ਨਕਸਲੀ ਹਮਲੇ ’ਚ ਐੱਸਟੀਐੱਫ ਦੇ ਦੋ ਜਵਾਨ ਸ਼ਹੀਦ, ਚਾਰ ਜ਼ਖ਼ਮੀ
ਬੀਜਾਪੁਰ/ਰਾਏਪੁਰ, 18 ਜੁਲਾਈ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਬਾਰੂਦੀ ਸੁਰੰਗ (ਆਈਈਡੀ) ਨਾਲ ਕੀਤੇ ਧਮਾਕੇ ’ਚ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਹੋ ਜ਼ਖ਼ਮੀ ਹੋਏ ਹਨ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਤਾਰਰੇਮ ਇਲਾਕੇ ’ਚ ਵਾਪਰੀ ਜਦੋਂ ਸੁੁਰੱਖਿਆ ਬਲਾਂ ਦਾ ਸਾਂਝਾ ਦਸਤਾ ਬੀਜਾਪੁਰ-ਸੁਕਮਾ-ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ ਜੰਗਲਾਂ ’ਚ ਨਕਸਲ ਵਿਰੋਧੀ ਅਪਰੇਸ਼ਨ ਤੋਂ ਪਰਤ ਰਿਹਾ ਸੀ। ਨਕਸਲੀਆਂ ਦੀ ਮੌਜੂਦਗੀ ਦੀ ਸੂਹ ਮਿਲਣ ’ਤੇ ਉਕਤ ਜ਼ਿਲ੍ਹਿਆਂ ’ਚ ਐੱਸਟੀਐੱਫ, ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਸੀਆਰਪੀਐੱਫ ਦੀ ਕੋਬਰਾ ਬਟਾਲੀਅਨ ਦੇ ਸਾਂਝੇ ਦਸਤੇ ਨੇ ਤਲਾਸ਼ੀ ਮੁਹਿੰਮ ਵਿੱਢੀ ਹੋਈ ਸੀ। ਇਸੇ ਦੌਰਾਨ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਦਾਂਤੇਵਾੜਾ ਜ਼ਿਲ੍ਹੇ ’ਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਪੁਰਾਨਗੇਲ ਅਤੇ ਇਰਾਲਗੂਦੇਮ ਪਿੰਡਾਂ ਵਿਚਾਲੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਇੱਕ ਮਹਿਲਾ ਨਕਸਲੀ ਮਾਰੀ ਗਈ। -ਪੀਟੀਆਈ
ਨਕਸਲਵਾਦ ਤਿੰਨ ਸਾਲਾਂ ’ਚ ਖਤਮ ਹੋਣ ਦੀ ਉਮੀਦ: ਮੁੱਖ ਮੰਤਰੀ
ਨਵੀਂ ਦਿੱਲੀ: ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਓ ਸਾਈ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਛੇ ਮਹੀਨਿਆਂ ਤੋਂ ਨਕਸਲਵਾਦ ਖ਼ਿਲਾਫ਼ ‘ਪੂਰੀ ਤਾਕਤ’ ਨਾਲ ਲੜ ਰਹੀ ਹੈ ਅਤੇ ਉਮੀਦ ਹੈ ਕਿ ਖੱਬੇਪੱਖੀ ਅਤਿਵਾਦ ਦਾ ਮੁੱਦਾ ਤਿੰਨ ਸਾਲਾਂ ’ਚ ਹੱਲ ਹੋ ਜਾਵੇਗਾ। ਉਨ੍ਹਾਂ ਨੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਨਕਸਲਵਾਦ ਦੇ ਖਾਤਮੇ ਤੱਕ ਸਾਡੀ ਲੜਾਈ ਜਾਰੀ ਰਹੇਗੀ। ਮੁੱਖ ਮੰਤਰੀ ਨੇ ਆਖਿਆ, ‘‘ਛੇ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਕਸਲਵਾਦ ਨੂੰ ਤਿੰਨ ਸਾਲਾਂ ’ਚ ਖਤਮ ਕਰਨ ਦਾ ਅਹਿਦ ਕੀਤਾ ਸੀ। ਮੈਨੂੰ ਯਕੀਨ ਹੈ ਕਿ ਅਸੀਂ ਤਿੰਨ ਸਾਲਾਂ ’ਚ ਅਜਿਹਾ ਕਰ ਲਵਾਂਗੇ।’’ -ਪੀਟੀਆਈ