For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

08:02 AM Mar 02, 2024 IST
ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ
ਬੱਸ ਹੇਠ ਆਇਆ ਮੋਟਰਸਾਈਕਲ।
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਮਾਰਚ
ਹੁਸ਼ਿਆਰਪੁਰ-ਫ਼ਗਵਾੜਾ ਸੜਕ ’ਤੇ ਪਿੰਡ ਫਲਾਹੀ ਨੇੜੇ ਅੱਜ ਸ਼ਾਮ ਇੱਕ ਮਿੰਨੀ ਬੱਸ ਹੇਠ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਤਿੰਦਰ ਅਤੇ ਸਤਵਿੰਦਰ ਵਜੋਂ ਹੋਈ ਹੈ। ਦੋਵੇਂ ਪਿੰਡ ਹਰਮੋਏ ਦੇ ਰਹਿਣ ਵਾਲੇ ਸਨ। ਮੋਟਰਸਾਈਕਲ ਸਵਾਰ ਹੁਸ਼ਿਆਰਪੁਰ ਤੋਂ ਹਰਮੋਏ ਵੱਲ ਨੂੰ ਜਾ ਰਹੇ ਸਨ। ਫਲਾਹੀ ਨੇੜੇ ਉਨ੍ਹਾਂ ਦੀ ਟੱਕਰ ਸਾਹਮਣੇ ਤੋਂ ਆ ਰਹੀ ਇੱਕ ਪ੍ਰਾਈਵੇਟ ਬੱਸ ਨਾਲ ਹੋ ਗਈ। ਦੋਵਾਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮੇਹਟੀਆਣਾ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲੀਸ ਵਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਫਗਵਾੜਾ (ਪੱਤਰ ਪ੍ਰੇਰਕ): ਅੱਜ ਇਥੇ ਹੁਸ਼ਿਆਰਪੁਰ ਰੋਡ ’ਤੇ ਇੱਕ ਖੜ੍ਹੀ ਟਰਾਲੀ ਵਿੱਚ ਮੋਟਰਸਾਈਕਲ ਦੇ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਜੋ ਢਾਡੀ ਜਥੇ ਨਾਲ ਕੰਮ ਕਰਦਾ ਹੈ ਤੇ ਉਹ ਉਸਨੂੰ ਮਿਲਣ ਲਈ ਰਾਤ ਦਾ ਨਕੋਦਰ ਵਿੱਚ ਆਇਆ ਹੋਇਆ ਸੀ। ਅੱਜ ਸਵੇਰੇ ਉੱਥੋਂ ਸੱਤ ਵਜੇ ਨਿਕਲ ਆਇਆ ਤੇ ਜਦੋਂ ਹੁਸ਼ਿਆਰਪੁਰ ਰੋਡ ’ਤੇ ਪੁੱਜਿਆ ਤਾਂ ਟਰਾਲੀ ਵਿੱਚ ਵੱਜਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Advertisement

ਫਾਰਚੂਨਰ ਟਰਾਂਸਫਾਰਮਰ ਨਾਲ ਟਕਰਾਈ, ਬਿਜਲੀ ਬੰਦ

ਜਲੰਧਰ (ਪੱਤਰ ਪ੍ਰੇਰਕ): ਅੱਜ ਸਵੇਰੇ ਮਾਡਲ ਟਾਊਨ ’ਚ ਰਾਣਾ ਹਸਪਤਾਲ ਨੇੜੇ ਤੇਜ਼ ਰਫਤਾਰ ਫਾਰਚੂਨਰ ਕਾਰ ਖੰਭਿਆਂ ਨਾਲ ਟਕਰਾ ਗਈ ਅਤੇ ਟਰਾਂਸਫਾਰਮਰ ਡਿੱਗਣ ਕਾਰਨ ਮਾਡਲ ਟਾਊਨ ਦੇ ਅੱਧੇ ਤੋਂ ਵੱਧ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਸਮੇਂ ਵਾਹਨ ਵਿੱਚ ਇੱਕ ਹੀ ਵਿਅਕਤੀ ਸਵਾਰ ਸੀ, ਜੋ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਰਤ ਰਿਹਾ ਸੀ। ਪੁਲੀਸ ਅਨੁਸਾਰ ਫਾਰਚੂਨਰ ਸਵਾਰ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਇਹ ਹਾਦਸਾ ਸਵੇਰੇ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਹਾਦਸੇ ਤੋਂ ਬਾਅਦ ਫਾਰਚੂਨਰ ਦੇ ਏਅਰਬੈਗ ਖੁੱਲ੍ਹ ਗਏ ਸਨ ਜਿਸ ਕਾਰਨ ਚਾਲਕ ਦੀ ਜਾਨ ਬਚ ਗਈ। ਪੁਲੀਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸਵੇਰੇ ਲਗਪਗ ਪੰਜ ਵਜੇ ਵਾਪਰਿਆ। ਹਾਦਸੇ ਮਗਰੋਂ ਫਾਰਚੂਨਰ ਸਵਾਰ ਆਪਣੀ ਕਾਰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ।

Advertisement
Author Image

joginder kumar

View all posts

Advertisement
Advertisement
×