂਸ ’ਚ ਦੋ ਕੌਂਸਲਖ਼ਾਨੇ ਸੇਂਟ ਪੀਟਰਜ਼ਬਰਗ ਅਤੇ ਵਲਾਦੀਵੋਸਤੋਕ ’ਚ ਹਨ। ਉਨ੍ਹਾਂ ਇੱਥੇ ਪਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਹੁਣ ਤੁਹਾਡੇ ਨਾਲ ਚੰਗੀ ਖ਼ਬਰ ਸਾਂਝੀ ਕਰਨਾ ਚਾਹੁੰਦਾ ਹਾਂ। ਅਸੀਂ ਕਜ਼ਾਨ ਤੇ ਯੇਕਾਤੇਰਿਨਬਰਗ ’ਚ ਨਵੇਂ ਕੌਂਸੁਲੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਯਾਤਰਾ ਤੇ ਵਪਾਰ ’ਚ ਵਾਧਾ ਹੋਵੇਗਾ।’ -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×