ਛੇ ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ
ਹਤਿੰਦਰ ਮਹਤਿਾ
ਜਲੰਧਰ, 31 ਅਕਤੂਬਰ
ਐਂਟੀ-ਨਾਰਕੋਟਿਕ ਸੈੱਲ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਐਂਟੀ-ਨਾਰਕੋਟਿਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਲੰਮਾ ਪਿੰਡ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਕਿ ਐਕਟਿਵਾ ਨੰਬਰ ਪੀਬੀ 08 ਐੱਫ ਐੱਫ 8711 ’ਤੇ ਆਉਂਦੇ ਹੋਏ ਦੋ ਨੌਜਵਾਨ ਪੁਲੀਸ ਨਾਕਾ ਦੇਖਕੇ ਇੱਕਦਮ ਰੁਕ ਗਏ ਤੇ ਐਕਟਿਵਾ ਵਾਪਸ ਮੋੜਨ ਲੱਗੇ। ਇਸ ਦੌਰਾਨ ਉਨ੍ਹਾਂ ਦੀ ਐਕਟਿਵਾ ਸਲਿੱਪ ਕਰ ਗਿਆ ਤੇ ਦੋਵੇਂ ਹੇਠਾਂ ਡਿੱਗ ਪਏ। ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦ ਪਿੱਛੇ ਮੁੜਨ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਜਦੋਂ ਪੁਲੀਸ ਪਾਰਟੀ ਨੇ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਜਸਪ੍ਰੀਤ ਸਿੰਘ ਉਰਫ ਸਾਹਿਲ ਅਤੇ ਪੰਕਜ ਦੋਵੇਂ ਵਾਸੀ ਥਰੀ ਸਟਾਰ ਕਾਲੋਨੀ ਜਲੰਧਰ ਦੱਸਿਆ। ਐਕਟਿਵਾ ਦੀ ਤਲਾਸ਼ੀ ਲੈਣ ’ਤੇ ਇਸ ਦੀ ਡਿੱਗੀ ਵਿੱਚੋਂ ਪੁਲੀਸ ਨੂੰ ਇੱਕ ਕਿਲੋ 200 ਗ੍ਰਾਮ ਹੈਰੋਇਨ ਮਿਲੀ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਛੇ ਕਰੋੜ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਅੱਠ ਵਿੱਚ ਐਨਡੀਪੀਐਸ ਤਹਤਿ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲੀਸ ਰਿਮਾਂਡ ਲਿਆ ਜਾਵੇਗਾ। ਮੁੱਢਲੀ ਪੁੱਛਗਿੱਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਇੱਕ ਫਾਇਨਾਂਸ ਕੰਪਨੀ ’ਚ ਨੌਕਰੀ ਕਰਦਾ ਹੈ ਅਤੇ ਮਾੜੀ ਸੰਗਤ ਵਿੱਚ ਪੈ ਜਾਣ ਕਾਰਨ ਉਹ ਹੈਰੋਇਨ ਤਸਕਰੀ ਦਾ ਧੰਦਾ ਕਰਨ ਲੱਗ ਪਿਆ। ਫੜਿਆ ਗਿਆ ਦੂਜਾ ਨੌਜਵਾਨ ਪੰਕਜ ਬੀਮਾ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਦੋਵੇਂ ਜਣੇ ਮਿਲ ਕੇ ਅੰਮ੍ਰਤਿਸਰ ’ਚ ਰਹਿਣ ਵਾਲੇ ਆਪਣੇ ਇੱਕ ਜਾਣਕਾਰ ਤਸਕਰ ਕੋਲੋਂ ਨਸ਼ਾ ਲਿਆ ਕੇ ਆਪਣੇ ਪੱਕੇ ਗਾਹਕਾਂ ਨੂੰ ਵੇਚਦੇ ਸਨ।