ਯੂਕੇ ਵੱਲੋਂ ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਹਤਿੰਦਰ ਮਹਿਤਾ
ਜਲੰਧਰ, 28 ਫਰਵਰੀ
ਯੂਕੇ ਨੇ ‘ਵੀਜ਼ਾ ਫਰੌਡ ਤੋਂ ਬਚੋ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਮੁੱਖ ਮੰਤਵ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਗੈਰਕਾਨੂੰਨੀ ਪਰਵਾਸ ਦੇ ਜੋਖ਼ਮਾਂ ਤੋਂ ਬਚਾਉਣਾ ਹੈ। ਮੁਹਿੰਮ ਤਹਿਤ ਅੰਗਰੇਜ਼ੀ ਤੇ ਪੰਜਾਬੀ ਵਿੱਚ ਸਹਾਇਤਾ ਲਾਈਨ (+91 70652 51380) ਸ਼ੁਰੂ ਕੀਤੀ ਗਈ ਹੈ, ਜੋ ਆਮ ਵੀਜ਼ਾ ਘੁਟਾਲਾ ਜੁਗਤਾਂ ਦੀ ਪਛਾਣ ਵਿੱਚ ਮਦਦ ਦੇ ਨਾਲ ਵੈਧ ਤਰੀਕੇ ਨਾਲ ਯੂਕੇ ਦੀ ਯਾਤਰਾ ਕਰਨ ਵਾਲਿਆਂ ਲਈ ਰਾਹਦਸੇਰਾ ਬਣੇਗੀ।
ਇਹ ਮੁਹਿੰਮ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਚ ’ਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ। ਭਾਰਤ ਵਿੱਚ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ ਨੇ ਕਿਹਾ ਕਿ ਉਨ੍ਹਾਂ ਦੀ ਇਹ ਮੁਹਿੰਮ ਗੈਰਕਾਨੂੰਨੀ ਪਰਵਾਸ ਅਤੇ ਵੀਜ਼ਾ ਧੋਖਾਧੜੀ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਯੂਕੇ ਤੇ ਭਾਰਤ ਦੇ ਸਾਂਝੇ ਯਤਨਾਂ ਨੂੰ ਦਰਸਾਉਂਦੀ ਹੈ।
ਉਧਰ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨਰ(ਨੌਰਥ) ਕੈਰੋਲੀਨ ਰੋਵੇਟ ਨੇ ਕਿਹਾ, ‘‘ਪੰਜਾਬ ਦੇ ਲੋਕ ਮਿਹਨਤੀ ਹਨ ਜਿਨ੍ਹਾਂ ਨੇ ਯੂਕੇ ਅਤੇ ਆਲਮੀ ਪੱਧਰ ’ਤੇ ਅਹਿਮ ਯੋਗਦਾਨ ਪਾਇਆ ਹੈ। ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਸੁਪਨੇ ਸੁਰੱਖਿਅਤ ਅਤੇ ਕਾਨੂੰਨੀ ਤੌਰ ’ਤੇ ਪੂਰੇ ਹੋਣ। ਅਸੀਂ ਲੋਕਾਂ ਨੂੰ ‘ਵੀਜ਼ਾ ਫਰਾਡ ਤੋਂ ਬਚਾਓ’ ਸੰਦੇਸ਼ ਦੇ ਪ੍ਰਚਾਰ ਪਾਸਾਰ ਅਤੇ ਲੋਕਾ ਨੂੰ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚਾਉਣ ਵਿੱਚ ਮਦਦ ਦੀ ਅਪੀਲ ਕਰਦੇ ਹਾਂ।’’