ਪ੍ਰਮਾਣੂ ਪਲਾਂਟਾਂ ’ਤੇ ਹਮਲਿਆਂ ਲੲੀ ਯੂਕਰੇਨ ਤੇ ਰੂਸ ਮਿਹਣੋ-ਮਿਹਣੀ
ਕੀਵ, 5 ਜੁਲਾਈ
ਯੂਕਰੇਨ ਤੇ ਰੂਸ ਨੇ ਅੱਜ ਇੱਕ-ਦੂਜੇ ’ਤੇ ਦੁਨੀਆ ਦੇ ਸਭ ਤੋਂ ਵੱਡੇ ਨਿੳੂਕਲੀਅਰ ਪਾਵਰ ਪਲਾਂਟਾਂ ਵਿੱਚੋਂ ਇੱਕ ਉੱਤੇ ਹਮਲਾ ਕਰਨ ਦੀ ਯੋਜਨਾ ਘੜਨ ਦੇ ਦੋਸ਼ ਲਾਏ ਹਨ। ਹਾਲਾਂਕਿ, ਦੋਵਾਂ ਦੇਸ਼ਾਂ ਵਿੱਚੋਂ ਕਿਸੇ ਨੇ ਵੀ ਆਪੋ-ਆਪਣੇ ਦਾਅਵਿਆਂ ਨੂੰ ਪੁਖ਼ਤਾ ਕਰਨ ਸਬੰਧੀ ਕੋਈ ਸਬੂਤ ਨਹੀਂ ਦਿੱਤਾ। ਇਹ ਪਲਾਂਟ ਦੱਖਣੀ-ਪੂਰਬੀ ਯੂਕਰੇਨ ਵਿੱਚ ਸਥਿਤ ਹੈ ਅਤੇ ਇਸ ’ਤੇ ਰੂਸੀ ਫ਼ੌਜਾਂ ਦਾ ਕਬਜ਼ਾ ਹੈ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਖ਼ੁਫੀਆਂ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਰੂਸ ਦੀਆਂ ਫ਼ੌਜਾਂ ਨੇ ਜ਼ਾਪੋਰਿਜ਼ੀਆ ਨਿੳੂਕਲੀਅਰ ਪਾਵਰ ਪਲਾਂਟ ਦੀਆਂ ਛੱਤਾਂ ’ਤੇ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਹੈ। ਇਸ ਦੀ ਵਰਤੋਂ ਕਰ ਕੇ ਯੂੁਕਰੇਨ ਵੱਲੋਂ ਹਮਲਾ ਕੀਤੇ ਜਾਣ ਦਾ ‘ਢੌਂਗ’ ਰਚਿਆ ਜਾ ਸਕਦਾ ਹੈ। ਇਸੇ ਦੌਰਾਨ ਯੂਕਰੇਨ ਦੇ ਜਨਰਲ ਸਟਾਫ਼ ਵੱਲੋਂ ਜਾਰੀ ਬਿਆਨ ਵਿੱਚ ਹਥਿਆਰਬੰਦ ਬਲਾਂ ਨੇ ਕਿਹਾ ਕਿ ਪਾਵਰ ਪਲਾਂਟ ਦੀ ਤੀਜੀ ਤੇ ਚੌਥੀ ਯੂਨਿਟ ਦੀ ਛੱਤ ਉੱਤੇ ‘ਵਿਦੇਸ਼ੀ ਵਸਤਾਂ’ ਰੱਖੀਆਂ ਹੋਈਆਂ ਹਨ। ਬਿਆਨ ਵਿੱਚ ਕਿਹਾ ਗਿਆ, ‘‘ਇਸ ਧਮਾਕਾਖੇਜ਼ ਸਮੱਗਰੀ ਨਾਲ ਪਾਵਰ ਪਲਾਂਟ ਨੂੰ ਨੁਕਸਾਨ ਨਹੀਂ ਪੁੱਜਣਾ ਚਾਹੀਦਾ, ਨਹੀਂ ਤਾਂ ਇਹ ਅਕਸ ਬਣ ਸਕਦਾ ਹੈ ਕਿ ਯੂਕਰੇਨ ਨੇ ਗੋਲਾਬਾਰੀ ਕੀਤੀ ਹੈ।’’
ਉਧਰ, ਰੂਸ ਵਿੱਚ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਯੂਰੋਪ ਦੇ ਸਭ ਤੋਂ ਵੱਡੇ ਪਾਵਰ ਪਲਾਂਟ ’ਤੇ ਯੂਕਰੇਨੀ ਫੌਜਾਂ ਵੱਲੋਂ ‘ਵਿਨਾਸ਼ਕਾਰੀ’ ਹਮਲੇ ਦੀ ਸੰਭਾਵਨਾ ਜਤਾਈ ਹੈ। ਪੈਸਕੋਵ ਨੇ ਕਿਹਾ, ‘‘ਸਥਿਤੀ ਕਾਫ਼ੀ ਤਣਾਅਪੂਰਨ ਹੈ। ਯੂਕਰੇਨ ਵੱਲੋਂ ਤਬਾਹੀ ਦਾ ਵੱਡਾ ਖ਼ਤਰਾ ਹੈ, ਜਿਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ।’’
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰੈਮਲਿਨ ਕਥਿਤ ਯੂਕਰੇਨੀਅਨ ਖ਼ਤਰੇ ਦਾ ਸਾਹਮਣਾ ਕਰਨ ਲਈ ‘ਸਾਰੇ ਉਪਾਅ’ ਅਪਣਾ ਰਿਹਾ ਹੈ। -ਏਪੀ