ਦੋ ਸਾਲਾ ਬੱਚੀ ਨੂੰ ਕੁੱਤਿਆਂ ਨੇ ਵੱਢਿਆ; ਹਾਲਤ ਗੰਭੀਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਇਥੇ ਚੰਡੀਗੜ੍ਹ ਰੋਡ ਸਥਿਤ ਰਾਜਗੜ੍ਹ ਫਿਊਜ਼ਨ ਕਲੋਨੀ ਵਿੱਚ ਘਰ ਦੇ ਬਾਹਰ ਖੇਡ ਰਹੀ ਦੋ ਸਾਲਾ ਬੱਚੀ ਨੂੰ ਕੁੱਤਿਆਂ ਨੇ ਵੱਢ ਲਿਆ। ਪਰਿਵਾਰ ਬੱਚੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਹੈ। ਕੁੱਤਿਆਂ ਨੇ ਬੱਚੀ ਦੇ ਸਿਰ, ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੱਢਿਆ। ਬੱਚੀ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਅਤੇ ਉਸ ਦੀ ਇਕਲੌਤੀ ਧੀ ਘਰ ਦੇ ਬਾਹਰ ਖੇਡ ਰਹੀ ਸੀ। ਪਰਿਵਾਰ ਨੇ ਸੋਚਿਆ ਕਿ ਬੱਚੀ ਖੇਡ ਰਹੀ ਹੈ ਪਰ ਅਚਾਨਕ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ਅਤੇ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਵੱਢ ਲਿਆ। ਬੱਚੀ ਦੀਆਂ ਚੀਕਾਂ ਸੁਣ ਕੇ ਰਾਹਗੀਰ ਨੇ ਰੌਲਾ ਪਾਇਆ ਅਤੇ ਕੁੱਤਿਆਂ ਨੂੰ ਭਜਾ ਦਿੱਤਾ। ਇਸ ਮਗਰੋਂ ਬੱਚੀ ਦੇ ਪਰਿਵਾਰ ਵਾਲੇ ਘਰ ਤੋਂ ਬਾਹਰ ਆਏ ਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ। ਨਰੇਸ਼ ਕੁਮਾਰ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਕਲੋਨੀ ’ਚ ਘੁੰਮਦੇ ਆਵਾਰਾ ਕੁੱਤਿਆਂ ਦਾ ਅਪਰੇਸ਼ਨ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਦੀ ਆਬਾਦੀ ਨਾ ਵਧੇ। ਕਲੋਨੀ ਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਨੇ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।