For the best experience, open
https://m.punjabitribuneonline.com
on your mobile browser.
Advertisement

ਉੱਠ ਗਏ ਗੁਆਂਢੋਂ ਯਾਰ : ਮਿੱਤਰ ਪਿਆਰੇ ਠਾਣਾ ਸਿੰਘ ਨੂੰ ਯਾਦ ਕਰਦਿਆਂ

07:17 AM Sep 17, 2023 IST
ਉੱਠ ਗਏ ਗੁਆਂਢੋਂ ਯਾਰ   ਮਿੱਤਰ ਪਿਆਰੇ ਠਾਣਾ ਸਿੰਘ ਨੂੰ ਯਾਦ ਕਰਦਿਆਂ
Advertisement

ਪਰਮਿੰਦਰ ਸਿੰਘ

Advertisement

ਸ਼ਰਧਾਂਜਲੀ

ਹੁਣ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਭਲਾਈਆਣਾ ਵਿਖੇ 1942 ਵਿੱਚ ਜਨਮੇ ਠਾਣਾ ਸਿੰਘ ਦਾ ਬਚਪਨ ਆਮ ਕਿਸਾਨਾਂ ਦੇ ਬੱਚਿਆਂ ਵਾਂਗ ਸਭ ਤੰਗੀਆਂ-ਤੁਰਸ਼ੀਆਂ ਵਿੱਚੋਂ ਲੰਘਦਿਆਂ ਸਾਧਾਰਨਤਾ ਦੇ ਪੱਧਰ ’ਤੇ ਗੁਜ਼ਰਿਆ। ਮੁੱਢਲੀ ਵਿੱਦਿਆ ਆਪਣੇ ਪਿੰਡੋਂ ਅਤੇ ਫਿਰ ਨਾਲ ਦੇ ਪਿੰਡ ਛੱਤੇਆਣਾ ਤੋਂ ਪ੍ਰਾਪਤ ਕਰ ਕੇ ਅਧਿਆਪਨ ਲਈ ਬੇਸਿਕ ਟੀਚਰ ਟ੍ਰੇਨਿੰਗ ਕੋਰਸ ਫ਼ਰੀਦਕੋਟ ਤੋਂ ਕੀਤਾ। ਫ਼ਰਕ ਸਿਰਫ਼ ਇੰਨਾ ਸੀ ਕਿ ਦਸਵੀਂ ਪਾਸ ਕਰਨ ਤੱਕ ਉਸ ਦੀ ਅੰਗਰੇਜ਼ੀ ਅਤੇ ਪੰਜਾਬੀ ’ਤੇ ਪਕੜ ਕਾਫ਼ੀ ਮਜ਼ਬੂਤ ਹੋ ਗਈ ਸੀ। ਇਸ ਵਿੱਚੋਂ ਹੀ ਉਸ ਨੂੰ ਪ੍ਰੀਤ ਲੜੀ ਵਰਗੇ ਸਾਹਿਤਕ ਰਸਾਲੇ ਅਤੇ ਹੋਰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਇਸੇ ਕਰਕੇ ਉਸ ਦੇ ਬੁਨਿਆਦੀ ਸੁਭਾਅ ਅਤੇ ਨਜ਼ਰੀਏ ਦੀਆਂ ਨੀਹਾਂ ਮਨੁੱਖਤਾ ਪ੍ਰਤੀ ਸਨੇਹ, ਖਿੱਚ ਅਤੇ ਜਮਹੂਰੀਅਤ ਨਾਲ ਲਬਰੇਜ਼ ਹੋ ਗਈਆਂ।
ਜ਼ਿੰਦਗੀ ਵਿੱਚ ਕੁਝ ਨਵਾਂ ਨਰੋਆ ਕਰ ਗੁਜ਼ਰਨ ਨੂੰ ਫ਼ਲ ਉਸ ਵਕਤ ਪੈਣਾ ਸ਼ੁਰੂ ਹੋਇਆ ਜਦੋਂ ਠਾਣਾ ਸਿੰਘ ਸੰਨ 1961-62 ਵਿੱਚ ਮੁਕਤਸਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਿਓਵਾਲੀ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਤਾਇਨਾਤ ਹੋਇਆ। ਇਸ ਵੇਲੇ ਉਸ ਦੀਆਂ ਅਧਿਆਪਕ ਯੂਨੀਅਨ ਵਿੱਚ ਗਤੀਵਿਧੀਆਂ ਨੇ ਜ਼ੋਰ ਫੜਿਆ ਹੀ, ਪਰ ਨਾਲ ਹੀ ਉਸ ਦਾ ਸਕੂਲ ਦੇ ਮਾਹੌਲ ਅਤੇ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਸਮੁੱਚਤਾ ’ਤੇ ਡੂੰਘਾ ਅਸਰ ਪੈਣ ਲੱਗਾ। ਉਸ ਦੇ ਇੱਕ ਵਿਦਿਆਰਥੀ ਫੁਲੇਲ ਸਿੰਘ ਦੇ ਦੱਸਣ ਮੁਤਾਬਿਕ ਸਕੂਲ ਵਿੱਚ ਉਸ ਵੇਲੇ ਤੱਕ ਉੱਥੇ ਬਣੀ ਪਾਣੀ ਦੀ ਡਿੱਗੀ ਵਿੱਚੋਂ ਅਖੌਤੀ ਦਲਿਤ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਡੋਲ ਰਾਹੀਂ ਆਪ ਪਾਣੀ ਕੱਢਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੂੰ ਪਾਣੀ ਡਿੱਗੀ ਤੋਂ ਦੂਰ ਬਿਠਾ ਕੇ ਪਿਆਇਆ ਜਾਂਦਾ ਸੀ। ਇਸ ਦੇ ਨਾਲ ਹੀ ਦਲਿਤ ਅਤੇ ਗ਼ੈਰ-ਦਲਿਤ ਵਿਦਿਆਰਥੀਆਂ ਲਈ ਦੋ ਵੱਖ-ਵੱਖ ਟੂਟੀਆਂ ਸਨ। ਉਸ ਨੇ ਦੱਸਿਆ ਕਿ ਮਾਸਟਰ ਠਾਣਾ ਸਿੰਘ ਨੇ ਇੱਕ ਟੂਟੀ ਬੰਦ ਹੀ ਕਰਵਾ ਦਿੱਤੀ ਤਾਂ ਕਿ ਸਾਰੇ ਬੱਚੇ ਇੱਕ ਹੀ ਟੂਟੀ ਤੋਂ ਪਾਣੀ ਪੀਣ। ਇਸ ਦੇ ਨਾਲ ਹੀ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਡਿੱਗੀ ਵਿੱਚੋਂ ਵੀ ਆਪ ਹੀ ਪਾਣੀ ਭਰਨ ਲਗਾ ਦਿੱਤਾ। ਆਪਣੀ ਪੂਰੀ ਜ਼ਿੰਦਗੀ ਉਹ ਜਾਤ-ਪਾਤ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸੰਜੀਦਾ ਰਿਹਾ। ਹਿੰਦੋਸਤਾਨ ਦੇ ਇਨਕਲਾਬ ਦੇ ਰਾਹ ਵਿੱਚ ਜਾਤ-ਪਾਤ ਦੇ ਸਵਾਲ ਨੂੰ ਹਮੇਸ਼ਾ ਹੀ ਉਸ ਨੇ ਕੇਂਦਰੀ ਅਹਿਮੀਅਤ ਵਾਲਾ ਪ੍ਰਸ਼ਨ ਸਮਝਿਆ।
