ਡੇਢ ਕਿੱਲੋ ਹੈਰੋਇਨ ਸਣੇ ਦੋ ਤਸਕਰ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਅਕਤੂਬਰ
ਮੁਹਾਲੀ ਪੁਲੀਸ ਨੇ ਕੌਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ 500-500 ਗਰਾਮ ਹੈਰੋਇਨ ਦੀਆਂ ਜੈਕੇਟਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗਰੋਹ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਕਰਨ ਲਈ ਵਿਸ਼ੇਸ਼ ਜੈਕੇਟਾਂ ਦੀ ਵਰਤੋਂ ਕਰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਭਾਨਾ ਦੇ ਵਸਨੀਕ ਸੁਖਦੀਪ ਸਿੰਘ ਉਰਫ਼ ਰਾਜਾ ਅਤੇ ਰੋਹਤਕ ਦੇ ਕ੍ਰਿਸ਼ਨ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਨੇ ਹਰਿਆਣਾ ਨੰਬਰ ਦੀ ਕਾਰ ਵੀ ਜ਼ਬਤ ਕੀਤੀ ਹੈ, ਜਿਸ ਨੂੰ ਉਹ ਟੈਕਸੀ ਵਜੋਂ ਵਰਤਦੇ ਸਨ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਦਿੱਲੀ ਸਥਿਤ ਅਫ਼ਗ਼ਾਨ ਨਾਗਰਿਕ ਤੋਂ ਖਰੀਦੀ ਗਈ ਸੀ। ਪੁਲੀਸ ਅਨੁਸਾਰ ਮੁੱਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੋਟਕਪੂਰਾ ਦੇ ਨਸ਼ਾ ਤਸਕਰ ਲਖਵਿੰਦਰ ਸਿੰਘ ਨਾਲ ਮਿਲ ਕੇ ਚਿੱਟੇ ਦੀਆਂ ਚਾਰ ਖੇਪਾਂ ਦੀ ਤਸਕਰੀ ਕੀਤੀ ਸੀ ਅਤੇ ਹਾਲ ਹੀ ਵਿੱਚ ਸਤੰਬਰ ਦੇ ਅੱਧ ਵਿੱਚ 10 ਕਿੱਲੋ ਹੈਰੋਇਨ ਖਰੀਦੀ ਸੀ, ਜੋ ਮੋਗਾ ਵਿੱਚ ਸਪਲਾਈ ਕੀਤੀ ਗਈ ਸੀ। ਐੱਨਡੀਪੀਐੱਸ ਐਕਟ ਦੇ ਘੱਟੋ-ਘੱਟ 10 ਕੇਸਾਂ ਦਾ ਸਾਹਮਣਾ ਕਰ ਰਿਹਾ ਮੁਲਜ਼ਮ ਲਖਵਿੰਦਰ ਸਿੰਘ ਇਸ ਮਾਡਿਊਲ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ ਜੋ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ।