ਉਗਰਾਹਾਂ ਵੱਲੋਂ ਡੱਲੇਵਾਲ ਨੂੰ ਹਿਰਾਸਤ ’ਚ ਲੈਣ ਦੀ ਨਿਖੇਧੀ
ਸੰਗਰੂਰ (ਗੁਰਦੀਪ ਸਿੰਘ ਲਾਲੀ):
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਵਲੋਂ ਅੱਜ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ। ਧਰਨੇ ਦੌਰਾਨ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਅੱਜ ਦੇ ਰੋਸ ਮਾਰਚ ਅਤੇ ਧਰਨੇ ’ਚ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਉਗਰਾਹਾਂ ਨੇ ਅੱਜ ਤੜਕੇ ਖਨੌਰੀ ਬਾਰਡਰ ਤੋਂ ਪੁਲੀਸ ਵਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਿਰਾਸਤ ’ਚ ਲੈਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਹਰ ਕਿਸੇ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਬਰ ਦੇ ਖ਼ਿਲਾਫ਼ ਹੈ, ਉਹ ਜਬਰ ਭਾਵੇਂ ਕਿਸੇ ਨਾਲ ਵੀ ਹੋਵੇ। ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅਨਾਜ ਮੰਡੀ ਵਿਚ ਇਕੱਠੇ ਹੋਏ ਜਿਥੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਪੁੱਜੇ ਅਤੇ ਧਰਨਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤਹਿਤ ਕਾਰਪੋਰੇਟ ਘਰਾਣਿਆਂ ਵਲੋਂ ਕਿਸਾਨ-ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀ ਦੇ ਲਾਗਤ ਖਰਚੇ ਘਟਾਏ ਜਾਣ, ਐਫਸੀਆਈ ਨੂੰ ਬਹਾਲ ਰੱਖਿਆ ਜਾਵੇ, ਜਨਤਕ ਵੰਡ ਪ੍ਰਣਾਲੀ ਸਹੀ ਰੂਪ ਵਿਚ ਲਾਗੂ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕੀਤੀ ਜਾਵੇ।
ਪਟਿਆਲਾ (ਖੇਤਰੀ ਪ੍ਰਤੀਨਿਧ):
ਕਿਸਾਨੀ ਮਸਲਿਆਂ ਅਤੇ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਮੋਰਚੇ ਦੀ ਚੌਥੀ ਵਰ੍ਹੇ ਗੰਢ ਮੌਕੇ ’ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵੀ ਇਥੇ ਡੀਸੀ ਦਫਤਰ ਦੇ ਬਾਹਰ ਧਰਨਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਭੇਜਿਆ ਗਿਆ। ਇਸ ਮੌਕੇ ਯੂਨੀਅਨ ਆਗੂ ਬਲਰਾਜ ਜੋਸ਼ੀ, ਜਸਵਿੰਦਰ ਸਾਲੂਵਾਲ, ਸੁਖਮਿੰਦਰ ਬਾਰਨ ਤੇ ਹਰਦੀਪ ਡਰੋਲੀ ਆਦਿ ਨੇ ਸੰਬੋਧਨ ਕੀਤਾ।