ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਸਤੀ ਦੀਆਂ ਦੋ ਸਲਾਈਆਂ

10:31 AM Oct 20, 2024 IST

ਆਪਣੇ ਦੌਰ ਦੇ ਉੱਘੇ ਲਿਖਾਰੀਆਂ ਖੁਸ਼ਵੰਤ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਸਾਂਝ ਨਿਵੇਕਲੀ ਸੀ। ਅੰਮ੍ਰਿਤਾ ਦੀਆਂ ਲਿਖਤਾਂ ਨੂੰ ਪਹਿਲੀ ਵਾਰ ਖੁਸ਼ਵੰਤ ਸਿੰਘ ਨੇ ਹੀ ਅੰਗਰੇਜ਼ੀ ’ਚ ਤਰਜਮਾ ਕਰ ਕੇ ਕੌਮਾਂਤਰੀ ਮੰਚ ’ਤੇ ਪਹੁੰਚਾਇਆ। ਇਹੋ ਉਨ੍ਹਾਂ ਦੀ ਸਾਂਝ ਦਾ ਪੁਲ ਸੀ ਜਿਸ ਬਾਰੇ ਇਸ ਲਿਖਤ ’ਚ ਅੰਮ੍ਰਿਤਾ ਪ੍ਰੀਤਮ ਨੇ ਹਰਫ਼ਾਂ ਦੀ ਬੁਣਤੀ ਜਜ਼ਬਾਤ ਦੀਆਂ ਸਲਾਈਆਂ ਨਾਲ ਬੁਣੀ ਹੈ।

Advertisement

ਮੇਰੀ ਤੇ ਖੁਸ਼ਵੰਤ ਸਿੰਘ ਦੀ ਸਾਹਿਤਕ ਦੋਸਤੀ ਪਰੰਪਰਾ ਤੋਂ ਬਿਲਕੁਲ ਇਨਕਾਰੀ ਹੋ ਕੇ ਸ਼ੁਰੂ ਹੋਈ। ਹਰ ਦੋਸਤੀ ਦੋ ਸਲਾਈਆਂ ਨਾਲ ਸਵੈਟਰ ਦੇ ਇੱਕ-ਇੱਕ ਘਰ ਵਾਂਗ ਉਣਨੀ ਪੈਂਦੀ ਹੈ ਪਰ ਉਮਰ ਦੇ ਗਲ਼ ਵਿੱਚ ਪਾਉਣ ਵਾਸਤੇ ਇਹ ਸਵੈਟਰ ਕਦੀ ਕਿਸੇ ਟਾਵੇਂ ਦਾ ਹੀ ਨੇਪਰੇ ਚੜ੍ਹਦਾ ਹੈ। ਅਕਸਰ ਦੋਂਹ ਸਲਾਈਆਂ ਦੇ ਹੱਥ ਵਿੱਚੋਂ ਕੋਈ ਨਾ ਕੋਈ ਘਰ ਛੁਟਕ ਜਾਂਦਾ ਹੈ ਤੇ ਉਣਿਆ-ਉਣਾਇਆ ਸਵੈਟਰ ਉੱਧੜ ਜਾਂਦਾ ਹੈ। ਪੂਰੇ ਸਵੈਟਰ ਦਾ ਨਿੱਘ ਕਦੀ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ।
ਇੱਕ ਹਲਕੀ ਜਿਹੀ ਜਾਣ-ਪਹਿਚਾਣ ਸੀ। ਕੰਮਾਂ-ਕਿਰਤਾਂ ਦੀ ਘੱਟ ਤੇ ਨਾਵਾਂ ਦੀ ਬਹੁਤੀ ਕਿ ਖੁਸ਼ਵੰਤ ਨੇ ਕਿਸੇ ਅੰਗਰੇਜ਼ੀ ਪਰਚੇ ਵਾਸਤੇ ਪੰਜਾਬੀ ਸਾਹਿਤ ਬਾਰੇ ਇੱਕ ਲੇਖ ਲਿਖਿਆ। ਲੇਖ ਵਿੱਚ ਮੇਰਾ ਜ਼ਿਕਰ ਜ਼ਰੂਰ ਆਉਣਾ ਸੀ, ਇਸ ਲਈ ਆਇਆ ਪਰ ਉਸ ਨੂੰ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਲੇਖ ਕਿਸੇ ਪੰਜਾਬੀ ਨੇ ਨਾ ਲਿਖਿਆ ਹੋਵੇ, ਕਿਸੇ ਪਰਦੇਸੀ ਨੇ ਲਿਖਿਆ ਹੋਵੇ। ਇਹ ਮੈਨੂੰ ਪਤਾ ਸੀ ਕਿ ਖੁਸ਼ਵੰਤ ਹਿੰਦੋਸਤਾਨ ਵਿੱਚ ਏਨੇ ਦਿਨ ਨਹੀਂ ਰਹਿੰਦਾ, ਜਿੰਨੇ ਦਿਨ ਫਰਾਂਸ ਵਿੱਚ ਜਾਂ ਇੰਗਲੈਂਡ ਵਿੱਚ। ਤੇ ਜਿੰਨੇ ਦਿਨ ਉਹ ਹਿੰਦੋਸਤਾਨ ਵਿੱਚ ਰਹਿੰਦਾ ਹੈ, ਉਹ ਸਿਰਫ਼ ਹਿੰਦੋਸਤਾਨ ਦੀ ਗਾਫ਼-ਗਰਾਊਂਡ ਵਿੱਚ ਰਹਿੰਦਾ ਹੈ। ਇਸ ਲਈ ਮੈਂ ਮਨ ਵਿੱਚ ਇਹ ਧਾਰ ਲਿਆ ਕਿ ਖੁਸ਼ਵੰਤ ਸੱਚਮੁੱਚ ਪਰਦੇਸੀ ਸੀ ਤੇ ਇੰਜ ਮੇਰੇ ਨਾਲ ਖੁਸ਼ਵੰਤ ਦੀ ਵਾਕਫ਼ੀਅਤ ਦੋਸਤੀ ਦੀ ਕੂਲੀ ਨਿੱਘੀ ਪਸ਼ਮ ਦੀ ਥਾਵੇਂ ਗ਼ਲਤਫ਼ਹਿਮੀਆਂ ਦਾ ਖਹੁਰਾ ਧਾਗਾ ਲੈ ਕੇ ਇੱਕ ਸਵੈਟਰ ਨੂੰ ਉਣਨ ਲੱਗ ਪਈ।
ਜਿੱਥੋਂ ਤੱਕ ਖੁਸ਼ਵੰਤ ਦਾ ਸਿੱਖ ਤਵਾਰੀਖ਼ ਬਾਰੇ ਖੋਜ ਕਰਨ ਦਾ ਸਵਾਲ ਸੀ, ਉਸ ਦੀ ਦੇਣ ਤੋਂ ਮੈਂ ਇਨਕਾਰੀ ਨਹੀਂ ਸਾਂ ਪਰ ਮੈਨੂੰ ਨਿੱਜੀ ਤੌਰ ’ਤੇ ਤਵਾਰੀਖ਼ ਵਿੱਚ ਏਨੀ ਦਿਲਚਸਪੀ ਨਹੀਂ ਜਿੰਨੀ ਅੱਜ ਦੇ ਸਾਹਿਤ ਵਿੱਚ, ਇਸ ਲਈ ਮੇਰਾ ਖੁਸ਼ਵੰਤ ਨਾਲ ਇੱਕ ਚੁੱਪ-ਸ਼ਿਕਵਾ ਬਣਿਆ ਰਿਹਾ।
