ਯੂਕੇ ਸ਼ੇਖ ਹਸੀਨਾ ਦੀ ਭਤੀਜੀ ਦੇ ਭ੍ਰਿਸ਼ਟਾਚਾਰ ਘੁਟਾਲੇ ਦੀ ਜਾਂਚ ਪੜਤਾਲ ਕਰੇ: ਯੂਨਸ
>ਢਾਕਾ, 12 ਜਨਵਰੀ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਬਰਤਾਨਵੀ ਮੰਤਰੀ ਟਿਊਲਿਪ ਸਿੱਦੀਕੀ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ ਦੀ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। ਯੂਨਸ ਨੇ ਸੰਕੇਤ ਦਿੱਤਾ ਕਿ ਸਿੱਦੀਕੀ ਨੇ ਆਪਣੀ ਮਾਸੀ ਸ਼ੇਖ ਹਸੀਨਾ ਦੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਇਹ ਜਾਇਦਾਦ ਬਣਾਈ ਹੋ ਸਕਦੀ ਹੈ।
ਟਾਈਮਜ਼ ਅਖ਼ਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਯੂਨਸ ਨੇ ਸਿੱਦੀਕੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ‘ਉਨ੍ਹਾਂ ਦੀ ਮਾਸੀ ਦੇ ਗੱਦੀਓਂ ਲਾਹੇ ਸ਼ਾਸਨ ਦੇ ਸਹਿਯੋਗੀਆਂ’ ਦੁਆਰਾ ਤੋਹਫ਼ੇ ਵਿੱਚ ਦਿੱਤੀਆਂ ਜਾਇਦਾਦਾਂ ਦੀ ਵਰਤੋਂ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਇਹ ਸਾਬਤ ਹੁੰਦਾ ਹੈ ਕਿ ਟਿਊਲਿਪ ਨੂੰ ‘ਸਿੱਧਾ ਲਾਭ’ ਹੋਇਆ ਹੈ ਤਾਂ ਉਨ੍ਹਾਂ ਦੀ ਜਾਇਦਾਦ ਬੰਗਲਾਦੇਸ਼ ਨੂੰ ਵਾਪਸ ਕੀਤੀ ਜਾਵੇ। ਪਿਛਲੀ ਸਰਕਾਰ ’ਤੇ ਧੋਖਾਧੜੀ ਰਾਹੀਂ ਪੈਸੇ ਦੀ ਹੇਰਾ-ਫੇਰੀ ਕਰਨ ਦੇ ਦੋਸ਼ ਲਾਉਂਦਿਆਂ ਯੂਨਸ ਨੇ ਕਿਹਾ, ‘‘ਇਹ ਸਾਫ਼ ’ਤੇ ਡਕੈਤੀ ਹੈ।’’
ਬਰਤਾਨਵੀ ਲੇਬਰ ਕੈਬਨਿਟ ਦੀ ਮੈਂਬਰ ਟਿਊਲਿਪ ਸਿੱਦੀਕੀ, ਆਰਥਿਕ ਮਾਮਲਿਆਂ ਦੀ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ, ਜੋ ਬਰਤਾਨੀਆ ਦੇ ਵਿੱਤੀ ਬਾਜ਼ਾਰਾਂ ’ਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਜ਼ਿੰਮੇਵਾਰ ਹੈ।
ਯੂਨਸ ਦੀ ਇੰਟਰਵਿਊ ਪ੍ਰਕਾਸ਼ਿਤ ਹੋਣ ਤੋਂ ਇੱਕ ਦਿਨ ਬਾਅਦ ਇੱਕ ਬਰਤਾਨਵੀ ਅਖ਼ਬਾਰ ਨੇ ਇੱਕ ਹੋਰ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਦਾ ਸਿਰਲੇਖ ਸੀ, ‘‘ਬੰਗਲਾਦੇਸ਼ੀ ਨੇਤਾ ਦੀ ਫਟਕਾਰ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਤੋਂ ਟਿਊਲਿਪ ਸਿੱਦੀਕੀ ਨੂੰ ਬਰਖ਼ਾਸਤ ਕਰਨ ਦੀ ਮੰਗ।’’
