ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਇਸ ਸ਼ਹਿਰ ਦੇ ਨਾਨਕਿਆਣਾ ਚੌਕ ’ਤੇ ਬੀਤੀ ਰਾਤ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਐੱਸਯੂਵੀ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੇਜ਼ ਰਫ਼ਤਾਰ ਵਾਹਨ ਚੌਕ ਨਾਲ ਟਕਰਾਅ ਗਿਆ। ਟੱਕਰ ਏਨੀ ਜ਼ਬਰਦਸਤ ਸੀ ਕਿ ਵਾਹਨ ਦੀ ਅਗਲੀ ਸੀਟ ’ਤੇ ਬੈਠਾ ਨੌਜਵਾਨ ਅਗਲੇ ਸ਼ੀਸ਼ੇ ਥਾਈਂ ਬਾਹਰ ਜਾ ਡਿੱਗ ਗਿਆ। ਐੱਸਯੂਵੀ ਨੌਜਵਾਨ ਉਪਰ ਪਲਟਨ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਨੇ ਸਿਵਲ ਹਸਪਤਾਲ ਵਿੱਚ ਦਮ ਤੋੜ ਦਿੱਤਾ। ਲੋਕਾਂ ਵੱਲੋਂ ਪਿਛਲੀ ਸੀਟ ’ਤੇ ਬੈਠੇ ਤੇ ਬੁਰੀ ਤਰ੍ਹਾਂ ਫਸੇ ਨੌਜਵਾਨ ਨੂੰ ਲਗਪਗ ਡੇਢ ਘੰਟੇ ਦੀ ਜਦੋ-ਜਹਿਦ ਮਗਰੋਂ ਬਾਹਰ ਕੱਢ ਕੇ ਪਟਿਆਲਾ ਵਿਖੇ ਹਸਪਤਾਲ ਰੈਫ਼ਰ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਲਵਦੀਪ ਸਿੰਘ ਉਰਫ਼ ਲਵੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਤਾਂ ਅਤੇ ਜਸਕਰਨ ਸਿੰਘ ਉਰਫ਼ ਜੱਸੂ ਵਾਸੀ ਧਨੌਲਾ ਰੋਡ ਬਰਨਾਲਾ ਵਜੋਂ ਹੋਈ ਹੈ, ਜਦੋਂਕਿ ਤਰਸੇਮ ਸਿੰਘ ਸੇਮੀ ਵਾਸੀ ਮੰਗਵਾਲ ਜ਼ਖ਼ਮੀ ਹੋ ਗਿਆ।
ਪਿੰਡ ਨੱਤਾਂ ਵਾਸੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਲਵਦੀਪ ਸਿੰਘ ਦੇ ਦੋਸਤ ਜਸਕਰਨ ਸਿੰਘ ਤੇ ਤਰਸੇਮ ਸਿੰਘ ਉਸ ਨੂੰ ਮਿਲਣ ਆਏ ਸਨ। ਉਹ ਐੱਸਯੂਵੀ ਗੱਡੀ ਰਾਹੀਂ ਉਨ੍ਹਾਂ ਨੂੰ ਛੱਡਣ ਲਈ ਪਿੰਡ ਮੰਗਵਾਲ ਜਾ ਰਿਹਾ ਸੀ। ਨਾਨਕਿਆਣਾ ਚੌਕ ਨੇੜੇ ਚੌਕ ਨਾਲ ਟਕਰਾਉਣ ਮਗਰੋਂ ਵਾਹਨ ਪਲਟ ਗਿਆ। ਪਿੰਡ ਮੰਗਵਾਲ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਪਿੰਡ ਦਾ ਪੰਚ ਹੈ। ਉਹ ਤਿੰਨੋਂ ਦੋਸਤ ਰਾਤ ਲਗਪਗ ਇੱਕ ਵਜੇ ਕਿਸੇ ਪਾਰਟੀ ਤੋਂ ਪਰਤ ਰਹੇ ਸਨ। ਥਾਣਾ ਸਿਟੀ ਸੰਗਰੂਰ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂ ਅੱਗੇ ਆਉਣ ਕਾਰਨ ਵਾਹਨ ਬੇਕਾਬੂ ਹੋ ਕੇ ਚੌਕ ਨਾਲ ਟਕਰਾਉਣ ਮਗਰੋਂ ਪਲਟ ਗਿਆ।