ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ
ਜਗਮੋਹਨ ਸਿੰਘ
ਘਨੌਲੀ, 8 ਜੂਨ
ਇੱਥੇ ਅੱਜ ਪਿੰਡ ਆਲੋਵਾਲ ਵਿੱਚ ਕੌਮੀ ਮਾਰਗ ’ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਆਯੂਸ਼ ਰਾਜ (19) ਪੁੱਤਰ ਭੋਲਾ ਪ੍ਰਸ਼ਾਦ ਵਾਸੀ ਮੇਨ ਰੋਡ ਨਵਾਦਾ (ਬਿਹਾਰ) ਅਤੇ ਰਿਤਿਕ ਰੰਜਨ (19) ਪੁੱਤਰ ਰਾਜੀਵ ਰੰਜਨ ਵਜੋਂ ਹੋਈ ਹੈ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬੀਬੀਏ ਦੇ ਆਖਰੀ ਸਾਲ ਦੇ ਵਿਦਿਆਰਥੀ ਆਯੂਸ਼ ਰਾਜ ਅਤੇ ਰਿਤਿਕ ਰੰਜਨ ਅਪਾਚੀ ਮੋਟਰਸਾਈਕਲ ’ਤੇ ਮਾਤਾ ਨੈਣਾ ਦੇਵੀ ਮੰਦਿਰ ਤੋਂ ਮੱਥਾ ਟੇਕਣ ਮਗਰੋਂ ਪਰਤ ਰਹੇ ਸਨ। ਜਦੋਂ ਉਹ ਪਿੰਡ ਆਲੋਵਾਲ ਨੇੜੇ ਕੌਮੀ ਮਾਰਗ ਦੀ ਚੜ੍ਹਾਈ ਕੋਲ ਪੁੱਜੇ ਤਾਂ ਪਿੱਛਿਓਂ ਆਏ ਕਿਸੇ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭਾਈ ਜੈਤਾ ਜੀ ਹਸਪਤਾਲ ਆਨੰਦਪੁਰ ਸਾਹਿਬ ਪਹੁੰਚਾਉਣ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੜਕ ਹਾਦਸੇ ’ਚ ਸਕੂਟਰ ਚਾਲਕ ਦੀ ਮੌਤ
ਖਰੜ (ਪੱਤਰ ਪ੍ਰੇਰਕ): ਖਰੜ-ਬਡਾਲਾ ਸੜਕ ’ਤੇ ਇੱਕ ਸਕੂਟਰ ਅਤੇ ਕਾਰ ਦੀ ਟੱਕਰ ਵਿੱਚ ਸਕੂਟਰ ਚਾਲਕ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਚੰਦਰ ਬਹਾਦਰ ਉਰਫ ਰਾਮੂ ਅਤੇ ਜ਼ਖ਼ਮੀ ਦੀ ਪਛਾਣ ਰੇਸ਼ਮ ਕਠਾਯਤ ਵਜੋਂ ਹੋਈ ਹੈ। ਰੇਸ਼ਮ ਕਠਾਯਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਖਰੜ ਤੋਂ ਸਬਜ਼ੀ ਲੈਣ ਲਈ ਗਏ ਸੀ। ਜਦੋਂ ਉਹ ਖਰੜ-ਬਡਾਲਾ ਸੜਕ ’ਤੇ ਪਹੁੰਚੇ ਤਾਂ ਇੱਕ ਕਾਰ ਚਾਲਕ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਾਮੂ ਦੀ ਮੌਤ ਹੋ ਗਈ।