ਬਠਿੰਡਾ ’ਚ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 23 ਅਪਰੈਲ
ਇਥੇ ਜਨਤਾ ਨਗਰ ਸਾਹਮਣੇ ਉੜੀਆ ਕਲੋਨੀ ਵਿੱਚ ਝੁੱਗੀਆਂ ’ਚ ਅੱਗ ਲੱਗਣ ਕਾਰਨ ਦੋ ਬੱਚੀਆਂ ਦੀ ਸੜ ਕੇ ਮੌਤ ਹੋ ਗਈ। ਘਟਨਾ ਸਵੱਖਤੇ ਕਰੀਬ 5 ਵਜੇ ਦੀ ਹੈ। ਇਕ ਝੁੱਗੀ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਕਿ ਤੇਜ਼ ਹਵਾ ਚੱਲਣ ਕਾਰਨ ਝੁੱਗੀ ਨੂੰ ਅੱਗ ਲੱਗ ਗਈ। ਅੱਗ ਨੇ ਕਰੀਬ ਡੇਢ ਦਰਜਨ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਦੋ ਬੱਚੀਆਂ ਝੁੱਗੀਆਂ ਕੋਲ ਬਣੇ ਕਮਰੇ ’ਚ ਜਾ ਕੇ ਲੁਕ ਗਈਆਂ।
ਅੱਗ ਸਬੰਧਤ ਕਮਰੇ ਤੱਕ ਪਹੁੰਚਣ ਮਗਰੋਂ ਕਮਰੇ ਵਿੱਚ ਪਏ ਗੈਸ ਸਿਲੰਡਰ ਨੂੰ ਲੱਗ ਗਈ। ਇਸ ਨਾਲ ਧਮਾਕਾ ਹੋਇਆ। ਧਮਾਕੇ ਮਗਰੋਂ ਬੱਚੀਆਂ ਦੇ ਪਿਤਾ ਨੇ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਬੱਚੀਆਂ ਅੱਗ ਨਾਲ ਝੁਲਸ ਕੇ ਤੜਪ ਰਹੀਆਂ ਸਨ। ਦੋਵਾਂ ਨੂੰ ਫੌਰੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੀਆਂ ਦੀ ਪਛਾਣ ਸੰਜਣੀ ਕੁਮਾਰੀ (6) ਅਤੇ ਸੀਲੋਨੀ ਪ੍ਰਿਆ (9) ਵਜੋੋਂ ਹੋਈ, ਜੋ ਰਵਿੰਦਰ ਸਾਹਬ ਦੀਆਂ ਧੀਆਂ ਸਨ। ਇਸ ਦੌਰਾਨ ਕਰੀਬ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੌਰਾਨ ਕੁੱਲ 3 ਸਿਲੰਡਰ ਫਟੇ। ਅੱਗ ਬੁਝਾਉਣ ਲਈ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਪਹੁੰਚੀਆਂ ਪਰ ਝੁੱਗੀਆਂ ਤੱਕ ਜਾਣ ਲਈ ਗਲੀ ਦੇ ਦੁਆਰ ’ਤੇ ਬਣਿਆ ਪੁਲ ਛੋਟਾ ਹੋਣ ਕਰਕੇ ਗੱਡੀਆਂ ਅੱਗੇ ਨਾ ਜਾ ਸਕੀਆਂ। ਅਖੀਰ ਪਾਣੀ ਵਾਲੀਆਂ ਪਾਈਪਾਂ ਨੂੰ ਜੋੜ ਕੇ ਅੱਗ ਬੁਝਾਉਣ ਦੀ ਕਾਰਵਾਈ ਆਰੰਭੀ ਗਈ ਅਤੇ ਲਗਪਗ 3 ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਬੱਚੀਆਂ ਸਕੀਆਂ ਭੈਣਾਂ ਸਨ। ਘਟਨਾ ’ਚ ਦਰਜਨ ਦੇ ਕਰੀਬ ਝੁੱਗੀਆਂ ਅਤੇ ਉਨ੍ਹਾਂ ਵਿੱਚ ਪਏ ਘਰੇਲੂ ਸਾਮਾਨ ਤੋਂ ਇਲਾਵਾ ਕਈ ਦੋਪਹੀਆ ਵਾਹਨ ਸੜ ਕੇ ਬਿਲਕੁਲ ਰਾਖ਼ ਹੋ ਗਏ।
ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਪੀੜਤਾਂ ਨਾਲ ਦੁੱਖ ਵੰਡਾਇਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।