ਅੱਗ ਲੱਗਣ ਕਾਰਨ ਦੋ ਨੌਜਵਾਨ ਝੁਲਸੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਾਰਚ
ਇਥੇ ਹੰਬੜਾ ਰੋਡ ’ਤੇ ਅੱਜ ਸਵੇਰੇ ਘਰ ਵਿੱਚ ਅੱਗ ਲੱਗਣ ਕਾਰਨ ਦੋ ਨੌਜਵਾਨ ਝੁਲਸੇ ਗਏ। ਦਰਅਸਲ ਸਵੇਰੇ ਹੀ ਭੰਗ ਦੇ ਨਸ਼ੇ ਵਿੱਚ ਖੇਤਾਂ ’ਚ ਕੰਮ ਕਰਨ ਵਾਲੇ ਦੋ ਮਜ਼ਦੂਰ ਜਦੋਂ ਚਾਹ ਬਣਾਉਣ ਲੱਗੇ ਤਾਂ ਅਚਾਨਕ ਸਿਲੰਡਰ ਦੀ ਪਾਈਪ ਨਿਕਲ ਗਈ, ਜਿਸ ਤੋਂ ਬਾਅਦ ਦੋਵੇਂ ਅੱਗ ਦੀ ਲਪੇਟ ’ਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ। ਝੁਲਸੇ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
ਉਨ੍ਹਾਂ ਦੀ ਪਛਾਣ ਨਾਵੇਦ ਅਤੇ ਫਤਹਿ ਖਾਨ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਪੀਜੀਆਈ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਝੁਲਸੇ ਮਜ਼ਦੂਰਾਂ ਦੇ ਮਾਮੇ ਮੁਹੰਮਦ ਆਜ਼ਾਦ ਨੇ ਦੱਸਿਆ ਕਿ ਦੋਵੇਂ ਉਤਰ ਪ੍ਰਦੇਸ਼ ਤੋਂ ਕੁਝ ਸਮਾਂ ਪਹਿਲਾਂ ਹੀ ਕੰਮ ਕਰਨ ਲਈ ਆਏ ਸਨ। ਦੋਵੇਂ ਪਿੰਡ ਜੱਸੋਵਾਲ ’ਚ ਆਲੂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਜ਼ਿਆਦਾ ਭੰਗ ਪੀ ਲਈ ਸੀ, ਜਦੋਂ ਸ਼ਨਿੱਚਰਵਾਰ ਦੀ ਸਵੇਰੇ ਨਾਵੇਦ ਚਾਹ ਬਣਾਉਣ ਲਈ ਉਠਿਆ ਤਾਂ ਉਹ ਉਸ ਸਮੇਂ ਵੀ ਨਸ਼ੇ ਵਿੱਚ ਹੀ ਸੀ।
ਉਸ ਨੇ ਜਿਵੇਂ ਹੀ ਗੈਸ ਚੁੱਲ੍ਹਾ ਚਲਾਇਆ ਤਾਂ ਗੈਸ ਵਾਲੀ ਪਾਈਪ ਨਿਕਲ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਲੱਗ ਗਈ। ਇਸ ਅੱਗ ਨਾਲ ਦੋਵੇਂ ਬੁਰੀ ਤਰ੍ਹਾਂ ਝੁਲਸੇ ਗਏ। ਦੋਵਾਂ ਦੀਆਂ ਚੀਕਾਂ ਸੁਣ ਕੇ ਖੇਤ ਮਾਲਕ ਵੀ ਉਥੇ ਪਹੁੰਚ ਗਏ ਅਤੇ ਉਸ ਨੇ ਕਿਸੇ ਤਰ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭਰਤੀ ਕਰਵਾਇਆ। ਇਸਦੀ ਜਾਣਕਾਰੀ ਚੌਕੀ ਹੰਬੜਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ।