ਪ੍ਰਿੰਸੀਪਲ ’ਤੇ ਹਮਲੇ ਦੇ ਦੋਸ਼ ਹੇਠ ਦੋ ਨੌਜਵਾਨ ਗ੍ਰਿਫਤਾਰ
ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਬੀਤੇ ਕੱਲ੍ਹ ਪੰਜਾਬ ਬੰਦ ਦੀ ਕਾਲ ਦੌਰਾਨ ਸਕੂਲ ਵਿਚ ਕੰਮ ਕਰਨ ਲਈ ਆਏ ਪ੍ਰਿੰਸੀਪਲ ’ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਜਿਸ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 10 ਅਗਸਤ ਨੂੰ ਨਕੋਦਰ ਰੋਡ ’ਤੇ ਸਥਿਤ ਡਾ. ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਪੁੱਤਰ ਸ਼ਾਮਾ ਰਾਮ ਵਾਸੀ ਡਾ. ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ’ਤੇ ਕੁੱਝ ਨੌਜਵਾਨਾਂ ਨੇ ਸਕੂਲ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫਰਾਰ ਹੋ ਗਏ। ਇਸ ਕਾਰਨ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ 6 ਦੇ ਮੁੱਖ ਅਫਸਰ ਅਜਾਇਬ ਸਿੰਘ ਔਜਲਾ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸੇ ਦੌਰਾਨ ਪੁਲੀਸ ਨੂੰ ਕਿਸੇ ਨੇ ਦੱਸਿਆ ਕਿ ਪ੍ਰਿੰਸੀਪਲ ਸੰਤ ਰਾਮ ਕਟਾਰੀਆ ’ਤੇ ਹਮਲਾ ਕਰਨ ਵਾਲਿਆਂ ਵਿਚ ਗੁਰਦੇਵ ਕੁਮਾਰ ਉਰਫ ਕਾਲਾ ਪੁੱਤਰ ਚਰਨ ਦਾਸ ਵਾਸੀ ਗਲੀ ਨੰਬਰ 2 ਅਬਾਦਪੁਰਾ ਅਤੇ ਸੋਨੂੰ ਪੁੱਤਰ ਲੇਟ ਧਰਮਪਾਲ ਵਾਸੀ ਗਲੀ ਨੰਬਰ ਇੱਕ ਅਬਾਦਪੁਰਾ ਵੀ ਸ਼ਾਮਿਲ ਸਨ ਜਿਸ ’ਤੇ ਪੁਲੀਸ ਵਲੋਂ ਛਾਪਾ ਮਾਰ ਕੇ ਉਕਤ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।