ਉਗਰਾਹਾਂ ਜਥੇਬੰਦੀ ਨੇ ਟੌਲ ਪਲਾਜ਼ਿਆਂ ਤੋਂ ਧਰਨੇ ਚੁੱਕੇ
ਸ਼ਗਨ ਕਟਾਰੀਆ/ਪਵਨ ਗੋਇਲ
ਬਠਿੰਡਾ/ਭੁੱਚੋ ਮੰਡੀ, 13 ਨਵੰਬਰ
ਜ਼ਿਲ੍ਹਾ ਬਠਿੰਡਾ ਵਿਚਲੇ 4 ਟੌਲ ਪਲਾਜ਼ਿਆਂ ’ਤੇ 17 ਅਕਤੂਬਰ ਤੋਂ ਧਰਨੇ ਲਾ ਕੇ ਟੌਲ ਫ੍ਰੀ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇਹ ਧਰਨੇ ਚੁੱਕੇ ਲਏ ਹਨ। ਯੂਨੀਅਨ ਹੁਣ ਅਜਿਹੇ ਖਰੀਦ ਕੇਂਦਰਾਂ ਦਾ ਰੁਖ਼ ਕਰੇਗੀ, ਜਿੱਥੇ ਝੋਨੇ ਦੀ ਖਰੀਦ ’ਚ ਅੜਚਨ ਆ ਰਹੀ ਹੋਵੇਗੀ। ਇਸ ਤੋਂ ਇਲਾਵਾ ਗਿੱਦੜਬਾਹਾ ਹਲਕੇ ’ਚ ਜਾ ਕੇ ਉਥੇ ਜ਼ਿਮਨੀ ਚੋਣ ਦੌਰਾਨ ਪ੍ਰਚਾਰ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸ਼ੇਖ਼ਪੁਰਾ ਟੌਲ ਪਲਾਜ਼ਿਆਂ ਨੂੰ ਸਮੇਟਦਿਆਂ ਇਥੇ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਬਿੰਦੂ ਨੇ ਕਿਹਾ ਕਿ ਸਾਮਰਾਜੀ ਪੱਖੀ ਨੀਤੀਆਂ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਤੋਂ ਭੱਜਣ ਦੀ ਨੀਤੀ ਲਾਗੂ ਕਰਦਿਆਂ, ਇਸ ਵਾਰ ਝੋਨੇ ਦੀ ਖਰੀਦ ’ਤੇ ਸ਼ਰਤਾਂ ਸਖ਼ਤ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਾਣਾ ਮੰਡੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ ਅਤੇ ਝੋਨਾ ਵੇਚਣ ਲਈ ਕਿਸਾਨ ਤਿੰਨ-ਚਾਰ ਹਫਤਿਆਂ ਤੋਂ ਮੰਡੀਆਂ ਵਿੱਚ ਬੈਠੇ ਹੋਏ ਹਨ, ਜਦ ਕਿ ਆੜ੍ਹਤੀਏ ਅਤੇ ਸ਼ੈੱਲਰ ਮਾਲਕ ਸਰਕਾਰਾਂ ਦੀ ਸ਼ਹਿ ’ਤੇ ਝੋਨੇ ਦੀ ਖਰੀਦ ਉੱਪਰ ਕਾਟ ਲਾ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਟੌਲ ਪਲਾਜ਼ਿਆਂ ਦੇ ਪ੍ਰਬੰਧਕਾਂ ਤੇ ਅਧਿਕਾਰੀਆਂ ਨੂੰ ਵਾਰਨਿੰਗ ਦਿੱਤੀ ਕਿ 17 ਅਕਤੂਬਰ ਤੋਂ 13 ਨਵੰਬਰ ਤੱਕ ਜੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੀ ਤਨਖਾਹ ਦੁਆਉਣ ਲਈ ਯੂਨੀਅਨ ਸੰਘਰਸ਼ ਕਰੇਗੀ।