ਖ਼ਬਰ ਵਿੱਚ ਕਿਹਾ ਗਿਆ, ‘‘ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਨੂੰ ਅਸਤੀਫ਼ਾ ਦੇਣ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੰਗਲਾਦੇਸ਼ ਦੇ ਨੇਤਾ ਨੇ ਬੰਗਲਾਦੇਸ਼ ਦੇ ਸਾਬਕਾ ਸ਼ਾਸਨ ਤਰਫ਼ੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤੋਹਫ਼ੇ ਵਿੱਚ ਦਿੱਤੀਆਂ ਗਈਆਂ ਜਾਇਦਾਦਾਂ ਦੀ ਵਰਤੋਂ ਕਰਨ ਲਈ ਆਲੋਚਨਾ ਕੀਤੀ ਹੈ।’’
ਯੂਨਸ ਦਾ ਦਖ਼ਲ ਉਦੋਂ ਆਇਆ ਜਦੋਂ ਸੰਡੇ ਟਾਈਮਜ਼ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਸਿੱਦੀਕੀ ਨੇ ਕਈ ਸਾਲਾ ਤੱਕ ਹੈਂਮਸਟੈੱਡ ਦੀ ਇੱਕ ਜਾਇਦਾਦਾ ’ਚ ਰਹਿੰਦਿਆਂ ਸਮਾਂ ਬਿਤਾਇਆ, ਜਿਸ ਨੂੰ ਪਨਾਮਾ ਪੇਪਰਜ਼ ਵਿੱਚ ਨਾਮੀ ਇੱਕ ਆਫਸ਼ੋਰ ਕੰਪਨੀ ਨੇ ਖਰੀਦਿਆ ਸੀ ਅਤੇ ਜਿਸ ਦਾ ਸਬੰਧੀ ਦੋ ਬੰਗਲਾਦੇਸ਼ੀ ਕਾਰੋਬਾਰੀਆਂ ਨਾਲ ਸੀ।
ਯੂਨਸ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ, ‘‘ਉਨ੍ਹਾਂ ਨੇ ਦਰਸਾਇਆ ਹੈ ਕਿ ਪੈਸਾ ਕਿਵੇਂ ਚੋਰੀ ਹੁੰਦਾ ਹੈ ਪਰ ਇਹ ਚੋਰੀ ਨਹੀਂ ਹੈ, ਜਦੋਂ ਤੁਸੀਂ ਚੋਰੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਲੁਕਾਉਂਦੇ ਹੋ। ਇਹ ਇੱਕ ਡਕੈਤੀ ਹੈ।’’
ਯੂਨਸ ਨੇ ਕਿਹਾ ਕਿ ਜੇ ਸੰਭਵ ਹੋਵੇ ਤਾਂ ਅਵਾਮੀ ਲੀਗ ਦੇ ਸਹਿਯੋਗੀਆਂ ਵੱਲੋਂ ਖਰੀਦੀਆਂ ਗਈਆਂ ਜਾਇਦਾਦਾਂ ਬੰਗਲਾਦੇਸ਼ ਨੂੰ ਵਾਪਸ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਸੰਡੇ ਟਾਈਮਜ਼ ਦੇ ਅਨੁਸਾਰ ਨੈਸ਼ਨਲ ਕ੍ਰਾਈਮ ਏਜੰਸੀ, ਜੋ ਕਿ ਬ੍ਰਿਟੇਨ ਦੀ ਐੱਫਬੀਆਈ ਦੇ ਬਰਾਬਰ ਹੈ, ਨੇ ਬੰਗਲਾਦੇਸ਼ ਨੂੰ ਕੁਝ ਜਾਇਦਾਦਾਂ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਆਪਣੀ ਇੱਛਾ ਦਾ ਸੰਕੇਤ ਦਿੱਤਾ। -ਪੀਟੀਆਈ