ਗੋਲੀਆਂ ਮਾਰ ਕੇ ਮਕਾਨ ਮਾਲਕ ਦੀ ਹੱਤਿਆ ਕਰਨ ਵਾਲੇ ਦੋ ਕਿਰਾਏਦਾਰ ਕਾਬੂ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੁਲਾਈ
ਮਾਨਸਾ ਜ਼ਿਲ੍ਹੇ ਦੇ ਬਰੇਟਾ ਸ਼ਹਿਰ ਦੇ ਵਾਰਡ ਨੰਬਰ-3 ਟੋਹਾਣਾ ਵਿੱਚ ਕਿਰਾਏਦਾਰਾਂ ਵੱਲੋਂ ਘਰ ਖਾਲੀ ਕਰਵਾਉਣ ’ਤੇ ਮਕਾਨ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਫਤਿਹਾਬਾਦ ਅਤੇ ਜਗਦੀਸ਼ ਉਰਫ ਮਿਸਤਰੀ ਵਾਸੀ ਰਤੀਆ (ਹਰਿਆਣਾ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।
ਇਸ ਸਬੰਧੀ ਮਾਨਸਾ ਦੇ ਐੱਸ.ਪੀ ਜਸਕੀਰਤ ਸਿੰਘ ਨੇ ਅੱਜ ਬੁਢਲਾਡਾ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਬਰੇਟਾ ’ਚ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਦੇਵੀ ਵੱਲੋਂ ਦਿੱਤੇ ਬਿਆਨਾਂ ’ਚ ਕਿਹਾ ਗਿਆ ਸੀ ਕਿ ਉਸ ਨੇ ਬੱਸ ਸਟੈਂਡ ਦੇ ਨਜ਼ਦੀਕ ਮਕਾਨ ਫਤਿਹਾਬਾਦ ਵਾਸੀ ਸੁਰੇਸ਼ ਕੁਮਾਰ ਅਤੇ ਜਗਦੀਸ਼ ਉਰਫ ਮਿਸਤਰੀ ਨਿਵਾਸੀ ਰਤੀਆ ਨੂੰ ਕਿਰਾਏ ’ਤੇ ਦਿੱਤਾ ਸੀ, ਜਦੋਂ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਤਾਂ ਉਕਤ ਵਿਅਕਤੀਆਂ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਉਸ ਦੇ ਪਤੀ ਪ੍ਰੇਮ ਕੁਮਾਰ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਔਰਤ ਮੰਜੂ ਰਾਣੀ ਦਾ ਵੀ ਹੱਥ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਵਿੱਚ ਮੁਲਜ਼ਮ ਜਗਦੀਸ਼ ਮਿਸਤਰੀ ਦੀ ਭੈਣ ਸੋਨੀਆ ਵਾਸੀ ਹਿਸਾਰ ਦੇ ਘਰੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਦੋਂ ਕਿ ਸੁਰੇਸ਼ ਕੁਮਾਰ ਨੂੰ ਬਾਲ ਭਵਨ ਠਾਕੁਰ ਬਸਤੀ ਫਤਿਹਾਬਾਦ ਹਰਿਆਣਾ ਤੋਂ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਇੱਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।