ਤੇ ਫਿਰ ਇੱਕ ਘਟਨਾ ਵਾਪਰੀ। ਖੁਸ਼ਵੰਤ ਨੇ ਇੱਕ ਨਾਵਲ ਲਿਖਿਆ ‘ਟ੍ਰੇਨ ਟੂ ਪਾਕਿਸਤਾਨ’। ਮੈਂ ਪੜ੍ਹਿਆ। ਮੈਨੂੰ ਬਹੁਤ ਚੰਗਾ ਲੱਗਾ। ਪਰ ਚੁੱਪ-ਸ਼ਿਕਵੇ ਵਾਂਗ ਇਹ ਮੇਰੀ ਤਾਰੀਫ਼ ਵੀ ਚੁੱਪ-ਤਾਰੀਫ਼ ਬਣੀ ਰਹੀ। ਖੁਸ਼ਵੰਤ ਨੇ ਸ਼ਾਇਦ ਮੇਰਾ ਇੱਕ-ਅੱਧ ਨਾਵਲ ਪੜ੍ਹਿਆ ਹੋਇਆ ਸੀ ਪਰ ਚਿਰ ਹੋਇਆ ਮੈਂ ਇੱਕ ਨਾਵਲ ਲਿਖਿਆ ਸੀ ‘ਪਿੰਜਰ’। ਇਹ ਕਦੀ ਖੁਸ਼ਵੰਤ ਦੀ ਨਜ਼ਰੋਂ ਨਹੀਂ ਸੀ ਗੁਜ਼ਰਿਆ। ਇੱਕ ਦਿਨ ਕਿਸੇ ਦੋਸਤ ਦੇ ਆਖੇ ਖੁਸ਼ਵੰਤ ਨੇ ਇਹ ਨਾਵਲ ਪੜ੍ਹਿਆ ਤੇ ਕਿਸੇ ਨੂੰ ਕੁਝ ਆਖਣ ਦੀ ਥਾਵੇਂ ਉਸ ਨੇ ਮੈਨੂੰ ਇੱਕ ਖ਼ਤ ਲਿਖਿਆ ਕਿ ਉਸ ਨੂੰ ਮੇਰਾ ਨਾਵਲ ਬੜਾ ਚੰਗਾ ਲੱਗਾ ਸੀ, ਮੈਨੂੰ ਨਾਵਲ ਲਿਖਣ ’ਤੇ ਮੁਬਾਰਕ ਦਿੱਤੀ ਤੇ ਸਲਾਹ ਦਿੱਤੀ ਕਿ ਇਸ ਨਾਵਲ ਨੂੰ ਅੰਗਰੇਜ਼ੀ ਵਿੱਚ ਜ਼ਰੂਰ ਛਪਣਾ ਚਾਹੀਦਾ ਸੀ। ਖ਼ਤ ਪੜ੍ਹ ਕੇ ਮੈਨੂੰ ਜਾਪਿਆ ਕਿ ਭਾਵੇਂ ਉਸ ਨੂੰ ਮੇਰੀ ਕਦਰ ਪਿੱਛੋਂ ਪਈ ਸੀ ਤੇ ਮੈਨੂੰ ਉਹਦੀ ਕਦਰ ਪਹਿਲੋਂ ਪਈ ਸੀ ਪਰ ਇਸ ਕਦਰ ਨੂੰ ਮੰਨਣ ਦੀ ਦਲੇਰੀ ਪਹਿਲੋਂ ਖੁਸ਼ਵੰਤ ਨੇ ਕਰ ਲਈ ਸੀ। ਉਹ ਜਿੱਤ ਗਿਆ ਸੀ।

ਖੁਸ਼ਵੰਤ ਸਿੰਘ ਵੱਲੋਂ ਅਨੁਵਾਦ ਕੀਤਾ ਗਿਆ ਨਾਵਲ ‘ਪਿੰਜਰ’।

ਮੈਂ ਇੱਕੋ ਸਦੀ ਵਿੱਚ ਜਿਊਂਦੀ ਹਾਂ, ਏਸੇ ਆਪਣੀ ਸਦੀ ਵਿੱਚ ਜਿਸ ਦਾ ਸਾਹਿਤ ਪੜ੍ਹਦੀ ਹਾਂ ਪਰ ਖੁਸ਼ਵੰਤ ਬੜੀਆਂ ਸਦੀਆਂ ਵਿੱਚ ਜਿਊਂਦਾ ਹੈ। ਪਿਛਲੀਆਂ ਕਈ ਸਦੀਆਂ ਵਿੱਚ ਵੀ, ਕਿਉਂਕਿ ਉਹ ਉਨ੍ਹਾਂ ਦਾ ਇਤਿਹਾਸ ਲਿਖਦਾ ਹੈ। ਉਨ੍ਹਾਂ ਨੂੰ ਪੁਰਾਣੀਆਂ ਲਿਖਤਾਂ ਵਿੱਚ ਤੇ ਪੁਰਾਣੇ ਖੰਡਰਾਂ ਵਿੱਚ ਇੰਨੀ ਡੂੰਘੀ ਦਿਲਚਸਪੀ ਹੈ ਕਿ ਉਹ ਜਦੋਂ ਵੇਰਵੇ ਨਾਲ ਉਨ੍ਹਾਂ ਦੇ ਨਾਵਾਂ ਤੇ ਥਾਵਾਂ ਦੀ ਗੱਲ ਕਰਦਾ ਹੈ, ਸੁਣਨ ਵਾਲੇ ਨੂੰ ਜਾਪਦਾ ਹੈ ਕਿ ਉਹ ਅੱਜ ਨਵਾਂ-ਨਵਾਂ ਸਕੂਲ ਪੜ੍ਹਨੇ ਪਿਆ ਹੈ।
ਇੱਕ ਦਿਨ ਉਸ ਨੇ ਮੈਨੂੰ ਦਿੱਲੀ ਦੀਆਂ ਕਬਰਾਂ ਦਾ ਤੇ ਦਿੱਲੀ ਦੇ ਖੰਡਰਾਂ ਦਾ ਇਤਿਹਾਸ ਪੁੱਛਿਆ ਤਾਂ ਮੈਂ ਹੱਸ ਕੇ ਭਾਵੇਂ ਉਹਨੂੰ ਜਵਾਬ ਦੇ ਛੱਡਿਆ ਕਿ ਮੈਂ ਇਤਿਹਾਸ ਪੜ੍ਹਦੀ ਨਹੀਂ, ਇਤਿਹਾਸ ਬਣਾਉਂਦੀ ਹਾਂ। ਪਰ ਅਸਲ ਗੱਲ ਇਹ ਸੀ ਕਿ ਮੈਨੂੰ ਸੱਚੀਂ-ਮੁੱਚੀ ਕਿਸੇ ਚੀਜ਼ ਦਾ ਇਤਿਹਾਸ ਪਤਾ ਨਹੀਂ ਸੀ। ਇੱਕ ਦਿਨ ਉਸ ਨੇ ਮੈਨੂੰ ਮਹਿਰੌਲੀ ਦੇ ਨੇੜੇ-ਤੇੜੇ ਦੀਆਂ ਬਹੁਤ ਸਾਰੀਆਂ ਕਬਰਾਂ ਵਿਖਾਈਆਂ- ਅਲਾਉਦੀਨ ਖਿਲਜੀ ਦੀ ਕਬਰ, ਕੁਤੁਬ-ਉ-ਦੀਨ ਐਬਕ ਦੀ ਕਬਰ, ਸੁਲਤਾਨਗਰੀ ਦੀ, ਤੇਰ੍ਹਵੀਂ ਸਦੀ ਦੇ ਖ੍ਵਾਜਾ ਕੁਤੁਬ-ਉ-ਦੀਨ ਬਖ਼ਤਿਆਰ ਕਾਕੀ ਦੀ, ਸੋਲ੍ਹਵੀਂ ਸਦੀ ਦੇ ਸ਼ਾਇਰ ਮੌਲਾਨਾ ਜਮਾਲੀ ਦੀ ਤੇ ਅਕਬਰ ਬਾਦਸ਼ਾਹ ਦੀ ਚੁੰਘਾਵੀ-ਮਾਂ ਦੇ ਪੁੱਤਰ ਆਦਮ ਖ਼ਾਨ ਦੀ ਕਬਰ... ਤੇ ਕਬਰਾਂ ਵਿਖਾਉਂਦਿਆਂ-ਵਿਖਾਉਂਦਿਆਂ ਖੁਸ਼ਵੰਤ ਨੇ ਮੈਨੂੰ ਆਖਿਆ:
‘‘ਤੂੰ ਪੰਜਾਬ ਦੀ ਕਿਹੋ ਜਿਹੀ ਸ਼ਾਇਰਾ ਏਂ, ਨਾ ਤੈਨੂੰ ਫੁੱਲਾਂ ਦੇ ਨਾਂ ਆਉਂਦੇ ਨੇ ਨਾ ਦਰੱਖਤਾਂ ਦੇ ਨਾਂ ਆਉਂਦੇ ਨੇ।’’
‘‘ਮੈਂ ਵਰਡਜ਼-ਵਰਥ ਵਾਂਗ ਕੁਦਰਤ ਦੇ ਗੀਤ ਨਹੀਂ ਲਿਖਦੀ, ਨਾ ਵਾਲਟ ਵਿਟਮੈਨ ਵਾਂਗ ਘਾਹ ਦੀਆਂ ਪੱਤੀਆਂ ਦੇ ਗੀਤ ਲਿਖਨੀ ਆਂ। ਮੈਂ ਮੁਹੱਬਤ ਦੇ ਗੀਤ ਲਿਖਨੀ ਆਂ ਤੇ ਜਿਸ ਨੂੰ ਵੇਖ ਕੇ ਲਿਖਨੀ ਆਂ, ਉਹ ਭਾਵੇਂ ਕਿਸੇ ਇਹੋ ਜਿਹੇ ਰੁੱਖ ਹੇਠ ਖਲੋਤਾ ਹੋਵੇ, ਜਿਸ ਰੁੱਖ ਦਾ ਮੈਨੂੰ ਨਾਂ ਨਾ ਆਉਂਦਾ ਹੋਵੇ, ਤਾਂ ਵੀ ਮੈਂ ਗੀਤ ਲਿਖ ਸਕਨੀ ਆਂ।’’
‘‘ਪਰ ਤੈਨੂੰ ਇਹ ਵੀ ਪਤਾ ਨਹੀਂ ਕਿ ਇਹ ਕਿਨ੍ਹਾਂ ਲੋਕਾਂ ਦੀਆਂ ਕਬਰਾਂ ਨੇ, ਫੇਰ ਤੂੰ ਕਹਾਣੀਆਂ ਕੀ ਲਿਖਨੀ ਏਂ? ਕੀਹਦੇ ਬਾਰੇ ਲਿਖਨੀ ਏਂ?’’
‘‘ਮੈਨੂੰ ਕਬਰਾਂ ਨਾਲ ਕੀ, ਮੈਂ ਆਪਣੇ ਬਾਰੇ ਲਿਖਨੀ ਆਂ, ਤੇ ਮੈਂ ਅਜੇ ਜੀਊਨੀ ਆਂ।’’
‘‘ਮੈਂ ਆਪਣੇ ਬਾਰੇ ਕਦੀ ਕਹਾਣੀ ਨਹੀਂ ਲਿਖਦਾ।’’
‘‘ਇਹ ਮੈਨੂੰ ਪਤਾ ਏ। ਪਰ ਇਸ ਦਾ ਮਤਲਬ ਇਹ ਹੋਇਆ ਕਿ ਤੁਹਾਡੇ ਕੋਲੋਂ ਕਹਾਣੀ ਲਿਖਵਾਉਣ ਲਈ ਬੰਦੇ ਨੂੰ ਮਰ ਕੇ ਕਿਸੇ ਕਬਰ ਵਿੱਚ ਪੈਣਾ ਪੈਂਦਾ ਏ ਤਾਂ ਕਿ ਜਦੋਂ ਕਦੀ ਤੁਸੀਂ ਉਹਦੀ ਕਬਰ ਕੋਲੋਂ ਲੰਘੋ, ਉਹਦਾ ਇਤਿਹਾਸ ਪੁੱਛੋ। ਤੇ ਫੇਰ ਉਹਦੇ ਬਾਰੇ ਕੁਝ ਲਿਖੋ।’’
‘‘ਕੀ ਮਤਲਬ?’’
‘‘ਮੈਂ ਆਪਣੇ ਬਾਰੇ ਸੋਚ ਰਹੀ ਸਾਂ, ਇਹ ਕਿ ਤੁਸੀਂ ਮੇਰੇ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਉਦੋਂ ਕਰੋਗੇ, ਜਦੋਂ ਮੇਰੀ ਕਬਰ ਬਣ ਜਾਏਗੀ। ਫੇਰ ਜਦੋਂ ਤੁਸੀਂ ਨਵਾਂ ਇਤਿਹਾਸ ਲਿਖੋਗੇ। ਮੇਰੀ ਕਬਰ ਦਾ ਵੀ ਜ਼ਿਕਰ ਕਰੋਗੇ ਤੇ ਫੇਰ ਸ਼ਾਇਦ...।’’
ਖੁਸ਼ਵੰਤ ਨੇ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਜਾਣਾ ਸੀ। ਇਸ ਵਾਰ ਹਵਾਈ ਜਹਾਜ਼ ਵਿੱਚ ਨਹੀਂ ਸੀ ਜਾਣਾ, ਸਮੁੰਦਰੀ ਜਹਾਜ਼ ਵਿੱਚ ਜਾਣਾ ਸੀ। ਉਹ ਵੀ, ਕਾਰਗੋਬੋਟ ਵਿੱਚ, ਜਿਸ ਵਿੱਚ ਕੋਈ ਹੋਰ ਮੁਸਾਫ਼ਰ ਨਹੀਂ ਸੀ ਹੋਣਾ। ਸਮੁੰਦਰੀ ਸਫ਼ਰ ਵਾਲੇ ਸਾਰੇ ਦਿਨ ਲਾ ਕੇ ਖੁਸ਼ਵੰਤ ਨੇ ਮੇਰਾ ਨਾਵਲ ਅੰਗਰੇਜ਼ੀ ਵਿੱਚ ਤਰਜਮਾ ਕਰ ਦਿੱਤਾ। ਮੈਨੂੰ ਨਹੀਂ ਸੀ ਪਤਾ ਕਿ ਉਹ ਏਨਾ ਦੋਸਤ-ਨਿਵਾਜ਼ ਆਦਮੀ ਹੈ। ਉਹਦੀ ਸ਼ਖ਼ਸੀਅਤ ਦਾ ਇਹ ਪਾਸਾ ਮੈਂ ਪਹਿਲੀ ਵਾਰ ਵੇਖਿਆ ਸੀ।
ਤੇ ਇੰਜ ਮੈਂ ਜਿਉਂ-ਜਿਉਂ ਖੁਸ਼ਵੰਤ ਦੀਆਂ ਕਿਰਤਾਂ ਨੂੰ ਪੜ੍ਹਿਆ, ਉਸ ਦੇ ਇਨਸਾਨੀ ਮਨ ਦੀ ਖ਼ੂਬਸੂਰਤੀ ਨੂੰ ਵੇਖਿਆ, ਗ਼ਲਤ-ਫਹਿਮੀਆਂ ਦੇ ਖਹੁਰੇ ਧਾਗੇ ਨਾਲ ਉਣਿਆ ਸਵੈਟਰ ਉਧੜਦਾ ਗਿਆ ਤੇ ਉਹਦੀ ਥਾਵੇਂ ਕਦਰ ਦੀ ਕੂਲੀ ਤੇ ਨਿੱਘੀ ਪਸ਼ਮ ਨਾਲ ਦੋਸਤੀ ਦਾ ਇੱਕ ਸਵੈਟਰ ਉਣਿਆ ਜਾਣ ਲੱਗ ਗਿਆ।
ਖੁਸ਼ਵੰਤ ਦੀਆਂ ਹੱਡੀਂ ਰਚੀਆਂ ਇਨਸਾਨੀ ਸਿਫ਼ਤਾਂ ਨੂੰ ਵੇਖ ਕੇ ਸੋਚਦੀ ਹਾਂ ਕਿ ਤਵਾਰੀਖ਼ ਲਿਖਣ ਦਾ ਹੱਕ ਸਿਰਫ਼ ਖੁਸ਼ਵੰਤ ਵਰਗੇ ਲੋਕਾਂ ਨੂੰ ਹੋਣਾ ਚਾਹੀਦਾ ਹੈ। ਮਜ਼ਹਬ ਦਾ ਕੋਈ ਵਿਤਕਰਾ ਉਸ ਦੀ ਕਲਮ ਨੂੰ ਕਦੇ ਨਹੀਂ ਛੋਹ ਸਕਦਾ। ਉਸ ਨੇ ਸਗੋਂ ਇੱਕ ਚੇਤਨ-ਜਤਨ ਕੀਤਾ ਹੈ ਕਿ ਸਦੀਆਂ ਤੋਂ ਚਲੇ ਆਉਂਦੇ ਸਿੱਖ-ਮੁਸਲਿਮ ਪਾੜ ਨੂੰ ਉਹ ਕਿਸੇ ਤਰ੍ਹਾਂ ਮੇਲ ਸਕੇ। ਮੈਨੂੰ ਯਾਦ ਹੈ ਰਾਕਫੈਲਰ ਨੇ ਜਦੋਂ ਖੁਸ਼ਵੰਤ ਨੂੰ ਖੋਜ ਦੀ ਗਰਾਂਟ ਦੇਣੀ ਸੀ ਤਾਂ ਜ਼ਰੂਰੀ ਸੀ ਕਿ ਕੋਈ ਯੂਨੀਵਰਸਿਟੀ ਉਸ ਦੀ ਜ਼ਾਮਨ ਬਣੇ। ਕੋਈ ਯੂਨੀਵਰਸਿਟੀ ਵੀ ਜ਼ਾਮਨ ਹੋ ਸਕਦੀ ਸੀ ਪਰ ਖੁਸ਼ਵੰਤ ਨੇ ਸਿੱਖ ਹੋਣ ਦੇ ਨਾਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਨੂੰ ਚੁਣਨਾ ਮੁਨਾਸਬ ਸਮਝਿਆ ਸੀ। ਉਸ ਦੀ ਲਿਖੀ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਉੱਤੇ ਤੇ ਸਿੱਖ ਤਵਾਰੀਖ਼ ਉੱਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਵੱਲੋਂ ਸਪਾਂਸਰ ਕੀਤੇ ਹੋਣ ਦੀ ਮੋਹਰ ਲੱਗੀ ਹੋਈ ਹੈ। ਇਹ ਆਪਣੇ ਆਪ ਵਿੱਚ ਇੱਕ ਤਵਾਰੀਖ਼ੀ ਘਟਨਾ ਹੈ। ਬੜੀ ਸਿਹਤਮੰਦ ਘਟਨਾ।