1964 ਦੇ ਅਖੀਰ ਤੱਕ ਖਿਓਵਾਲੀ ਤੋਂ ਤਬਾਦਲਾ ਕਰਵਾ ਕੇ ਉਹ ਆਪਣੇ ਪਿੰਡ ਭਲਾਈਆਣੇ ਕੋਲ ਧੂੜਕੋਟ ਚਲਿਆ ਗਿਆ। ਸਾਹਿਤ ਅਤੇ ਭਾਸ਼ਾ ਨਾਲ ਲੱਗੀ ਚੇਟਕ ਕਰਕੇ ਹੀ ਉਸ ਨੇ ਇਨ੍ਹਾਂ ਸਾਲਾਂ ਦੌਰਾਨ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਬੀ.ਏ. ਪਾਸ ਕਰ ਕੇ ਸਕੂਲ ਵਿੱਚੋਂ ਛੁੱਟੀ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਅੰਗਰੇਜ਼ੀ ਦੀ ਐਮ.ਏ. ਵਿੱਚ ਦਾਖਲਾ ਲੈ ਲਿਆ। ਇੱਥੇ ਹੀ ਉਸ ਨਾਲ ਤਰਸੇਮ ਬਾਹੀਆ ਅਤੇ ਰਾਮਪੁਰਾ ਫੂਲ ਵਾਲੇ ਮੇਘ ਰਾਜ ਵੀ ਪੜ੍ਹਦੇ ਸਨ। ਇਸੇ ਵਕਤ ਹੀ ਉਸ ਦਾ ਵਿਚਾਰਧਾਰਕ ਵਿਕਾਸ ਮਨੁੱਖਵਾਦ ਦੇ ਸੰਕਲਪਾਤਮਕ ਢਾਂਚੇ ਤੋਂ ਪਾਰ ਜਾ ਕੇ ਮਨੁੱਖੀ ਸਮਾਜ, ਸੱਭਿਆਚਾਰ ਅਤੇ ਆਰਥਿਕ ਤੇ ਰਾਜਸੀ ਢਾਂਚੇ ਦੇ ਜਮਾਤੀ ਵਿਰੋਧਾਂ ਅਤੇ ਸੰਘਰਸ਼ਾਂ ਦੇ ਚੌਖਟੇ ਨੂੰ ਸਮਝਣ ਵੱਲ ਵਧਿਆ। ਇਸੇ ਵੇਲੇ ਹੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਜ਼ਾਦੀ ਦਾ ਹੋਕਾ ਦਿੰਦੀ ਇਨਕਲਾਬੀ ਲਹਿਰ ਪੱਛਮੀ ਬੰਗਾਲ ਦੇ ਨਕਸਲਬਾੜੀ ਨਾਂ ਦੇ ਛੋਟੇ ਜਿਹੇ ਪਿੰਡ ਵਿੱਚੋਂ ਉੱਠੀ ਜਿਸ ਨੇ ਮੁਲਕ ਭਰ ਦੇ ਨੌਜਵਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਆਪਣੀ ਰਾਜਸੀ ਚੇਤਨਾ ਨੂੰ ਚਮਕਾਉਣ ਦੇ ਰਾਹ ਪਿਆ ਠਾਣਾ ਸਿੰਘ ਵੀ ਇਸ ਤੋਂ ਅਭਿੱਜ ਨਾ ਰਹਿ ਸਕਿਆ। ਐਮ.ਏ. ਅੰਗਰੇਜ਼ੀ ਪਾਸ ਕਰਨ ਮਗਰੋਂ ਆਪਣੇ ਸਕੂਲ ਅਧਿਆਪਕ ਦੇ ਪੇਸ਼ੇਵਰ ਜੀਵਨ ਨੂੰ ਵਿੱਚੇ ਹੀ ਛੱਡ ਉਹ ਇਨਕਲਾਬ ਦੇ ਰਾਹਾਂ ਦਾ ਪਾਂਧੀ ਬਣ ਗਿਆ।
ਉਸ ਰਾਹ ’ਤੇ ਚੱਲਣ ਵੇਲੇ ਤੋਂ ਹੀ ਉਹ ਇਨਕਲਾਬੀ ਭਾਵਨਾ ਅਤੇ ਜੋਸ਼ ਨਾਲ ਭਰਪੂਰ ਸੀ। ਉਸ ਨੇ ਆਪਣੀ ਲਹਿਰ, ਇਸ ਦੀ ਇਤਿਹਾਸਕਤਾ ਅਤੇ ਭਵਿੱਖ ਬਾਰੇ ਸੋਚਣ ਤੇ ਤਰਕ ਆਧਾਰਿਤ ਸਮਝ ਬਣਾਉਣ ਦੀ ਬੌਧਿਕ ਪ੍ਰਕਿਰਿਆ ਤੋਂ ਕਦੇ ਵੀ ਪਾਸਾ ਨਾ ਵੱਟਿਆ। ਲਹਿਰ ਦਾ ਪ੍ਰਤੀਬੱਧ ਹਿੱਸਾ ਰਹਿੰਦਿਆਂ ਵੀ ਇਸ ਵਿਚਲੇ ਪ੍ਰਚਲਿਤ, ਭਾਰੂ ਅਤੇ ਬਹੁਤ ਵਾਰੀ ਉਲਾਰ ਵਹਾਅ ਨੂੰ ਆਪਣੀ ਤਿੱਖੀ ਸੋਚ ’ਤੇ ਪਰਖਣ ਤੋਂ ਪਾਸਾ ਨਾ ਵੱਟਿਆ। ਆਪਣੇ ਸੰਸਾਰ ਪ੍ਰਸਿੱਧ ਨਾਵਲ ‘ਆਗ ਕਾ ਦਰਿਆ’ ਵਿੱਚ 1942-43 ਦੌਰਾਨ ਸੱਚੀ-ਸੁੱਚੀ ਲੋਕ ਸੇਵਾ ਦੀ ਭਾਵਨਾ ਵਿੱਚ ਨਿਕਲੇ ਨੌਜਵਾਨ ਕਮਿਊਨਿਸਟ ਮੁੰਡੇ ਕੁੜੀਆਂ ਬਾਰੇ ਹਲਕੇ ਤਨਜ਼ੀਆ ਲਹਿਜੇ ਵਿੱਚ ਕੁਰੱਤਲੈਨ ਹੈਦਰ ਕਹਿੰਦੀ ਹੈ ਕਿ ਉਹ ਸੁਹਿਰਦ ਭਾਵਨਾ ਵਾਲੇ ਨੌਜਵਾਨ ਤਾਂ ਸਨ, ਪਰ ਉਨ੍ਹਾਂ ਦੀ ਜ਼ਿੰਦਗੀ ਦਾ ਧੁਰਾ ਆਮ ਲੋਕਾਈ ਵਿੱਚ ਨਾ ਹੋ ਕੇ ਕੁਲੀਨ ਵਰਗ ਵਿੱਚ ਹੀ ਸੀ। ਇਹੀ ਕਾਰਨ ਹੈ ਕਿ ਉਹ ਸਮੇਂ ਦੇ ਫੇਰ ਨਾਲ ਰਾਜ ਕਰਦੇ ਸਿਸਟਮ ਦੇ ਉੱਚੇ ਗਲਿਆਰਿਆਂ ਦਾ ਹੀ ਹਿੱਸਾ ਬਣ ਗਏ। 1967-68 ਤੋਂ ਬਾਅਦ ਇਨਕਲਾਬੀ ਸਾਹਿਤ ਅਤੇ ਸਿਆਸਤ ਵਿੱਚ ਠਾਣਾ ਸਿੰਘ ਵਰਗੇ ਨੌਜਵਾਨ ਨਾ ਸਿਰਫ਼ ਉਮਰ ਭਰ ਕਮਿਊਨਿਸਟ ਇਨਕਲਾਬੀਆਂ ਦੀ ਜੋਖ਼ਮ ਭਰੀ ਜ਼ਿੰਦਗੀ ਜਿਉਂਦੇ ਰਹੇ ਸਗੋਂ ਲਹਿਰ ਦੀ ਉਸਾਰੀ ਲਈ ਬੌਧਿਕਤਾ ਦੇ ਪੱਧਰ ’ਤੇ ਨਿੱਗਰ ਯੋਗਦਾਨ ਪਾਉਂਦੇ ਰਹੇ। ਇਹ ਨੌਜਵਾਨ ਮੁੱਖ ਤੌਰ ’ਤੇ ਕਿਸਾਨੀ ਅਤੇ ਮੱਧਵਰਗ ਦੇ ਆਮ ਪਰਿਵਾਰਾਂ ਦੇ ਜੰਮਪਲ ਸਨ। ਇਸੇ ਤਰ੍ਹਾਂ ਦੇ ਮਾਹੌਲ ਸਦਕਾ ਲਹਿਰ ਦੇ ਮੁੱਢਲੇ ਪੜਾਅ ਵਿੱਚ ਹਿੰਸਾ ’ਤੇ ਬੇਲੋੜੀ ਟੇਕ ਅਤੇ 1970ਵਿਆਂ ਦੇ ਦਹਾਕੇ ਨੂੰ ਇਨਕਲਾਬ ਦੀ ਅੰਤਿਮ ਕਾਮਯਾਬੀ ਦਾ ਦਹਾਕਾ ਐਲਾਨਣ ਦੇ ਮਾਅਰਕੇਬਾਜ਼ ਨਾਅਰੇ ਦੀ ਅਸਲੀਅਤ ਪਛਾਣ ਕੇ ਠਾਣਾ ਸਿੰਘ ਦਾ ਜੁਟ ਪ੍ਰੋਫੈਸਰ ਹਰਭਜਨ ਸੋਹੀ ਅਤੇ ਉਸ ਦੇ ਸਾਥੀਆਂ ਨਾਲ ਹੋਇਆ। ਉਨ੍ਹਾਂ ਨੇ ਤਿੱਖੇ ਅੰਦਰੂਨੀ ਵਿਰੋਧਾਂ ਨੂੰ ਝੱਲਦਿਆਂ ਜਮਹੂਰੀ ਅਤੇ ਇਨਕਲਾਬੀ ਲੋਕ ਲਹਿਰਾਂ ਦੀ ਉਸਾਰੀ ਨੂੰ ਕੇਂਦਰੀ ਬਿੰਦੂ ਦੇ ਤੌਰ ’ਤੇ ਉਭਾਰਿਆ। ਆਪਣੇ ਲਗਪਗ ਪਚਵੰਜਾ ਸਾਲ ਦੇ ਸਿਆਸੀ ਜੀਵਨ ਦੌਰਾਨ ਠਾਣਾ ਸਿੰਘ ਨੇ ਕਮਿਊਨਿਸਟ ਇਨਕਲਾਬੀ ਸਿਆਸਤ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ’ਤੇ ਅਨੇਕਾਂ ਲਿਖਤਾਂ ਲਿਖੀਆਂ। ਇਹ ਮਹੱਤਵਪੂਰਨ ਤੱਥ ਹੈ ਕਿ ਉਸ ਦੇ ਸਿਆਸੀ ਕੰਮ ਦੀਆਂ ਲੋੜਾਂ ਅਤੇ ਰਵਾਇਤਾਂ ਅਨੁਸਾਰ ਉਸ ਦਾ ਨਾਂ ਅਤੇ ਨਿੱਜਤਾ ਕਦੇ ਵੀ ਅੱਗੇ ਨਹੀਂ ਆਏ। ਇਸ ਸਾਰੇ ਸਮੇਂ ਦੌਰਾਨ ਉਸ ਦਾ ਅੰਗਰੇਜ਼ੀ ਅਤੇ ਪੰਜਾਬੀ ਜ਼ੁਬਾਨ ਨਾਲ ਜਿਉਂਦਾ ਜਾਗਦਾ ਰਿਸ਼ਤਾ ਕਾਇਮ ਰਿਹਾ। ਆਪਣੇ ਨਿੱਜੀ ਪੇਸ਼ੇਵਰ ਜੀਵਨ ਵਾਸਤੇ ਉਸ ਨੇ ਅੰਗਰੇਜ਼ੀ ਸਾਹਿਤ ਦੀ ਉੱਚ ਵਿੱਦਿਆ ਨੂੰ ਅੱਗੇ ਨਹੀਂ ਵਧਾਇਆ, ਪਰ ਅਨੁਵਾਦ ਦੇ ਖੇਤਰ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਸ ਵਾਸਤੇ ਅਨੁਵਾਦ ਕਿਸੇ ਵੀ ਲਿਖਤ ਦੇ ਵਿਚਾਰਧਾਰਕ ਤੱਤ ਦਾ ਦੂਜੀ ਜ਼ੁਬਾਨ ਵਿੱਚ ਉਲੱਥਾ ਤਾਂ ਹੁੰਦਾ ਹੀ ਸੀ, ਪਰ ਇਸ ਵਾਸਤੇ ਪੰਜਾਬੀ ਵਿੱਚ ਪੰਜਾਬ ਦੀ ਧਰਾਤਲ ਨਾਲ ਜੁੜਵੇਂ ਲਫ਼ਜ਼ਾਂ ਦੀ ਚੋਣ ਵਿੱਚ ਉਸ ਦੀ ਖ਼ਾਸ ਮੁਹਾਰਤ ਸੀ।
ਪੰਜਾਬ ਦੇ ਲੋਕਾਂ ਖ਼ਾਸ ਤੌਰ ’ਤੇ ਕਿਸਾਨਾਂ ਵਿੱਚ ਵਿਗਸੀ ਜਮਹੂਰੀ ਲਹਿਰ ਦੀ ਨੀਂਹ ਵਿੱਚੋਂ 1960ਵਿਆਂ ਵਿੱਚ ਵਿਕਸਿਤ ਹੋਈ ਵਿਦਿਆਰਥੀ / ਨੌਜਵਾਨਾਂ ਦੀ ਲਹਿਰ ਅਤੇ ਹੋਰ ਜਮਹੂਰੀ ਲਹਿਰਾਂ ਦੀ ਸਿਫ਼ਤੀ ਦੇਣ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਇਸ ਲਹਿਰ ਦੀ ਧਰਾਤਲ ਤਿਆਰ ਕਰਨ ਅਤੇ ਇਮਾਰਤ ਉਸਾਰਨ ਵਿੱਚ ਠਾਣਾ ਸਿੰਘ ਵਰਗੇ ਅਨੇਕ ਇਨਕਲਾਬੀਆਂ ਦਾ ਯੋਗਦਾਨ ਹੈ। ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ, ਪਰ ਉਸ ਦੀ ਘਾਲਣਾ ਸਦਾ ਦਿਲ ਵਿੱਚ ਵਸਦੀ ਰਹੇਗੀ।
ਸੰਪਰਕ: 95010-25030

Advertisement

Advertisement
Author Image

Advertisement