For the best experience, open
https://m.punjabitribuneonline.com
on your mobile browser.
Advertisement

ਸਮਾਜਿਕ ਤਬਦੀਲੀ ਦਾ ਚਿੰਨ੍ਹ ਊਧਮ ਸਿੰਘ

06:15 AM Dec 26, 2023 IST
ਸਮਾਜਿਕ ਤਬਦੀਲੀ ਦਾ ਚਿੰਨ੍ਹ ਊਧਮ ਸਿੰਘ
Advertisement

ਅਮੋਲਕ ਸਿੰਘ

26 ਦਸੰਬਰ 1899 ਨੂੰ ਜਨਮੇ ਅਤੇ 31 ਜੁਲਾਈ 1940 ਨੂੰ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਉਸ ਦੇ ਸੰਗਰਾਮੀ ਜੀਵਨ ਸਫ਼ਰ ਅਤੇ ਉਦੇਸ਼ਾਂ ਦਾ ਅਧਿਐਨ ਜ਼ਰੂਰੀ ਹੈ। ਉਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੰਡਨ ਜਾ ਕੇ ਲੈਣ ਤੱਕ ਜਾਣੇ ਅਨਜਾਣੇ ਸੀਮਤ ਕਰਨਾ ਉਸ ਦੀ ਵਿਲੱਖਣ ਘਾਲਣਾ ਅਤੇ ਉੱਚੇ ਆਦਰਸ਼ਾਂ ਨਾਲ਼ ਇਨਸਾਫ਼ ਨਹੀਂ। ਊਧਮ ਸਿੰਘ ਦੀਆਂ ਮੌਲਿਕ ਲਿਖਤਾਂ, ਬਿਆਨਾਂ ਅਤੇ ਸੁਨੇਹਿਆਂ ਵਿਚੋਂ ਉਸ ਦੀ ਸੋਚ ਦ੍ਰਿਸ਼ਟੀ ਅਤੇ ਉਦੇਸ਼ਾਂ ਬਾਰੇ ਖੁੱਲ੍ਹੇ ਮਨ ਨਾਲ ਸਮਝਣ ਦੀ ਲੋੜ ਹੈ। ਸਾਨੂੰ ਅਜਿਹੇ ਸਕੂਨ ਦਾ ਸ਼ੌਕ ਪਾਲਣ ਤੋਂ ਉੱਪਰ ਉੱਠਣ ਦੀ ਲੋੜ ਹੈ ਜਿਹੜਾ ਸਾਡਾ ਧਿਆਨ ਬਦਲਿਆਂ ਦੀ ਰਾਜਨੀਤੀ ਤੱਕ ਹੀ ਸਮੇਟ ਕੇ ਸਮਾਜਿਕ ਤਬਦੀਲੀ ਦੇ ਕੇਂਦਰੀ ਕਾਰਜ ਤੋਂ ਨਜ਼ਰ ਲਾਂਭੇ ਕਰਨ ਦਾ ਕੰਮ ਕਰ ਦਿੰਦਾ ਹੈ।
ਊਧਮ ਸਿੰਘ ਕਿਸੇ ਇੱਕ ਸ਼ਖ਼ਸ ਨੂੰ ਲੋਕ ਵਿਰੋਧੀ ਵਰਤਾਰਿਆਂ ਦਾ ਮੁਜਰਿਮ ਨਹੀਂ ਸੀ ਸਮਝਦਾ। ਉਹ ਡਾਇਰਾਂ ਅਤੇ ਉਡਵਾਇਰਾਂ ਦੀ ਜਨਮ ਭੋਇੰ ਸਾਮਰਾਜੀ ਪ੍ਰਬੰਧ ਨੂੰ ਟਿੱਕਦਾ ਸੀ ਜਿਹੜਾ ਪ੍ਰਬੰਧ ਅਜਿਹੇ ਖ਼ੂਨੀ ਸਾਕੇ ਰਚਣ ਵਾਲੇ ਪੈਦਾ ਕਰਨ ਅਤੇ ਥਾਪੜਾ ਦੇਣ ਦਾ ਕੰਮ ਕਰਦਾ ਹੈ। ਸਾਡੇ ਓਪਰੇ ਸਮਾਜੀ ਅਤੇ ਮਨ-ਸੁਭਾਅ ਨੂੰ ਬਦਲੇ ਦੀ ਰਾਜਨੀਤੀ ਟੁੰਬਦੀ ਅਤੇ ਵਕਤੀ ਸਕੂਨ ਦਿੰਦੀ ਹੈ। ਦੁਨੀਆ ਭਰ ਵਿਚ ਗ਼ੁਲਾਮੀ ਅਤੇ ਦਾਬੇ ਦੀ ਮਾਰ ਝੱਲ ਰਹੇ ਲੋਕਾਂ ਅੰਦਰ ਪਨਪਦੇ ਨਾਬਰੀ ਦੇ ਉੱਸਲਵੱਟੇ ਲੈਂਦੇ ਵਿਚਾਰ ਇਨਕਲਾਬੀ ਸਮਾਜਿਕ ਤਬਦੀਲੀ ਵਿਚ ਪਲਟਣ ਦੀ ਬਜਾਇ ਬਦਲਿਆਂ ਦੀ ਘੁੰਮਣਘੇਰੀ ਵਿਚ ਫਸ ਕੇ ਰਹਿ ਜਾਂਦੇ ਹਨ। ਦੁਨੀਆ ਭਰ ਵਿਚ ਜੱਲ੍ਹਿਆਂਵਾਲਾ ਬਾਗ਼ ਕਾਂਡ ਵਰਗੇ ਕਾਰੇ ਕਰਨ ਵਾਲੇ ਡਾਇਰ 13 ਅਪਰੈਲ 1919 ਤੋਂ ਪਹਿਲਾਂ ਵੀ ਸੀ ਅਤੇ ਉਸ ਤੋਂ ਬਾਅਦ ਵੀ ਮੌਜ਼ੂਦ ਨੇ। ਇਹ ਕੌੜੀ ਸਚਾਈ ਸਿਰਫ਼ ਸਾਡੇ ਮੁਲਕ ਅੰਦਰ ਹੀ ਨਹੀਂ ਸਗੋਂ ਦੁਨੀਆਂ ਭਰ ’ਚ ਦੇਖੀ ਜਾ ਸਕਦੀ ਹੈ। ਇਹ ਹਕੀਕਤ ਦਰਸਾਉਂਦੀ ਹੈ ਕਿ ਉਸ ਨੁਕਤੇ ਦਾ ਭੇਤ ਸਮਝਿਆ ਜਾਵੇ ਜਿਸ ਨੂੰ ਅਸਲ ਵਿਚ ਬਦਲਿਆ ਜਾਵੇ ਨਾ ਕਿ ਸਿਰਫ਼ ਬਦਲੇ ਤੱਕ ਸੀਮਤ ਤੇ ਸੰਤੁਸ਼ਟ ਹੋਇਆ ਜਾਵੇ।
ਲੋਕਾਂ ਦੇ ਨਾਇਕ ਊਧਮ ਸਿੰਘ ਨੂੰ ਵੀ ਇਸ ਨੁਕਤਾ-ਏ-ਨਜ਼ਰ ਤੋਂ ਸਮਝਣ ਦੀ ਲੋੜ ਹੈ। ਜਦੋਂ ਅੰਮ੍ਰਿਤਸਰ ਸਿਟੀ ਕੋਤਵਾਲੀ ਪੁਲੀਸ ਉਸ ਨੂੰ 30 ਅਗਸਤ 1927 ਨੂੰ ਫੜਦੀ ਹੈ ਤਾਂ ਉਸ ਕੋਲੋਂ ਗ਼ਦਰ ਦੀ ਗੂੰਜ, ਰੂਸੀ ਗ਼ਦਰ ਗਿਆਨ ਸਮਾਚਾਰ, ਗ਼ੁਲਾਮੀ ਦਾ ਜ਼ਹਿਰ, ਗ਼ਦਰ ਦੀ ਦੂਰੀ, ਦੇਸ਼ ਭਗਤਾਂ ਦੀ ਜਾਨ ਆਦਿ ਸਾਹਿਤ ਫੜਿਆ ਗਿਆ। ਇਹ ਸਾਹਿਤ ਊਧਮ ਸਿੰਘ ਨੂੰ ਨੇੜਿਓਂ ਮਿਲਣ ਲਈ ਪ੍ਰੇਰਨਾ ਸ੍ਰੋਤ ਹੈ। ਇਸ ਤੋਂ ਹੋਰ ਪਿੱਛੇ ਝਾਤ ਮਾਰੀਏ ਤਾਂ ਊਧਮ ਸਿੰਘ ਦੇ ਬਦਲੇ ਤੋਂ ਕਿਤੇ ਉੱਚੇ ਆਦਰਸ਼ਾਂ ਦੇ ਦੀਦਾਰ ਹੁੰਦੇ ਹਨ ਜਦੋਂ ਉਹ 1923 ’ਚ 1857 ਦੇ ਗ਼ਦਰ ਦੀ ਬਰਸੀ ਮੌਕੇ ਸੰਬੋਧਨ ਕਰਦਾ ਹੈ: “ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਖ਼ੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ। ਉਨ੍ਹਾਂ ਦੇ ਆਜ਼ਾਦੀ ਦੇ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਅਤੇ ਕਹਿਰ ਨੂੰ ਛਾਤੀਆਂ ’ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ਼ ਸਾਡਾ ਸਮਝੌਤਾ ਅਸੰਭਵ ਹੈ। ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ’ਤੇ ਝੁੱਲੇਗਾ।”
1925 ਵਿਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ’ਚ ਊਧਮ ਸਿੰਘ ਨੇ ਕਿਹਾ ਸੀ: “ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗ਼ੁਲਾਮੀ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰ ਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਅਤੇ ਗ਼ੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ, ਅਸੀਂ ਇਸ ਨੂੰ ਪ੍ਰਾਪਤ ਕਰ ਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ।”
ਜੇ ਊਧਮ ਸਿੰਘ ਦੀ ਜਿ਼ੰਦਗੀ ਦਾ ਮਕਸਦ ਬਦਲਾ ਲੈਣ ਤੱਕ ਸੀਮਤ ਹੁੰਦਾ, ਫਿਰ ਉਹ ਭਲਾ ‘ਆਜ਼ਾਦੀ ਦੀ ਬੁਨਿਆਦ ਇਨਕਲਾਬ ਹੁੰਦਾ ਹੈ’ ਵਰਗੇ ਸੁਫ਼ਨੇ ਕਿਉਂ ਬੀਜਦਾ? ਉਹਦਾ ਸ਼ਹੀਦ ਭਗਤ ਸਿੰਘ ਨਾਲ਼ ਐਨਾ ਗਹਿਰਾ ਸਬੰਧ ਹੋਣਾ ਵੀ ਉਸ ਦੇ ਵਡੇਰੇ ਨਿਸ਼ਾਨਿਆਂ ਦੀ ਪੁਸ਼ਟੀ ਕਰਦਾ ਹੈ। ਊਧਮ ਸਿੰਘ 30 ਮਾਰਚ 1940 ਨੂੰ ਬਰਿਕਸਟਨ ਜੇਲ੍ਹ ਤੋਂ ਇੱਕ ਪੱਤਰ ਵਿਚ ਲਿਖਦਾ ਹੈ: “10 ਸਾਲ ਹੋ ਗਏ ਜਦੋਂ ਮੇਰਾ ਸਭ ਤੋਂ ਵਧੀਆ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ। ਇਹ 23 ਤਾਰੀਖ ਸੀ। ਉਮੀਦ ਹੈ ਕਿ ਉਹ ਮੈਨੂੰ ਵੀ ਉਸੇ ਤਾਰੀਖ਼ ਨੂੰ ਫਾਂਸੀ ਦੇਣਗੇ।”