ਇੱਥੇ ਮਹਿਰੌਲੀ ਦੇ ਨੇੜੇ ਖੁਸ਼ਵੰਤ ਦਾ ਇੱਕ ਬਾਗ਼ ਹੈ। ਅੰਬਾਂ ਦਾ ਇਹ ਬਾਗ਼ ਸ਼ਮਸੀ ਤਲਾਅ ਦੇ ਕੰਢੇ ਉੱਤੇ ਹੈ। ਕੋਲ ਇੱਕ ਨੁੱਕਰੇ ਔਲੀਆ ਮਸਜਿਦ ਹੈ, ਜਿੱਥੇ ਪੀਰ-ਫ਼ਕੀਰ ਚਲੀਹੇ ਕੱਟਦੇ ਹੁੰਦੇ ਸਨ ਤੇ ਕੋਈ ਸੌ ਗਜ਼ ਪਰ੍ਹਾਂ ਖ਼ੁਆਜਾ ਬਖ਼ਤਿਆਰ ਕਾਕੀ ਦੀ ਉਹ ਕਬਰ ਹੈ ਜਿੱਥੇ ਗਾਂਧੀ ਜੀ ਨੇ ਗੋਲੀ ਲੱਗਣ ਤੋਂ ਚਾਰ ਦਿਨ ਪਹਿਲਾਂ ਜਾ ਕੇ ਆਪਣੇ ਮੁਲਕ ਵਿੱਚ ਹੁੰਦੇ ਹਿੰਦੂ-ਮੁਸਲਿਮ ਵਿਤਕਰੇ ਲਈ ਪੀਰ ਖ਼ੁਆਜਾ ਬਖ਼ਤਿਆਰ ਕੋਲੋਂ ਮੁਆਫ਼ੀ ਮੰਗੀ ਸੀ। ਖੁਸ਼ਵੰਤ ਨੇ ਆਪਣੇ ਬਾਗ਼ ਦਾ ਨਾਂ ਬਖ਼ਤਿਆਰ ਕਾਕੀ ਦੇ ਨਾਂ ਉੱਤੇ ਰੱਖਿਆ ਹੈ। ਸੁਤੰਤਰਤਾ ਦੀ ਜੱਦੋਜਹਿਦ ਦੇ ਔਖੇ ਵੇਲੇ ਨੂੰ ਲੰਘਣ ਲਈ ਗਾਂਧੀ ਜੀ ਵਰਗਾ ਆਗੂ ਸਾਡੇ ਦੇਸ਼ ਨੂੰ ਮਿਲਣਾ ਤੇ ਅੱਜ ਦੇ ਖੁਸ਼ਵੰਤ ਵਰਗਾ ਇਤਿਹਾਸਕਾਰ ਸਾਡੇ ਦੇਸ਼ ਕੋਲ ਹੋਣਾ ਸਾਡੇ ਦੇਸ਼ ਦੀ ਖ਼ੁਸ਼ਨਸੀਬੀ ਹੈ।
ਖੁਸ਼ਵੰਤ ਦੇ ਜਿਸ ਨਾਵਲ ਤੋਂ ਮੈਨੂੰ ਉਸ ਦੀ ਪਹਿਲੀ ਕਦਰ ਪਈ ਸੀ, ਉਸ ਦੇ ਕਈ ਪਹਿਲੂ ਮੈਨੂੰ ਬੜੇ ਯਾਦ ਹਨ, ਕਈ ਪਹਿਲੂ ਜ਼ਿਕਰ ਗੋਚਰੇ ਹਨ। ਉਸ ਵਿੱਚ ਪਾਤਰ ਉਸਾਰੀ ਨੂੰ ਖੁਸ਼ਵੰਤ ਨੇ ਬੜੀਆਂ ਹੀ ਬਾਰੀਕ ਗੱਲਾਂ ਨਾਲ ਨਿਪੁੰਨਤਾ ਦਿੱਤੀ ਹੈ:
‘‘ਬੰਤਾ ਸਿੰਘ ਨੰਬਰਦਾਰ ਪਿੰਡ ਦੇ ਬਾਕੀ ਜੱਟਾਂ ਨਾਲੋਂ ਖੁਸ਼ਹਾਲ ਨਹੀਂ, ਇਸ ਲਈ ਉਹਦੀ ਆਵਾਜ਼ ਵਿੱਚ ਕੋਈ ਜ਼ੋਰ-ਦਬਕਾ ਨਹੀਂ। ਉਸ ਦੀ ਹਿੱਕ ਸਿਰਫ਼ ਏਸੇ ਲਈ ਕਦੀ-ਕਦੀ ਚੌੜੀ ਹੋ ਜਾਂਦੀ ਹੈ ਕਿ ਉਹ ਜੱਦੀ-ਪੁਸ਼ਤੀ ਨੰਬਰਦਾਰ ਹੈ, ਸਾਰੇ ਉਸ ਨੂੰ ਲੰਬੜਾ ਕਹਿ ਕੇ ਬੁਲਾਉਂਦੇ ਹਨ ਤੇ ਪੁਲੀਸ ਨੂੰ ਜਦੋਂ ਉਸ ਪਿੰਡ ਨਾਲ ਵਾਹ ਪੈਂਦਾ ਹੈ, ਉਹ ਪਿੰਡ ਦੇ ਜਿਹੜੇ ਬੰਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੀ ਹੈ, ਉਹ ਨੰਬਰਦਾਰ ਹੁੰਦਾ ਹੈ।’’
‘‘ਪਿੰਡ ਦੇ ਗੁਰਦੁਆਰੇ ਦਾ ਭਾਈ ਮੀਤ ਸਿੰਘ ਬੜਾ ਹੀ ਸੂਧਾ ਹੈ। ਕਿਸੇ ਆਤਮਿਕ ਲਗਨ ਦਾ ਮਾਰਿਆ ਉਹ ਭਾਈ ਨਹੀਂ ਬਣਿਆ। ਉਹ ਭਾਦਰੋਂ ਦੀ ਧੁੱਪ ਦਾ ਮਾਰਿਆ ਜੱਟ ਹੈ, ਜਿਸ ਨੇ ਕਰੜੀ ਮਿਹਨਤ ਤੋਂ ਬਚਣ ਲਈ ਧਰਮ ਦੀ ਓਟ ਲਈ ਹੋਈ ਹੈ।’’ ਇਸ ਮਧਰੇ, ਮੋਟੇ ਤੇ ਵਾਲਾਂ ਨਾਲ ਭਰੀਆਂ ਹੋਈਆਂ ਲੱਤਾਂ ਵਾਲੇ ਭਾਈ ਦੀ ਨਿਮਾਣੀ ਜਿਹੀ ਸ਼ਖ਼ਸੀਅਤ ਖੁਸ਼ਵੰਤ ਨੇ ਨਾਵਲ ਦੇ ਅੰਤ ਤੱਕ ਬੜੀ ਸੋਹਣੀ ਨਿਭਾਈ ਹੈ। ਇੱਥੋਂ ਤਕ ਕਿ ‘‘ਇੱਕ ਰਾਤ ਪਿੰਡ ਦਾ ਮੰਨਿਆ ਹੋਇਆ ਬਦਮਾਸ਼ ਜੱਗਾ ਜਦੋਂ ਮਨ ਵਿੱਚ ਕਿਸੇ ਕਾਰੇ ਨੂੰ ਧਾਰ ਕੇ ਭਾਈ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਵਾਕ ਸੁਣਨ ਲਈ ਆਉਂਦਾ ਹੈ ਤਾਂ ਭਾਈ ਗੁਰੂ ਮਹਾਰਾਜ ਨੂੰ ਸੰਤੋਖ ਚੁੱਕਾ ਹੁੰਦਾ ਹੈ, ਪਰ ਜੱਟ ਦੀ ਜ਼ਿੱਦ ਅੱਗੇ ਅੜ ਨਹੀਂ ਸਕਦਾ ਤੇ ਮੂੰਹ ਵਿੱਚ ਬੁੜ-ਬੁੜ ਕਰਦਾ ਇੱਕ ਗੁਟਕਾ ਲੈ ਕੇ ਉਹਦੇ ਲਈ ਵਾਕ ਪੜ੍ਹ ਲੈਂਦਾ ਹੈ।’’
