ਕੁਆਲਾਲੰਪੁਰ, 21 ਜਨਵਰੀਆਪਣਾ ਪਲੇਠਾ ਮੁਕਾਬਲਾ ਖੇਡ ਰਹੀ ਖੱਬੇ ਹੱਥ ਦੀ ਸਪਿੰਨਰ ਵੈਸ਼ਨਵੀ ਸ਼ਰਮਾ ਵੱਲੋਂ ਹੈਟ੍ਰਿਕ ਸਣੇ ਪੰਜ ਦੌੜਾਂ ਬਦਲੇ ਲਈਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਇਕਤਰਫ਼ਾ ਮੁਕਾਬਲੇ ਵਿਚ ਮਲੇਸ਼ੀਆ ਨੂੰ ਦਸ ਵਿਕਟਾਂ ਨਾਲ ਸ਼ਿਕਸਤ ਦਿੱਤੀ। ਪੂਰੇ ਮੈਚ ਦੌਰਾਨ 18 ਓਵਰਾਂ ਦੀ ਖੇਡ ਹੀ ਹੋਈ। ਟੂਰਨਾਮੈਂਟ ਦੇ ਇਤਿਹਾਸ ਵਿਚ ਵੈਸ਼ਨਵੀ ਦੇ ਇਹ ਅੰਕੜੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਮਲੇਸ਼ੀਆ ਦੀ ਪੂਰੀ ਟੀਮ 14.3 ਓਵਰਾਂ ਵਿਚ 31 ਦੌੜਾਂ ’ਤੇ ਆਊਟ ਹੋ ਗਈ। ਹੋਰਨਾਂ ਭਾਰਤੀ ਗੇਂਦਬਾਜ਼ਾਂ ਵਿਚੋਂ ਆਯੁਸ਼ੀ ਸ਼ੁਕਲਾ ਨੇ 8 ਦੌੜਾਂ ਬਦਲੇ 3 ਖਿਡਾਰੀਆਂ ਨੂੰ ਆਊਟ ਕੀਤਾ। ਭਾਰਤ ਨੇ ਜੇਤੂ ਟੀਚਾ 2.5 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 32 ਦੌੜਾਂ ਬਣਾ ਕੇ ਪੂਰਾ ਕੀਤਾ। ਜੀ.ਤ੍ਰਿਸ਼ਾ ਨੇ ਪੰਜ ਚੌਕਿਆਂ ਦੀ ਮਦਦ ਨਾਲ 12 ਗੇਂਦਾਂ ’ਤੇ ਨਾਬਾਦ 27 ਦੌੜਾਂ ਬਣਾਈਆਂ। ਟੀ-20 ਇੰਟਰਨੈਸ਼ਨਲ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ 6 ਦੌੜਾਂ ਹੈ, ਜੋ ਮਾਲਦੀਵਜ਼ ਤੇ ਮਾਲੀ ਦੀਆਂ ਟੀਮਾਂ ਦੇ ਨਾਮ ਸਾਂਝੇ ਤੌਰ ’ਤੇੇ ਦਰਜ ਹੈ। -ਪੀਟੀਆਈ