ਊਧਮ ਸਿੰਘ ਦੀ ਸ਼ਖਸੀਅਤ ਦਾ ਇਹ ਪਾਸਾ ਉਸ ਦੇ ਸਹਿਜ ਸੁਭਾਅ, ਆਪਣੇ ਭਵਿੱਖ਼ ਅਤੇ ਆਪਣੀ ਭੂਮਿਕਾ ਬਾਰੇ ਸਾਫ਼ ਸਪੱਸ਼ਟ ਹੋਣ ਦਾ ਗਵਾਹ ਹੈ। ਇਹ ਦਰਸਾਉਂਦਾ ਹੈ ਕਿ ਊਧਮ ਸਿੰਘ ਦਾ ਕੈਕਸਟਨ ਹਾਲ ਲੰਡਨ ਵਿਚ ਗੋਲੀ ਦਾਗਣਾ ਅਸਲ ਵਿਚ ਸਾਮਰਾਜੀ ਪ੍ਰਬੰਧ ਦੀ ਵਫ਼ਾਦਾਰੀ ਨਿਭਾਉਣ ਵਾਲੇ, ਜੱਲ੍ਹਿਆਂਵਾਲਾ ਬਾਗ਼ ਵਿਚ ਖ਼ੂਨੀ ਵਿਸਾਖੀ ਬਣਾਉਣ ਕਾਰਨ ਲੋਕਾਂ ਦੀ ਤਿੱਖੀ ਨਫ਼ਰਤ ਦੇ ਪਾਤਰ ਬਣੇ ਉਭਰਵੇਂ ਚਿੰਨ੍ਹ ਨੂੰ ਨਿਸ਼ਾਨਾ ਬਣਾ ਕੇ ਇਹ ਚਿਤਾਵਨੀ ਦੇਣਾ ਹੈ ਕਿ ਲੋਕਾਂ ਦਾ ਲਹੂ ਕਦੇ ਖਾਮੋਸ਼ ਨਹੀਂ ਹੁੰਦਾ, ਉਹ ਸਿਰਫ਼ ਜਿਸਮ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਤਲ ਕਰ ਕੇ ਲੋਕ ਆਵਾਜ਼ ਨੂੰ ਕਤਲ ਕਰਨ ਦਾ ਭਰਮ ਪਾਲ਼ਦੇ ਹੋ। ਊਧਮ ਸਿੰਘ ਦਾ ਇਹ ਅੰਤਿਮ ਨਿਸ਼ਾਨਾ ਨਹੀਂ ਸੀ ਸਗੋਂ ਅੰਤਿਮ ਨਿਸ਼ਾਨੇ ਵੱਲ ਲੋਕਾਂ ਦਾ ਧਿਆਨ ਖਿੱਚਣ, ਹੌਸਲੇ ਅਤੇ ਸਿਦਕਦਿਲੀ ਨਾਲ ਸਾਮਰਾਜੀ ਅਤੇ ਦੇਸੀ ਗੁਲਾਮੀ ਦੇ ਸੰਗਲ ਤੋੜ ਕੇ ਇਨਕਲਾਬੀ ਤਬਦੀਲੀ ਵੱਲ ਅਗੇਰੇ ਵਧਣ ਲਈ ਲੋਕਾਂ ਨੂੰ ਹੋਕਾ ਦੇਣਾ ਸੀ।
ਊਧਮ ਸਿੰਘ ਬਾਰੇ ਕਿੱਸੇ, ਕਵੀਸ਼ਰੀ, ਢਾਡੀ ਰੰਗ, ਚਲੰਤ ਲੇਖ ਆਮ ਕਰ ਕੇ ਬਦਲਾ ਲੈਣ ਤੱਕ ਹੀ ਮਹਿਦੂਦ ਹਨ। ਪਿਛਲੇ ਅਰਸੇ ਵਿਚ ਸਾਹਮਣੇ ਆਏ ਠੋਸ ਇਤਿਹਾਸਕ ਪ੍ਰਮਾਣ, ਊਧਮ ਸਿੰਘ ਦੇ ਬਿਆਨ, ਚਿੱਠੀਆਂ ਖ਼ਾਸ ਕਰ ਕੇ ਫ਼ਾਂਸੀ ਲੱਗਣ ਤੋਂ ਪਹਿਲਾਂ ਅਦਾਲਤ ਵਿਚ ਜੱਜ ਸਾਹਮਣੇ ਦਿੱਤਾ ਬਿਆਨ ਸਪੱਸ਼ਟ ਐਲਾਨਨਾਮਾ ਹੈ ਕਿ ਊਧਮ ਸਿੰਘ ਦੇ ਦੁਸ਼ਮਣ ਅਤੇ ਮਿੱਤਰ ਕੌਣ ਹਨ। ਉਹ ਸਾਫ਼ ਸ਼ਬਦਾਂ ਵਿਚ ਬਿਆਨ ਕਰਦਾ ਹੈ ਕਿ ਅਨੇਕਾਂ ਅੰਗਰੇਜ਼ ਉਸ ਦੇ ਦੋਸਤ ਹਨ। ਉਹ ਤਾਂ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲੇ ਪ੍ਰਬੰਧ ਦੇ ਖਿ਼ਲਾਫ਼ ਹੈ।
ਹੁਕਮਰਾਨ ਜਰਵਾਣਿਆਂ ਨੂੰ ਭੁਲੇਖਾ ਰਿਹਾ ਹੈ ਕਿ ਸ਼ਾਇਦ ਦੇਸ਼ ਭਗਤਾਂ ਦੇ ਬੋਲ ਦਫ਼ਨ ਹੋ ਜਾਣਗੇ। ਉਹ ਮਿੱਟੀ ਵਿਚ ਸੌਂਦੇ ਜਾਂ ਦਮ ਨਹੀਂ ਤੋੜਦੇ, ਉਹ ਮੌਕਾ ਮਿਲਣ ’ਤੇ ਉੱਗ ਪੈਂਦੇ ਹਨ। 5 ਜੂਨ 1940 ਨੂੰ ਜੋ ਬਿਆਨ ਊਧਮ ਸਿੰਘ ਨੇ ਅਦਾਲਤ ਵਿਚ ਦਿੱਤਾ, ਉਸ ਵਿਚ ਇਹ ਵੀ ਦਰਜ ਹੈ ਕਿ ਬਰਤਾਨਵੀ ਹਕੂਮਤ ਸਾਡੇ ਲੋਕਾਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਮੌਤ ਦੇ ਮੂੰਹ ਧੱਕ ਰਹੀ ਹੈ। ਇਹ ਇਕ ਦਿਨ ਜ਼ਰੂਰ ਆਜ਼ਾਦ ਹੋਣਗੇ। ਅੱਜ 1940 ਤੋਂ 2023 ਆ ਗਿਆ, ਅੱਜ ਵੀ ਸਾਡੇ ਮੁਲਕ ਦੇ ਹਾਕਮ ਬਰਤਾਨਵੀ ਹਕੂਮਤ ਦੇ ਪਦਚਿੰਨ੍ਹਾਂ ’ਤੇ ਚੱਲਦੇ ਹੋਏ ਹੱਕ, ਸੱਚ ਤੇ ਇਨਸਾਫ਼ ਦੀ ਗੱਲ ਕਰਦੇ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਤੇ ਸਮਾਜਿਕ ਕਾਮਿਆਂ ਨੂੰ ਬਿਨਾਂ ਮੁਕੱਦਮੇ ਚਲਾਏ ਜਾਂ ਝੂਠੇ ਕੇਸ ਮੜ੍ਹ ਕੇ ਕਈ ਵਰ੍ਹਿਆਂ ਤੋਂ ਸੀਖਾਂ ਪਿੱਛੇ ਡੱਕੀ ਬੈਠੀ ਹੈ। ਊਧਮ ਸਿੰਘ ਦੇ ਬੋਲ ਅੱਜ ਵੀ ਹਵਾਵਾਂ ਵਿਚ ਗੂੰਜਦੇ ਹਨ: ਕੀ ਅਸੀਂ ਅਜਿਹੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕੀਤਾ ਸੀ?
ਊਧਮ ਸਿੰਘ ਦੀ ਵਿਚਾਰਧਾਰਾ, ਆਪਣੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਕਹਾਉਣ ਪਿੱਛੇ ਕੰਮ ਕਰਦੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਦੇ ਮਨੋਰਥ ਅਤੇ ਉਸ ਦੀ ਆਜ਼ਾਦੀ ਦੇ ਸੰਕਲਪ ਨੂੰ ਸਮਝਣਾ, ਉਸ ਦੀ ਪੂਰਤੀ ਲਈ ਉੱਦਮ ਜੁਟਾਉਣਾ ਹੀ ਊਧਮ ਸਿੰਘ ਦੇ ਕੁਝ ਲੱਗਦੇ ਹੋਣ ਦਾ ਪ੍ਰਮਾਣ ਹੈ।
ਸੰਪਰਕ: 98778-68710

Advertisement

Advertisement
Advertisement
Author Image

joginder kumar

View all posts

Advertisement