ਕਹਾਣੀ ਦੇ ਅੰਤ ਵਿੱਚ ਕਹਾਣੀ ਦਾ ਹੀਰੋ ਜੱਗਾ ਜੋ ਕੁਝ ਕਰ ਗੁਜ਼ਰਦਾ ਹੈ, ਉਹ ਵੱਡੇ ਕਾਰੇ ਦੇ ਬੀਜ ਕਿਵੇਂ ਉਸ ਦੇ ਮਨ ਤੇ ਸੁਭਾਅ ਦੀ ਜ਼ਰਖ਼ੇਜ਼ ਮਿੱਟੀ ਵਿੱਚ ਮੁੱਢ ਤੋਂ ਪਏ ਹੋਏ ਹਨ; ਇਸ ਗੱਲ ਦਾ ਇਸ ਦੇ ਲੇਖਕ ਨੇ ਬੜਾ ਚੇਤੰਨ ਖ਼ਿਆਲ ਰੱਖਿਆ ਹੈ। ਪੜ੍ਹਨ ਵਾਲੇ ਨੂੰ ਕਿਤੇ ਹਜੋਕਾ ਨਹੀਂ ਲੱਗਦਾ, ਉਹ ਕਹਾਣੀ ਦੇ ਮੁੱਢ ਵਿੱਚ ਉਹਦੀਆਂ ਮਾਂ ਨਾਲ ਕੀਤੀਆਂ ਗੱਲਾਂ ਤੋਂ ਉਹਦੇ ਅੱਖੜ ਸੁਭਾਅ ਬਾਰੇ ਜਾਣੂ ਹੋ ਜਾਂਦਾ ਹੈ ਤੇ ਫੇਰ ਉਹਦੇ ਸਿਪਾਹੀਆਂ ਨਾਲ ਕੀਤੇ ਮਖੌਲਾਂ ਨੂੰ ਸੁਣਦਿਆਂ ਸੁਣਦਿਆਂ ਉਹਦੇ ਕੋਲੋਂ ਕਿਸੇ ਵੱਡੇ ਕਾਰੇ ਦੀ ਆਸ ਬੰਨ੍ਹ ਲੈਂਦਾ ਹੈ। ਇਹ ਜੱਗਾ ਉਨੀ ਹੀ ਦਲੇਰੀ ਨਾਲ ਮੁਹੱਬਤ ਕਰਦਾ ਹੈ, ਜਿੰਨੀ ਦਲੇਰੀ ਨਾਲ ਉਹ ਕਦੀ ਡਾਕਾ ਮਾਰਦਾ ਹੁੰਦਾ ਸੀ ਪਰ ਮੁਹੱਬਤ ਦੇ ਨਾਜ਼ੁਕ ਬਿਆਨ ਵਿੱਚ ਇਹਦੇ ਲੇਖਕ ਨੇ ਜੱਗੇ ਦੇ ਸੁਭਾਅ ਦੀ ਬਣਤਰ ਦਾ ਪੂਰਾ ਧਿਆਨ ਰੱਖਿਆ ਹੈ। ਨੂਰਾਂ ਜਦੋਂ ਕਿਤੇ ਉਹਦੀਆਂ ਬਾਹਵਾਂ ਵਿੱਚ ਆਉਣ ਤੋਂ ਨਾਂਹ ਕਰਦੀ ਹੈ, ਇਸ ਅਵੈੜੇ ਜੱਟ ਦਾ ਗੁੱਸਾ ਖ਼ੌਲ ਜਾਂਦਾ ਹੈ, ਉਹ ਧਰੂਹ ਕੇ ਉਸ ਨੂੰ ਬਾਹਵਾਂ ਵਿੱਚ ਲੈ ਲੈਂਦਾ ਹੈ। ਤੇ ਫੇਰ ਜਦੋਂ ਉਹ ਡਰਦੀ ਮਾਰੀ ਹੁਭਕੀਆਂ ਭਰਦੀ ਹੈ ਤਾਂ ਜੱਗਾ ਉਸ ਨੂੰ ਦਬਕਾ ਦੇ ਕੇ ਚੁੱਪ ਕਰਾ ਦੇਂਦਾ ਹੈ। ਇਸ ਨੂਰਾਂ ਵਾਸਤੇ ਇਹ ਜੱਗਾ ਮਰ ਸਕਦਾ ਹੈ, ਪਰ ਆਪਣੇ ਅੱਖੜ ਸੁਭਾਅ ਨੂੰ ਨਰਮੀ ਦੀ ਆਦਤ ਨਹੀਂ ਪਾ ਸਕਦਾ।
ਪਿੰਡ ਵਿੱਚ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਪਿੰਡ ਦੇ ਤ੍ਰੀਮਤਾਂ-ਮਰਦ ਗੁਰਦੁਆਰੇ ਤੁਰ ਪੈਂਦੇ ਹਨ- ਪਾਠਕ ਵੀ ਤੁਰ ਪੈਂਦਾ ਹੈ। ਗੁਰਦੁਆਰੇ ਦੀ ਕੋਠੜੀ ਵਿੱਚ ਉਹ ਕੈਲੰਡਰ ਟੰਗਿਆ ਹੋਇਆ ਹੈ ਜੀਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ਉੱਤੇ ਸਵਾਰ ਵਿਖਾਏ ਗਏ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਬਾਜ਼ ਫੜਿਆ ਹੋਇਆ ਹੈ। ਕੈਲੰਡਰ ਦੇ ਦੁਆਲੇ ਦੋ ਕਿੱਲੀਆਂ ਗੱਡੀਆਂ ਹੋਈਆਂ ਹਨ, ਜਿੱਥੇ ਆਏ-ਗਏ ਮੁਸਾਫ਼ਰ ਆਪਣੇ ਕੱਪੜੇ ਟੰਗਦੇ ਹਨ। ਕੋਠੜੀ ਦੀ ਵੱਖ ਵਾਲੇ ਪਾਸੇ ਇੱਕ ਖੂਹੀ ਹੈ। ਕੋਲ ਚਾਰ ਫੁੱਟ ਦਾ ਉੱਚਾ ਥੜ੍ਹਾ ਹੈ, ਜੀਹਦੇ ਉੱਤੇ ਨਿਸ਼ਾਨ ਸਾਹਿਬ ਗੱਡਿਆ ਹੋਇਆ ਹੈ। ਨਿਸ਼ਾਨ ਸਾਹਿਬ ਉੱਤੇ ਪੀਲਾ ਕੱਪੜਾ ਬੱਝਾ ਹੋਇਆ ਹੈ। ਸਿਖ਼ਰ ਉੱਤੇ ਪੀਲਾ ਝੰਡਾ ਹੈ, ਝੰਡੇ ਦੇ ਉੱਤੇ ਗੋਲ-ਚੱਕਰ ਵਿੱਚ ਖੰਡਾ ਬਣਿਆ ਹੋਇਆ ਹੈ- ਤੇ ਕਹਾਣੀ ਦਾ ਹੀਰੋ ਜਦੋਂ ਥਾਣੇ ਦੇ ਨੇੜੇ ਪਹੁੰਚਦਾ ਹੈ ਤਾਂ ਪਾਠਕਾਂ ਨੂੰ ਥਾਣੇ ਦੇ ਵੱਡੇ ਦਰਵਾਜ਼ੇ ਉੱਤੇ ਉਰਦੂ ਅੱਖਰਾਂ ਵਿੱਚ ‘‘ਖੁਸ਼ ਆਮਦੀਦ’’ ਲਿਖਿਆ ਹੋਇਆ ਵਿਖਾਈ ਦਿੰਦਾ ਹੈ। ਤਫ਼ਤੀਸ਼ ਵਾਲੇ ਕਮਰੇ ਵਿੱਚ ਮੇਜ਼ ਦੇ ਐਨ ਉੱਤੇ ਜਾਰਜ ਛੇਵੇਂ ਦੀ ਤਸਵੀਰ ਜੜਵਾ ਕੇ ਰੱਖੀ ਹੋਈ ਦਿਸਦੀ ਹੈ, ਜੀਹਦੇ ਉੱਤੇ ਹੱਥ ਨਾਲ ਲਿਖਿਆ ਹੋਇਆ ਹੈ, ‘‘ਰਿਸ਼ਵਤ ਲੇਨਾ ਜੁਰਮ ਹੈ।’’ ਦੂਸਰੀ ਕੰਧ ਉੱਤੇ ਕਿਸੇ ਕੈਲੰਡਰ ਵਿੱਚੋਂ ਪਾੜ ਕੇ ਲਾਈ ਹੋਈ ਮਹਾਤਮਾ ਗਾਂਧੀ ਦੀ ਤਸਵੀਰ ਦਿਸਦੀ ਹੈ, ਜੀਹਦੇ ਥੱਲੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ, ‘‘Honesty is the best policy” ਤੇ ਦੂਸਰੀਆਂ ਕੰਧਾਂ ਉੱਤੇ ਸਾਰੀਆਂ ਤਸਵੀਰਾਂ ਬਦਮਾਸ਼ਾਂ, ਵੈਲੀਆਂ, ਦਸ ਨੰਬਰੀਆਂ ਤੇ ਘਰੋਂ ਭੱਜੇ ਹੋਏ ਮੁੰਡਿਆਂ ਦੀਆਂ ਹਨ ਤੇ ਇੰਜ ਬਿਆਨੀਆ ਵੇਰਵੇ ਦਾ ਖੁਸ਼ਵੰਤ ਨੇ ਏਨਾ ਖ਼ਿਆਲ ਰੱਖਿਆ ਹੈ ਕਿ ਭਾਵੇਂ ਉਸ ਦੀ ਕਹਾਣੀ ਗੁਰਦੁਆਰੇ ਦੀ ਕੋਠੜੀ ਨੂੰ ਬਿਆਨ ਕਰ ਰਹੀ ਹੋਵੇ ਤੇ ਭਾਵੇਂ ਪਿੰਡ ਦੇ ਥਾਣੇ ਨੂੰ, ਪਾਠਕ ਆਪਣੇ ਆਪ ਨੂੰ ਉੱਥੇ ਖਲੋਤਾ ਹੋਇਆ ਮਹਿਸੂਸ ਕਰਦਾ ਹੈ।
ਨੈਗੇਟਿਵ ਤੇ ਪਾਜ਼ੇਟਿਵ ਤਾਰਾਂ ਵਾਂਗ ਖੁਸ਼ਵੰਤ ਦੇ ਮਨ ਦੀ ਇੱਕ ਤਾਰ ਬੜੀ ਅਮੀਰ ਰਹਿਣੀ ਵਾਲੇ ਤਬਕੇ ਨਾਲ ਜੁੜੀ ਹੋਈ ਹੈ ਤੇ ਇੱਕ ਤਾਰ ਮਜਬੂਰੀਆਂ ਤੇ ਮਿਹਨਤਾਂ ਦੇ ਝੰਬੇ ਹੋਏ ਲੋਕਾਂ ਨਾਲ। (ਦੋ ਤਾਰਾਂ ਦੀ ਗੱਲ ਕਰਦਿਆਂ ਮੈਨੂੰ ਯਾਦ ਆਇਆ ਹੈ ਕਿ ਖੁਸ਼ਵੰਤ ਨੇ ਜਿਸ ਬੜੀ ਹੁਸੀਨ ਸਿੱਖ ਕੁੜੀ ਨਾਲ ਵਿਆਹ ਕੀਤਾ ਸੀ, ਉਸ ਕੁੜੀ ਨੂੰ ਮੁਹੱਬਤ ਉਸ ਨੇ ਇੰਗਲੈਂਡ ਵਿੱਚ ਕੀਤੀ ਸੀ ਤੇ ਵਿਆਹ ਦੀ ਰਸਮ ਵੀ ਇੰਗਲੈਂਡ ਵਿੱਚ।)
ਉਹ ਇੰਗਲੈਂਡ ਤੋਂ ਆਏ ਵਧੀਆ ਕਾਗਜ਼ਾਂ ਉੱਤੇ ਕਹਾਣੀਆਂ ਲਿਖਦਾ ਹੈ। ਉਸ ਦਾ ਪੈੱਨ ਜਰਮਨੀ ਤੋਂ ਆਇਆ ਹੋਇਆ ਹੁੰਦਾ ਹੈ, ਉਹਦੀ ਘੜੀ ਹਾਂਗਕਾਂਗ ਤੋਂ, ਤੇ ਉਸ ਦੇ ਕਾਫ਼ੀ ਪੀਣ ਵਾਲੇ ਪਿਆਲੇ ਪੈਰਿਸ ਤੋਂ। ਵਲੈਤੀ ਪਿਆਲੇ ਵਿੱਚੋਂ ਘਰ ਦੀ ਪੀਸੀ ਹੋਈ ਕਾਫ਼ੀ ਦਾ ਘੁੱਟ ਭਰਦਿਆਂ ਉਹ ਵਲੈਤੀ ਕਲਮ ਨਾਲ, ਵਲੈਤੀ ਕਾਗਜ਼ਾਂ ਉੱਤੇ ਆਪਣੇ ਦੇਸ਼ ਦੇ ਦੁੱਖਾਂ ਦੀਆਂ ਕਹਾਣੀਆਂ ਲਿਖਦਾ ਹੈ।
ਉਸ ਦੀ ਕਹਾਣੀ ਦੀ ਪਾਤਰ ਕੋਈ ਨੂਰਾਂ ਪੰਜਾਬ ਦੇ ਮਨੋਮਾਜਰੇ ਵਰਗੇ ਘੋਰ ਪਿੰਡ ਦੀ ਜੰਮਪਲ ਹੁੰਦੀ ਹੈ, ਪਰ ਕਹਾਣੀ ਨੂੰ ਟਾਈਪ ਕਰਨ ਵਾਲੀ ਉਸ ਦੀ ਸੈਕ੍ਰੇਟਰੀ ਇੰਗਲੈਂਡ ਤੋਂ ਆਈ ਹੁੰਦੀ ਹੈ।
ਉਸ ਦੀਆਂ ਕਹਾਣੀਆਂ ਪਾਪੜਾਂ ਤੇ ਵੜੀਆਂ ਨੂੰ ਸੁੰਘਦੀਆਂ ਅੰਮ੍ਰਿਤਸਰ ਦੇ ਭੀੜੇ ਬਜ਼ਾਰਾਂ ਵਿੱਚ ਵਾਪਰਦੀਆਂ ਹਨ, ਪਰ ਨਿਊਯਾਰਕ ਦੇ ਕਿਸੇ ਵੱਡੇ ਛਾਪੇਖਾਨੇ ਵਿੱਚ ਛਪਦੀਆਂ ਹਨ।
ਤੇ ਇੰਜ ਉਸ ਦੀਆਂ ਕਹਾਣੀਆਂ ਜੱਟਾਂ ਦੀਆਂ ਹੁੱਲੜਬਾਜ਼ੀਆਂ ਤੇ ਭੂਏ ਚੜ੍ਹੇ ਥਾਣੇਦਾਰਾਂ ਦੀਆਂ ਗਾਲ੍ਹਾਂ ਨੂੰ ਬਿਆਨ ਕਰਦੀਆਂ ਠੇਠ ਪੰਜਾਬੀ ਹੁੰਦੀਆਂ ਹਨ ਤੇ ਉਸ ਦੇ ਪਾਠਕ ਅਮਰੀਕਾ ਦੇ, ਫਰਾਂਸ ਦੇ, ਸਪੇਨ ਦੇ ਜਾਂ ਇਟਲੀ ਦੇ ਡਰਾਇੰਗ ਰੂਮ ਵਿੱਚ ਬੈਠ ਕੇ ਉਸ ਨੂੰ ਪੜ੍ਹਦੇ ਹਨ।
ਤੇ ਇੰਜ ਹੀ ਕਿਸੇ ਨੂਰਾਂ ਨੂੰ ਤੇ ਕਿਸੇ ਜੱਗੇ ਨੂੰ ਖੁਸ਼ਵੰਤ ਦੀ ਕਲਮ ਕੋਲੋਂ ਪਾਸਪੋਰਟ ਮਿਲ ਜਾਂਦਾ ਹੈ ਤੇ ਉਹ ਨਿਸ਼ੰਗ ਪਰਦੇਸੀ ਮੁਲਕਾਂ ਦੇ ਸਾਹਿਲ ਉੱਤੇ ਉਤਰ ਕੇ ਉਨ੍ਹਾਂ ਦੀ ਬਾਰ ਵਿੱਚ, ਉਨ੍ਹਾਂ ਦੇ ਕਾਹਵਾਖਾਨਿਆਂ ਵਿੱਚ ਤੇ ਉਨ੍ਹਾਂ ਦੀਆਂ ਲਾਇਬ੍ਰੇਰੀਆਂ ਵਿੱਚ ਜਾ ਕੇ ਬੈਠ ਸਕਦੇ ਹਨ।
ਨੈਗੇਟਿਵ ਤੇ ਪਾਜ਼ੇਟਿਵ ਤਾਰਾਂ ਵਾਂਗ ਖੁਸ਼ਵੰਤ ਦੀ ਕਲਮ ਦੀ ਇੱਕ ਤਾਰ ਬੜੇ ਉੱਨਤ ਤੇ ਖੁਸ਼ਹਾਲ ਪਾਠਕਾਂ ਨਾਲ ਜੁੜੀ ਹੋਈ ਹੈ ਤੇ ਇੱਕ ਤਾਰ ਗ਼ਰੀਬੀ ਨਾਲ ਪੱਛੜੇ ਹੋਏ ਕਿਰਦਾਰਾਂ ਨਾਲ। ਤੇ ਇਹ ਦੋਵੇਂ ਤਾਰਾਂ ਜੁੜ ਕੇ ਉਸ ਦੀ ਚਾਨਣੀ ਕਿਰਤ ਬਣਦੀਆਂ ਹਨ। ਚਾਨਣੀ ਤੋਂ ਮੇਰੀ ਮੁਰਾਦ ਚੰਗੀ ਕਿਰਤ ਤੋਂ ਵੀ ਹੈ ਤੇ ਦੇਸ਼ਾਂ-ਬਦੇਸ਼ਾਂ ਵਿੱਚ ਜਾ ਸਕਣ ਵਾਲੀ ਉਸ ਦੀ ਪਹੁੰਚ ਤੋਂ ਵੀ।
ਨੈਗੇਟਿਵ ਤੇ ਪਾਜ਼ੇਟਿਵ ਤਾਰਾਂ ਦਾ ਸਿਲਸਿਲਾ ਖੁਸ਼ਵੰਤ ਦੇ ਕਲਮੀ ਕਿਰਦਾਰਾਂ ਤੇ ਉਸ ਦੀ ਪਹੁੰਚ ਦੇ ਵਸੀਲਿਆਂ ਤੱਕ ਹੀ ਸੀਮਿਤ ਨਹੀਂ, ਇਹ ਸਿਲਸਿਲਾ ਉਸ ਦੇ ਦਿਲ ਦੀਆਂ ਬੜੀਆਂ ਨਾਜ਼ੁਕ ਥਾਵਾਂ ਤੱਕ ਵੀ ਉਤਰਦਾ ਜਾਪਦਾ ਹੈ।
ਇੱਕ ਦਿਨ ਖੁਸ਼ਵੰਤ ਨੇ ਮੇਰੀ ਨਜ਼ਮ ਪੜ੍ਹੀ। ਏਸ ਨਜ਼ਮ ਵਿੱਚ ਮੁਹੱਬਤ ਦੇ ਚੌਦਾਂ ਵਰ੍ਹਿਆਂ ਦਾ ਜ਼ਿਕਰ ਸੀ, ਰਾਮ ਬਨਬਾਸ ਜਿੰਨੇ ਚੌਦਾਂ ਵਰ੍ਹਿਆਂ ਦਾ। ਖੁਸ਼ਵੰਤ ਦੇ ਅਡੋਲ ਮੂੰਹ ਉੱਤੇ ਮੈਂ ਉਸ ਦਿਨ ਰੰਗਾਂ ਦੀਆਂ ਡੂੰਘੀਆਂ ਲੀਕਾਂ ਵੇਖੀਆਂ- ਇੱਕ ਲੀਕ ਉਹ ਸੀ ਜਿਸ ਨੇ ਹੱਸ ਕੇ ਆਖਿਆ, ‘‘ਮੈਂ ਨਜ਼ਮ ਦਾ ਬੜਾ ਚੰਗਾ ਅੰਗਰੇਜ਼ੀ ਤਰਜਮਾ ਕਰ ਸਕਦਾ ਹਾਂ।’’ ਤੇ ਦੂਸਰੀ ਲੀਕ ਉਹ ਸੀ ਜਿਸ ਨੇ ਹੌਲੀ ਜਿਹੀ ਅੱਗੋਂ ਆਖਿਆ, ‘‘ਮੈਨੂੰ ਮੁਹੱਬਤ ਦੀ ਤੇ ਵਰ੍ਹਿਆਂ ਦੀ ਗੱਲ ਬਿਲਕੁਲ ਸਮਝ ਨਹੀਂ ਆਉਂਦੀ। ਮੈਂ ਕਦੇ ਆਪਣੀਆਂ ਅੱਖਾਂ ਵਿੱਚ ਉਹ ਰਾਤ ਨਹੀਂ ਵੇਖੀ, ਜਿਹੜੀ ਕਿਸੇ ਦੇ ਖ਼ਿਆਲਾਂ ਵਿੱਚ ਜਾਗਦੀ ਹੋਵੇ ਤੇ ਜਿਸ ਦੀ ਛਾਤੀ ਵਿੱਚ ਰਹਿ-ਰਹਿ ਕੇ ਕੋਈ ਚੀਸ ਪੈਂਦੀ ਹੋਵੇ।’’ ਪ੍ਰਾਪਤੀਆਂ ਦਾ ਰੱਜ ਖੁਸ਼ਵੰਤ ਨੂੰ ਪਤਾ ਹੈ ਪਰ ਏਸ ਰੱਜ ਵਿੱਚ ਕਿਤੇ ਕੋਈ ਇੱਕ ਖਲਾਅ ਹੈ ਕਿ ਕਦੇ ਉਸ ਨੇ ਕਿਸੇ ਚੀਜ਼ ਲਈ ਸਹਿਕ ਕੇ ਕਿਉਂ ਨਹੀਂ ਵੇਖਿਆ। ਸਹਿਕ ਦਾ ਦਰਦ ਇੱਕ ਉਹ ਦਰਦ ਹੁੰਦਾ ਹੈ ਜਿਹੜਾ ਕਿਸੇ ਲੈਲਾ ਦੇ ਸਉਲੇ ਰੰਗ ਵਿੱਚ ਖ਼ੁਦਾਈ ਰੰਗ ਭਰਦਾ ਹੈ। ਇਸ ਲਈ ਹਰ ਚੀਜ਼ ਦੀ ਪ੍ਰਾਪਤੀ ਵਿੱਚ ਖੁਸ਼ਵੰਤ ਨੂੰ ਦਰਦ ਦੀ ਅਪ੍ਰਾਪਤੀ ਦੁਖਾ ਜਾਂਦੀ ਹੈ, ਵਸਤੂ ਉਹਦੇ ਲਈ ਅਪਹੁੰਚ ਨਹੀਂ ਰਹਿੰਦੀ, ਇਸ ਲਈ ਹਰ ਹੋਂਦ ਉਸ ਦੀ ਤਾਂਘ ਦੀ, ਉਸ ਦੇ ਬਿਰਹਾ ਦੀ ਤੇ ਉਸ ਦੇ ਜਨੂੰਨ ਦੀ ਅਣਹੋਂਦ ਹੁੰਦੀ ਹੈ ਤੇ ਇਸੇ ਅਣਹੋਂਦ ਦਾ ਤੇ ਇਸੇ ਅਪ੍ਰਾਪਤੀ ਦਾ ਦਰਦ ਖੁਸ਼ਵੰਤ ਨੂੰ ਕਈ ਵਾਰ ਬੜਾ ਪਰੇਸ਼ਾਨ ਕਰਦਾ ਹੈ ਤੇ ਸ਼ਾਇਦ ਇਹੋ ਕਾਰਨ ਹੈ ਕਿ ਪ੍ਰਾਪਤੀਆਂ ਦੀ ਭੀੜ ਵਿੱਚ ਵੀ ਉਹ ਕਈ ਵਾਰ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰਦਾ ਹੈ। ਅਤੇ ਸ਼ਾਇਦ ਇਹੋ ਕਾਰਨ ਹੈ ਕਿ ਕਿਸੇ ਵੱਡੇ ਤੋਂ ਵੱਡੇ ਅਹੁਦੇ ਦੀ ਤੇ ਕਿਸੇ ਵੱਡੇ ਤੋਂ ਵੱਡੇ ਨਾਮਣੇ ਦੀ ਖ਼ੁਸ਼ੀ ਉਸ ਨੂੰ ਨਹੀਂ ਛੋਂਹਦੀ, ਪਰ ਆਪਣੇ ਬੂਟ ਉੱਤੇ ਸਿਰ ਰੱਖ ਕੇ ਸੁੱਤੇ ਪਏ ਕੁੱਤੇ ਦਾ ਪਿਆਰ ਉਹਨੂੰ ਹਲੂਣ ਜਾਂਦਾ ਹੈ।
