ਫਨ ਸਿਟੀ ਵਿੱਚ ਦੋ ਧਿਰਾਂ ਭਿੜੀਆਂ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 12 ਜੂਨ
ਪੰਚਕੂਲਾ ਦੇ ਰਾਮਗੜ੍ਹ ਨੇੜੇ ਡੇਰਾਬੱਸੀ ਖੇਤਰ ਵਿੱਚ ਸਥਿਤ ਮਨੋਰੰਜਨ ਪਾਰਕ ‘ਫਨ ਸਿਟੀ’ ਵਿੱਚ ਪਾਣੀ ਵਾਲੀ ਸਲਾਈਡ ਤੇ ਝੂਟੇ ਲੈਣ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਝਗੜੇ ਵਿੱਚ ਦੋਹਾਂ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਮੁਬਾਰਕਪੂਰ ਪੁਲੀਸ ਚੌਕੀ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਗਰਮੀਆਂ ਦੇ ਦਿਨਾਂ ਵਿੱਚ ਮਨੋਰੰਜਨ ਪਾਰਕ ‘ਫਨ ਸਿਟੀ’ ਵਿੱਚ ਦੂਰ-ਦੂਰ ਤੋਂ ਲੋਕ ਘੁੰਮਣ ਅਤੇ ਪਾਣੀ ਵਿੱਚ ਖੇਡਣ ਲਈ ਆਉਂਦੇ ਹਨ। ਇਸੇ ਤਰ੍ਹਾਂ ਅੱਜ ਲੁਧਿਆਣਾ ਅਤੇ ਕੈਥਲ ਤੋਂ ਵੀ ਦੋ ਗਰੁੱਪ ਇੱਥੇ ਆਏ ਹੋਏ ਸਨ। ਪਾਣੀ ਵਾਲੀ ਸਲਾਈਡ ਤੇ ਝੂਟੇ ਲੈਣ ਨੂੰ ਲੈ ਕੇ ਪਹਿਲਾਂ ਜਾਣ ਲਈ ਦੋ ਧਿਰਾਂ ਆਪਸ ਵਿੱਚ ਖਹਿਬੜ ਪਈਆਂ ਤੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਐਨਾ ਵਧ ਗਿਆ ਕਿ ਇਹ ਖੂਨੀ ਝੜਪ ਵਿੱਚ ਬਦਲ ਗਿਆ। ਇਸ ਝਗੜੇ ਵਿੱਚ ਕੈਥਲ ਵਾਸੀ ਭਵਨੀਤ ਅਤੇ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ।
ਦੋਹਾਂ ਧਿਰਾਂ ਨੇ ਇਕ-ਦੂਜੇ ‘ਤੇ ਪਹਿਲਾਂ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।