ਹਾਦਸਿਆਂ ’ਚ ਦੋ ਨੌਜਵਾਨ ਹਲਾਕ; ਦੋ ਜ਼ਖ਼ਮੀ
ਮਨੋਜ ਸ਼ਰਮਾ
ਬਠਿੰਡਾ, 2 ਦਸੰਬਰ
ਪਿੰਡ ਲੱਖੀ ਜੰਗਲ ਨੇੜੇ ਦੇਰ ਰਾਤ ਕਰੀਬ 7:30 ਵਜੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਚਾਲਕ ਨੂੰ ਪਾਸ ਕਰਨ ਮੌਕੇ ਤੇਜ਼ ਰੋਸ਼ਨੀ ਪੈਣ ਕਾਰਨ ਇੱਕ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (30) ਪੁੱਤਰ ਲਖਵੀਰ ਸਿੰਘ ਵਾਸੀ ਲੱਖੀ ਜੰਗਲ ਵਜੋਂ ਹੋਈ ਹੈ, ਜਦੋਂ ਇਸ ਹਾਦਸੇ ਦੌਰਾਨ ਜ਼ਖ਼ਮੀ ਭੋਲਾ ਸਿੰਘ ਪੁੱਤਰ ਬਲਦੇਵ ਵਾਸੀ ਮਹਿਮਾ ਸਰਜਾ ਨੂੰ ਡੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ। ਸਾਈਕਲ ਸਵਾਰ ਗੁਰਬਚਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਗੋਬਿੰਦਪੁਰਾ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਨੇਹੀਆਂ ਵਾਲਾ ਦੇ ਤਫਤੀਸ਼ੀ ਅਫਸਰ, ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਅਤੇ ਉਸ ਦਾ ਸਾਥੀ ਭੋਲਾ ਸਿੰਘ ਗੋਨਿਆਣਾ ਮੰਡੀ ਤੋਂ ਵਾਪਸ ਆ ਰਹੇ ਸਨ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਗਗਨਦੀਪ ਸਿੰਘ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹੈ।
ਇਸੇ ਦੌਰਾਨ ਬਠਿੰਡਾ ਦੇ ਕੌਮੀ ਸੜਕ ’ਤੇ ਅੱਜ ਸਵੇਰੇ ਗੋਨਿਆਣਾ ਨੇੜੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ, ਥਾਣਾ ਨੇਹੀਆਂ ਵਾਲਾ ਦੀ ਪੁਲੀਸ ਅਤੇ ਰੋਡ ਸੇਫਟੀ ਫੋਰਸ ਟੀਮ ਦੇ ਇੰਚਾਰਜ ਸੁਖਮੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੀ ਗਈ ਸੀ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਬੇਅੰਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਕੋਟਲੀ ਅਬਲੂ, ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਬੇਅੰਤ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।