‘‘ਮੇਰੇ ਸਿੰਬੇ ਨੂੰ ਪਤਾ ਨਹੀਂ ਮੇਰੇ ਨਾਲ ਕੀ ਏ: ਇੱਕ ਵਾਰ ਮੈਂ ਤੇ ਮੇਰੀ ਬੀਵੀ ਬੜੇ ਚਿਰ ਲਈ ਪੈਰਿਸ ਚਲੇ ਗਏ। ਜਾਂਦੀ ਵਾਰ ਅਸੀਂ ਆਪਣੇ ਕੁੱਤੇ ਨੂੰ ਆਪਣੇ ਇੱਕ ਦੋਸਤ ਕੋਲ ਛੱਡ ਗਏ। ਮੇਰੀ ਬੀਵੀ ਮੇਰੇ ਨਾਲੋਂ ਦੋ ਮਹੀਨੇ ਪਹਿਲਾਂ ਵਾਪਸ ਮੁੜ ਆਈ। ਉਹਨੇ ਕੁੱਤੇ ਨੂੰ ਵਾਪਸ ਲਿਆਉਣਾ ਚਾਹਿਆ, ਪਰ ਕੁੱਤੇ ਨੇ ਜ਼ਿੱਦ ਬੰਨ੍ਹ ਲਈ ਵਾਪਸ ਨਾ ਆਇਆ। ਮੇਰੀ ਬੀਵੀ ਨੇ ਸੋਚਿਆ ਕਿ ਸਾਡੇ ਦੋਸਤ ਦਾ ਘਰ ਬਹੁਤ ਵੱਡਾ ਸੀ, ਉਸ ਦਾ ਬਗੀਚਾ ਬਹੁਤ ਵੱਡਾ ਸੀ, ਇਸ ਲਈ ਕੁੱਤਾ ਉੱਥੇ ਖ਼ੁਸ਼ ਸੀ, ਉਹ ਵਾਪਸ ਨਹੀਂ ਆਉਣਾ ਚਾਹੁੰਦਾ। ਦੋ ਮਹੀਨੇ ਬੀਤ ਗਏ। ਜਿਸ ਰਾਤ ਮੈਂ ਵਾਪਸ ਆਉਣਾ ਸੀ ਉਸੇ ਰਾਤ ਇੱਕ ਅਜੀਬ ਘਟਨਾ ਹੋਈ। ਘਰ ਦਾ ਬੂਹਾ ਖੜਕਿਆ, ਮੇਰੀ ਬੀਵੀ ਨੇ ਬੂਹਾ ਖੋਲ੍ਹਿਆ ਤਾਂ ਸਿੰਬਾ ਬੂਹੇ ਅੱਗੇ ਖਲੋਤਾ ਹੋਇਆ ਸੀ। ਉਹ ਸਾਡੇ ਦੋਸਤ ਦੇ ਘਰੋਂ ਚੋਰੀ ਨੱਸ ਆਇਆ ਸੀ। ਉਸ ਨੇ ਪਤਾ ਨਹੀਂ ਕਿਹੜੀ ਸ਼ਕਤੀ ਨਾਲ ਮੇਰੇ ਆਉਣ ਦੀ ਖ਼ਬਰ ਸੁੰਘ ਲਈ ਸੀ...।’’ ਖੁਸ਼ਵੰਤ ਕਈ ਵਾਰ ਇਹ ਗੱਲ ਏਨੇ ਪੰਘਰੇ ਹੋਏ ਮਨ ਨਾਲ ਸੁਣਾਉਂਦਾ, ਜਿੰਨੇ ਪੰਘਰੇ ਹੋਏ ਮਨ ਨਾਲ ਕੋਈ ਕਿਸੇ ਬੜੀ ਪਿਆਰੀ ਗ਼ਜ਼ਲ ਦਾ ਇੱਕ ਮਿਸਰਾ ਸੁਣਾਏ।
ਜਿਹੜੀ ਲਗਨ ਨੂੰ ਇਸ਼ਕ ਆਖਿਆ ਜਾ ਸਕਦਾ ਹੈ ਖੁਸ਼ਵੰਤ ਨੇ ਉਹ ਇਸ਼ਕ ਆਪਣੀ ਕਲਮ ਨਾਲ ਕੀਤਾ ਹੈ। ਉਸ ਦੀ ਮਿਹਨਤ ਦਾ ਫ਼ਲ ‘ਸਿੱਖ ਤਵਾਰੀਖ਼’ ਅਮਰੀਕਾ ਵਿੱਚ ਛਪ ਰਹੀ ਹੈ। ‘ਸਿੱਖ ਤਵਾਰੀਖ਼’ ਦਾ ਪਹਿਲਾ ਹਿੱਸਾ ਜਿਸ ਦਿਨ ਛਪ ਕੇ ਆਇਆ, ਉਸ ਦਿਨ ਸਬੱਬ ਨਾਲ ਮੈਂ ਖੁਸ਼ਵੰਤ ਦੇ ਕੋਲ ਬੈਠੀ ਹੋਈ ਸਾਂ। ਖੁਸ਼ਵੰਤ ਨੇ ਕਿਤਾਬ ਹੱਥ ਵਿੱਚ ਫੜੀ। ਉਸ ਦਾ ਮੂੰਹ ਸਰੂਰਿਆ ਗਿਆ। ਇੱਕ ਰੱਜ ਉਸ ਦੇ ਲੂੰਆਂ ਵਿੱਚ ਲਹਿਰਾ ਗਿਆ, ਇੱਕ ਭਰਵੀਂ ਮੁਸਕਰਾਹਟ ਉਸ ਦੇ ਹੋਠਾਂ ਉੱਤੇ ਆਈ ਤੇ ਉਸ ਦਾ ਮੂੰਹ ਚਮਕ ਪਿਆ। ‘‘ਇਹ ਮੇਰੀ ਉਮਰ ਦੀ ਕਮਾਈ ਹੈ, ਹੁਣ... ਮੈਂ ਬੜਾ ਸੰਤੁਸ਼ਟ ਇਸ ਦੁਨੀਆ ਤੋਂ ਵਿਦਾ ਹੋ ਸਕਦਾ ਹਾਂ’’ - ਮੈਨੂੰ ਟਾਲਸਟਾਏ ਦੀ ਆਖੀ ਹੋਈ ਇੱਕ ਗੱਲ ਬੜੀ ਯਾਦ ਆਈ ਕਿ ਮਨੁੱਖ ਦੀ ਖ਼ੂਬਸੂਰਤੀ ਨੂੰ ਹੋਰ ਕਿਸੇ ਚੀਜ਼ ਤੋਂ ਨਹੀਂ ਪਰਖਿਆ ਜਾ ਸਕਦਾ, ਸਿਰਫ਼ ਉਸ ਦੀ ਮੁਸਕਰਾਹਟ ਤੋਂ ਪਰਖਿਆ ਜਾ ਸਕਦਾ ਹੈ। ਜੇ ਕਿਸੇ ਇਨਸਾਨ ਦੀ ਮੁਸਕਰਾਹਟ ਉਸ ਦੀ ਸ਼ਕਲ ਨੂੰ ਵਿਗਾੜ ਦੇਂਦੀ ਹੈ ਤਾਂ ਉਹ ਸੱਚਮੁੱਚ ਇੱਕ ਬਦਸ਼ਕਲ ਇਨਸਾਨ ਹੈ। ਜੇ ਕਿਸੇ ਇਨਸਾਨ ਦੀ ਮੁਸਕਰਾਹਟ ਉਸ ਦੀ ਸ਼ਕਲ ਵਿੱਚ ਕੋਈ ਫ਼ਰਕ ਨਹੀਂ ਪਾਉਂਦੀ ਤਾਂ ਉਹ ਇੱਕ ਸਾਧਾਰਨ ਸ਼ਕਲ ਇਨਸਾਨ ਹੈ ਤੇ ਜੇ ਕਿਸੇ ਇਨਸਾਨ ਦੀ ਮੁਸਕਰਾਹਟ ਉਸ ਦੇ ਮੂੰਹ ’ਤੇ ਚਮਕ ਭਰ ਦਿੰਦੀ ਹੈ ਤਾਂ ਉਹ ਸੱਚਮੁੱਚ ਇੱਕ ਖ਼ੂਬਸੂਰਤ ਇਨਸਾਨ ਹੈ। ਟਾਲਸਟਾਏ ਦੀ ਆਖੀ ਹੋਈ ਗੱਲ ਵਿੱਚ ਸਿਰਫ਼ ਇੱਕ ਚੀਜ਼ ਦਾ ਵਾਧਾ ਕਰਨਾ ਚਾਹੁੰਦੀ ਹਾਂ ਕਿ ਮਨੁੱਖ ਦੀ ਖ਼ੂਬਸੂਰਤੀ ਨੂੰ ਪਰਖਣ ਲਈ ਜਿਹੜੀ ਮੁਸਕਰਾਹਟ ਦੀ ਲੋੜ ਹੁੰਦੀ ਹੈ, ਉਹ ਮੁਸਕਰਾਹਟ ਸਿਰਫ਼ ਕਿਰਤ ਦੇ ਰੱਜ ਵਿੱਚੋਂ ਪੈਦਾ ਹੁੰਦੀ ਹੈ। ਇਹ ਮੁਸਕਰਾਹਟ ਮੈਂ ਉਸ ਦਿਨ ਖੁਸ਼ਵੰਤ ਦੇ ਮੂੰਹ ਉੱਤੇ ਵੇਖੀ ਸੀ।

Advertisement

Advertisement