ਪੰਜਾਬ ’ਚ ਦੋ ਟੌਲ ਪਲਾਜ਼ੇ 2 ਅਪਰੈਲ ਤੋਂ ਹੋਣਗੇ ਬੰਦ: ਭਗਵੰਤ ਮਾਨ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 30 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ 2 ਅਪਰੈਲ ਨੂੰ ਅੱਧੀ ਰਾਤ ਤੋਂ ਦੋ ਹੋਰ ਟੌਲ ਪਲਾਜ਼ੇ ਬੰਦ ਹੋ ਜਾਣਗੇ। ਇਸ ਸਬੰਧੀ ਉਨ੍ਹਾਂ ਕਿਹਾ ਕਿ ਲੁਧਿਆਣਾ-ਬਰਨਾਲਾ ਰਾਜ ਮਾਰਗ ਸਥਿਤ ਰਕਬਾ ਅਤੇ ਮਹਿਲ ਕਲਾਂ ਦੇ ਦੋ ਟੌਲ ਪਲਾਜ਼ਿਆਂ ਦੀ ਮਿਆਦ ਖ਼ਤਮ ਹੋ ਰਹੀ ਹੈ। ਇਸੇ ਕਾਰਨ ਦੋਵੇਂ ਟੌਲ ਪਲਾਜ਼ਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਅਪਰੈਲ ਤੋਂ ਬਾਅਦ ਦੋਵੇਂ ਟੌਲ ਪਲਾਜ਼ਿਆਂ ’ਤੇ ਰਾਹਗੀਰਾਂ ਤੋਂ ਕੋਈ ਵਸੂਲੀ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਦਾਖਾ-ਹਲਵਾਰਾ-ਰਾਏਕੋਟ-ਬਰਨਾਲਾ ਰਾਜ ਮਾਰਗ ’ਤੇ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੀ 57.94 ਕਿਲੋਮੀਟਰ ਲੰਬੀ ਸੜਕ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਨੇ 2007 ਵਿੱਚ ਬਿਲਡ-ਓਪਰੇਟ-ਟਰਾਂਸਫਰ (ਬੀ.ਓ.ਟੀ.) ਯੋਜਨਾ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਯੋਜਨਾ ਅਧੀਨ ਰੋਹਨ ਰਾਜਦੀਪ ਟੌਲਵੇਜ਼ ਲਿਮਟਿਡ ਨੇ ਸੜਕ ਦੀ ਉਸਾਰੀ ਕੀਤੀ ਸੀ। ਇਸ ਪ੍ਰਾਜੈਕਟ ਲਈ ਰਿਆਇਤ ਦੀ ਮਿਆਦ 17 ਸਾਲ ਸੀ, ਜੋ ਕਿ 2 ਅਪਰੈਲ 2024 ਨੂੰ ਖਤਮ ਹੋ ਰਹੀ ਹੈ। ਉਸੇ ਦਿਨ ਤੋਂ ਟੌਲ ਪਲਾਜ਼ਾ ਰਕਬਾ (ਨੇੜੇ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ) ਅਤੇ ਟੌਲ ਪਲਾਜ਼ਾ ਮਹਿਲ ਕਲਾਂ (ਨੇੜੇ ਬਰਨਾਲਾ) ਆਪਣਾ ਕੰਮਕਾਜ ਬੰਦ ਕਰ ਦੇਣਗੇ।
ਇਸ ਤੋਂ ਬਾਅਦ ਇਸ ਸੜਕ ’ਤੇ ਆਮ ਲੋਕਾਂ ਤੋਂ ਕੋਈ ਟੌਲ ਨਹੀਂ ਵਸੂਲਿਆ ਜਾਵੇਗਾ। ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਵਿਡ ਕਾਲ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ ਆਪਣੇ ਇਨ੍ਹਾਂ ਟੌਲ ਪਲਾਜ਼ਿਆਂ ਦੀ ਮਿਆਦ 448 ਦਿਨਾਂ ਲਈ ਵਧਾਉਣ ਦੀ ਮੰਗ ਕੀਤੀ ਸੀ, ਪਰ ਪੰਜਾਬ ਸਰਕਾਰ ਨੇ ਉਸ ਬੇਨਤੀ ਨੂੰ ਠੁਕਰਾ ਦਿੱਤਾ ਹੈ।