ਸੜਕ ਹਾਦਸੇ ਵਿੱਚ ਦੋ ਨੌਜਵਾਨ ਹਲਾਕ
ਕੇ.ਪੀ ਸਿੰਘ
ਗੁਰਦਾਸਪੁਰ, 4 ਅਪਰੈਲ
ਇੱਥੇ ਲਖਨਪਾਲ ਮੋੜ ’ਤੇ ਦਰੱਖ਼ਤ ਨਾਲ ਤੇਜ਼ ਰਫ਼ਤਾਰ ਮੋਟਰਸਾਈਕਲ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਪੰਡੋਰੀ ਰੋਡ ਸਥਿਤ ਦੋ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਇੱਕ ਕੋਲ ਦੋ ਬੱਚੇ ਹਨ।
ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ (26) ਪੁੱਤਰ ਮੱਖਣ ਸਿੰਘ ਵਾਸੀ ਜੱਟੂਵਾਲ ਅਤੇ ਉਸ ਦਾ ਦੋਸਤ ਸੰਦੀਪ ਕੁਮਾਰ (30) ਪੁੱਤਰ ਪ੍ਰਸ਼ੋਤਮ ਲਾਲ ਵਾਸੀ ਪਿੰਡ ਕਰਵਾਲ ਕਿਸੇ ਕੰਮ ਲਈ ਘਰੋਂ ਨਿਕਲੇ ਸਨ।
ਜਦੋਂ ਉਹ ਲਖਨਪਾਲ ਮੋੜ ’ਤੇ ਪੁੱਜੇ ਤਾਂ ਅਚਾਨਕ ਤੇਜ਼ ਰਫ਼ਤਾਰ ਮੋਟਰਸਾਈਕਲ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਿਆ। ਇਸ ਦੌਰਾਨ ਰਾਹਗੀਰਾਂ ਨੇ ਤੁਰੰਤ ਦੋਹਾਂ ਨੂੰ ਸਰਕਾਰੀ ਹਸਪਤਾਲ ਬੱਬਰੀ ਵਿੱਚ ਪਹੁੰਚਾਇਆ ਪਰ ਲਵਪ੍ਰੀਤ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਹੀ ਮੌਤ ਹੋ ਗਈ। ਸੰਦੀਪ ਕੁਮਾਰ ਦੀ ਗੰਭੀਰ ਹਾਲਤ ਵੇਖਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ, ਜਿੱਥੇ ਸੰਦੀਪ ਕੁਮਾਰ ਦੀ ਵੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸੰਦੀਪ ਕੁਮਾਰ ਦੇ ਦੋ ਛੋਟੇ ਛੋਟੇ ਲੜਕੇ ਹਨ ਜਦਕਿ ਲਵਪ੍ਰੀਤ ਸਿੰਘ ਦਾ ਹਾਲੇ ਵਿਆਹ ਨਹੀਂ ਹੋਇਆ। ਸਥਾਨਕ ਪੁਲੀਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਬਜ਼ੁਰਗ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਇੱਥੇ ਫੋਕਲ ਪੁਆਇੰਟ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ। ਪੁਲੀਸ ਨੇ ਦੇਰ ਰਾਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਮ੍ਰਿਤਕ ਦੇ ਸਾਲੇ ਸਿਮਰਨ ਨੇ ਦੱਸਿਆ ਕਿ ਉਸ ਦਾ ਜੀਜਾ ਆਪਣੇ ਮੋਟਰਸਾਈਕਲ ’ਤੇ ਗਦਾਈਪੁਰ ਤੋਂ ਜਲੰਧਰ ਦੇ ਕਿਸ਼ਨਪੁਰਾ ਵੱਲ ਆ ਰਿਹਾ ਸੀ। ਜਦੋਂ ਉਹ ਸਾਈਕਲ ਲੈ ਕੇ ਫੋਕਲ ਪੁਆਇੰਟ ਨੇੜੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਿਮਰਨ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਆਲਟੋ ਕਾਰ ਵਿੱਚ ਸਵਾਰ ਵਿਅਕਤੀ ਵੱਲੋਂ ਕੈਂਟਰ ਚਾਲਕ ਦਾ ਪਿੱਛਾ ਵੀ ਕੀਤਾ ਗਿਆ, ਜਿਸ ਨੇ ਫੋਕਲ ਪੁਆਇੰਟ ਦੇ ਅੰਦਰ ਕੈਂਟਰ ਨੂੰ ਰੋਕ ਲਿਆ ਸੀ। ਪਰ ਉਦੋਂ ਤੱਕ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਲਿਆ ਹੈ।